ਕੈਲੀਫੋਰਨੀਆ ਨੇ ਕੋਰੋਨਾ ਵਾਇਰਸ ਮੌਤਾਂ ਦੀ ਗਿਣਤੀ ''ਚ ਨਿਊਯਾਰਕ ਨੂੰ ਪਛਾੜਿਆ
Saturday, Feb 13, 2021 - 09:18 AM (IST)
ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੇ ਸੂਬੇ ਕੈਲੀਫੋਰਨੀਆ 'ਚ ਕੋਰੋਨਾ ਵਾਇਰਸ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਨੇ ਨਿਊਯਾਰਕ ਨੂੰ ਪਛਾੜ ਦਿੱਤਾ ਹੈ। ਜੋਨਜ਼ ਹੌਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਨੇ ਵੀਰਵਾਰ ਨੂੰ ਪੁਸ਼ਟੀ ਕਰਦਿਆਂ ਦੱਸਿਆ ਕਿ ਕੈਲੀਫੋਰਨੀਆ ਵਿਚ ਮਰਨ ਵਾਲਿਆਂ ਦੀ ਗਿਣਤੀ ਤਕਰੀਬਨ 45,496 ਤੇ ਪਹੁੰਚ ਗਈ ਹੈ, ਜੋ ਕਿ ਨਿਊਯਾਰਕ ਵਿਚ 45,312 ਹੋਈਆਂ ਮੌਤਾਂ ਦੀ ਗਿਣਤੀ ਨੂੰ ਪਾਰ ਕਰ ਗਈ ਹੈ।
ਸੂਬੇ ਦੇ ਸਿਹਤ ਵਿਭਾਗ ਅਨੁਸਾਰ ਕੈਲੀਫੋਰਨੀਆ ਵਿਚ ਕੋਰੋਨਾ ਵਾਇਰਸ ਦੇ ਪ੍ਰਸਾਰ ਵਿਚ ਸੁਧਾਰ ਆ ਰਿਹਾ ਹੈ। ਸਿਹਤ ਵਿਭਾਗ ਅਨੁਸਾਰ, ਸਭ ਤੋਂ ਤਾਜ਼ਾ ਸੱਤ ਦਿਨਾਂ ਦੀ ਟੈਸਟ ਪਾਜ਼ੀਟਿਵ ਦਰ ਘਟ ਕੇ 8 ਫ਼ੀਸਦੀ 'ਤੇ ਆ ਗਈ ਹੈ। ਇਸ ਸੰਬੰਧੀ ਨਵੇਂ ਪੁਸ਼ਟੀ ਹੋਏ ਪਾਜ਼ੀਟਿਵ ਮਾਮਲਿਆਂ ਦੀ ਰੋਜ਼ਾਨਾ ਗਿਣਤੀ ਤਕਰੀਬਨ 8,390 ਦਰਜ ਕੀਤੀ ਗਈ ਹੈ, ਜੋ ਕਿ ਦਸੰਬਰ ਵਿੱਚ 53,000 ਤੋਂ ਵੱਧ ਸੀ।
ਹਾਲਾਂਕਿ ਕੈਲੀਫੋਰਨੀਆ, ਇਸ ਵੇਲੇ ਕੋਰੋਨਾ ਟੀਕੇ ਦੀ ਘਾਟ ਨਾਲ ਜੂਝ ਰਿਹਾ ਹੈ, ਜਿਸ ਨਾਲ ਕਿ ਸੂਬੇ ਦੀ ਟੀਕਾਕਰਨ ਪ੍ਰਕਿਰਿਆ ਵਿਚ ਰੁਕਾਵਟ ਆ ਰਹੀ ਹੈ। ਸੂਬੇ ਦੀ ਕਾਉਂਟੀ ਲਾਸ ਏਂਜਲਸ 'ਚ ਕੋਰੋਨਾ ਟੀਕਿਆਂ ਦੀ ਸਪਲਾਈ ਵਿਚ ਘਾਟ ਕਾਰਨ ਇਸ ਦੇ ਟੀਕਾਕਰਨ ਕੇਂਦਰਾਂ ਨੂੰ ਬੰਦ ਕੀਤਾ ਜਾ ਰਿਹਾ ਹੈ, ਜਿਸ ਵਿਚ ਡੋਜ਼ਰ ਸਟੇਡੀਅਮ ਵੀ ਸ਼ਾਮਲ ਹੈ।
ਲਾਸ ਏਂਜਲਸ ਦੇ ਮੇਅਰ ਐਰਿਕ ਗਰਸੇਟੀ ਨੇ ਬੁੱਧਵਾਰ ਨੂੰ ਜਾਣਕਾਰੀ ਦਿੱਤੀ ਸੀ ਕਿ ਸ਼ਹਿਰ ਵੀਰਵਾਰ ਤੱਕ ਆਪਣੀ ਮੋਡਰਨਾ ਦੀ ਪਹਿਲੀ ਖੁਰਾਕ ਦੀ ਸਪਲਾਈ ਖ਼ਤਮ ਕਰ ਲਵੇਗਾ, ਜਿਸ ਕਰਕੇ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਡਰਾਈਵ-ਥਰੂ ਅਤੇ ਵਾਕ-ਅਪ ਟੀਕਾਕਰਨ ਦੀਆਂ ਥਾਵਾਂ ਨੂੰ ਬੰਦ ਕਰਨ ਲਈ ਮਜਬੂਰ ਹੋਣਾ ਪਵੇਗਾ, ਹਾਲਾਂਕਿ ਛੋਟੇ ਮੋਬਾਇਲ ਟੀਕਾਕਰਨ ਕਲੀਨਿਕ ਇਸ ਦੌਰਾਨ ਆਪਣਾ ਕੰਮ ਜਾਰੀ ਰੱਖਣਗੇ।