USA : ਕੈਲੀਫੋਰਨੀਆ ਸਣੇ 3 ਸੂਬਿਆਂ ਦੀ ਯਾਤਰਾ ਲਈ ਨਵਾਂ ਨਿਯਮ ਲਾਗੂ
Saturday, Nov 14, 2020 - 12:17 PM (IST)

ਵਾਸ਼ਿੰਗਟਨ- ਅਮਰੀਕਾ ਦੇ ਕੈਲੀਫੋਰਨੀਆ, ਓਰੇਗਨ ਅਤੇ ਵਾਸ਼ਿੰਗਟਨ ਤਿੰਨ ਸੂਬਿਆਂ ਵਿਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਆਮ ਨਾਗਰਿਕਾਂ ਲਈ ਯਾਤਰਾ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸੋਮ ਦੇ ਦਫ਼ਤਰ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।
ਨਵੇਂ ਨਿਯਮਾਂ ਮੁਤਾਬਕ ਕਿਸੇ ਵੀ ਵਿਅਕਤੀ ਨੂੰ ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ। ਦੇਸ਼ ਦੇ ਹੋਰ ਸੂਬਿਆਂ ਤੋਂ ਇਨ੍ਹਾਂ ਤਿੰਨ ਸੂਬਿਆਂ ਵਿਚ ਆਉਣ ਵਾਲੇ ਲੋਕਾਂ ਨੂੰ ਜ਼ਰੂਰੀ ਤੌਰ 'ਤੇ 14 ਦਿਨਾਂ ਤੱਕ ਇਕਾਂਤਵਾਸ ਵਿਚ ਰਹਿਣ ਦੀ ਸਲਾਹ ਦਿੱਤੀ ਗਈ ਹੈ। ਲੋਕਾਂ ਨੂੰ ਕਿਹਾ ਗਿਆ ਹੈ ਕਿ ਜੇਕਰ ਜ਼ਰੂਰੀ ਕੰਮ ਨਾ ਹੋਵੇ ਤਾਂ ਉਹ ਆਪਣੇ ਸੂਬਿਆਂ ਵਿਚ ਹੀ ਰਹਿਣ।
ਇਹ ਵੀ ਪੜ੍ਹੋ- ਨਤੀਜੇ ਸਪੱਸ਼ਟ ਹੋਣ 'ਤੇ ਟਰੰਪ ਬੋਲੇ, 'ਵਕਤ ਦੱਸੇਗਾ ਮੈਂ ਰਾਸ਼ਟਰਪਤੀ ਹਾਂ ਜਾਂ ਨਹੀਂ'
ਇਨ੍ਹਾਂ ਤਿੰਨ ਸੂਬਿਆਂ ਦੇ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਸਿਰਫ ਜ਼ਰੂਰੀ ਕੰਮ, ਪੜ੍ਹਾਈ ਅਤੇ ਸਿਹਤ ਸਬੰਧੀ ਜ਼ਰੂਰਤਾਂ ਲਈ ਹੀ ਆਪਣੇ ਘਰਾਂ ਤੋਂ ਬਾਹਰ ਨਿਕਲਣ। ਓਰੇਗਨ ਦੀ ਗਵਰਨਰ ਕੈਟ ਬ੍ਰਾਊਨ ਨੇ ਕਿਹਾ ਕਿ ਜੇਕਰ ਕੋਰੋਨਾ ਵਾਇਰਸ ਦੇ ਸੰਕਰਮਣ ਦੇ ਪ੍ਰਸਾਰ ਨੂੰ ਅਜੇ ਰੋਕਿਆ ਨਾ ਜਾ ਸਕਿਆ ਤਾਂ ਸਥਿਤੀ ਬੇਹੱਦ ਖ਼ਰਾਬ ਹੋ ਜਾਵੇਗੀ। ਇਨ੍ਹਾਂ ਸੂਬਿਆਂ ਦੇ ਹਸਪਤਾਲ ਕੋਰੋਨਾ ਮਰੀਜ਼ਾਂ ਨਾਲ ਭਰੇ ਹੋਏ ਹਨ। ਅਮਰੀਕਾ ਵਿਚ ਇਹ ਮਹਾਮਾਰੀ ਭਿਆਨਕ ਰੂਪ ਲੈ ਚੁੱਕੀ ਹੈ ਅਤੇ ਹੁਣ ਤੱਕ 1.07 ਕਰੋੜ ਤੋਂ ਵੱਧ ਲੋਕ ਇਸ ਦੇ ਸ਼ਿਕਾਰ ਹੋ ਚੁੱਕੇ ਹਨ। ਅਮਰੀਕਾ ਵਿਚ ਕੋਰੋਨਾ ਵਾਇਰਸ ਕਾਰਨ 2,44,217 ਲੋਕਾਂ ਦੀ ਮੌਤ ਹੋ ਚੁੱਕੀ ਹੈ।