ਕੈਲੀਫੋਰਨੀਆ : 2019 ਦੀ ਜੰਗਲੀ ਅੱਗ ਸਬੰਧੀ ਬਿਜਲੀ ਕੰਪਨੀ ਪੀ. ਜੀ. ਐਂਡ ਈ. ’ਤੇ ਲਾਏ ਦੋਸ਼

Thursday, Apr 08, 2021 - 12:46 PM (IST)

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਕੈਲੀਫੋਰਨੀਆ ’ਚ ਇੱਕ ਵਕੀਲ ਨੇ ਮੰਗਲਵਾਰ ਬਿਜਲੀ ਕੰਪਨੀ ਪੈਸੀਫਿਕ ਗੈਸ ਐਂਡ ਇਲੈਕਟ੍ਰਿਕ ਉੱਤੇ 2019 ’ਚ ਛੇ ਅੱਗ-ਬੁਝਾਊ ਕਾਮਿਆਂ ਨੂੰ ਜ਼ਖ਼ਮੀ ਕਰਨ ਅਤੇ ਅੱਗ ਦੇ ਧੂੰਏਂ ਅਤੇ ਸੁਆਹ ਨਾਲ ਜਨਤਕ ਸਿਹਤ ਨੂੰ ਖਤਰੇ ’ਚ ਪਾਉਣ ਦੇ ਦੋਸ਼ ਲਾਏ ਗਏ ਹਨ। ਦੇਸ਼ ਦੀ ਸਭ ਤੋਂ ਵੱਡੀ ਬਿਜਲੀ ਕੰਪਨੀ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਸ ਨੇ ਕੋਈ ਜੁਰਮ ਕੀਤਾ ਹੈ, ਹਾਲਾਂਕਿ ਕੰਪਨੀ ਨੇ ਸਵੀਕਾਰ ਕੀਤਾ ਕਿ ਇਸ ਦੀ ਬਿਜਲੀ ਲਾਈਨ ਨੇ ਅੱਗ ਭੜਕਾਈ ਸੀ। ਸੋਨੋਮਾ ਕਾਊਂਟੀ ਦੇ ਜ਼ਿਲ੍ਹਾ ਅਟਾਰਨੀ ਨੇ ਅਕਤੂਬਰ 2019 ’ਚ ਸਾਨ ਫ੍ਰਾਂਸਿਸਕੋ ਦੇ ਉੱਤਰ ’ਚ ਕਿਨਕੇਡ ਫਾਇਰ ਘਟਨਾ ਸਬੰਧੀ ਪੰਜ ਫਿਲੋਨੀ ਅਤੇ 28 ਬਦਸਲੂਕੀ ਵਾਲੇ ਚਾਰਜ ਲਾਏ ਹਨ, ਜਿਸ ’ਚ ਲਾਪਰਵਾਹੀ ਨਾਲ ਅੱਗ ਲੱਗਣ ਕਾਰਨ ਛੇ ਅੱਗ ਬੁਝਾਉਣ ਵਾਲੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਸਨ।ਅੱਗ-ਬੁਝਾਊ ਅਧਿਕਾਰੀਆਂ ਨੇ ਦੱਸਿਆ ਕਿ ਪੀ. ਜੀ. ਐਂਡ ਈ. ਦੀ ਟਰਾਂਸਮਿਸ਼ਨ ਲਾਈਨ ਨੇ ਅੱਗ ਭੜਕਾਈ ਸੀ, ਜਿਸ ਨਾਲ 374 ਇਮਾਰਤਾਂ ਤਬਾਹ ਹੋ ਗਈਆਂ ਸਨ ਅਤੇ ਲੱਗਭਗ 1,00,000 ਲੋਕਾਂ ਨੂੰ ਘਰ ਛੱਡਣੇ ਪਏ ਸਨ ਕਿਉਂਕਿ ਇਹ ਅੱਗ 120 ਵਰਗ ਮੀਲ ਦੀ ਦੂਰੀ ਤੱਕ ਫੈਲੀ ਸੀ।

ਸਰਕਾਰੀ ਵਕੀਲਾਂ ਨੇ ਕਿਹਾ ਕਿ ਇਹ ਕਾਊਂਟੀ ਦੇ ਇਤਿਹਾਸ ਦਾ ਸਭ ਤੋਂ ਵੱਡਾ ਨਿਕਾਸ ਸੀ, ਜਿਸ ’ਚ ਹੇਲਡਸਬਰਗ, ਵਿੰਡਸਰ ਅਤੇ ਗੇਜ਼ਰਵਿਲ ਦੇ ਸਾਰੇ ਕਸਬੇ ਵੀ ਸ਼ਾਮਿਲ ਸਨ। ਜ਼ਿਲ੍ਹਾ ਅਟਾਰਨੀ ਜਿਲ ਰਵੀਚ ਨੇ ਕਿਹਾ ਕਿ ਉਹ ਅਤੇ ਹੋਰ ਜਾਂਚਕਰਤਾ ਅੱਗ ਲੱਗਣ ਵਾਲੀ ਜਗ੍ਹਾ ’ਤੇ ਗਏ ਸਨ ਅਤੇ ਉਸ ਸਮੇਂ ਤੋਂ ਰਾਜ ਅਤੇ ਸੁਤੰਤਰ ਮਾਹਿਰਾਂ ਨਾਲ ਅੱਗ ਲੱਗਣ ਦੇ ਕਾਰਨ ਅਤੇ ਜ਼ਿੰਮੇਵਾਰੀ ਨਿਰਧਾਰਤ ਕਰਨ ਲਈ ਕੰਮ ਕਰ ਰਹੇ ਸਨ। ਰਵੀਚ ਅਨੁਸਾਰ ਕੈਲੀਫੋਰਨੀਆ ਦੇ ਜੰਗਲਾਤ ਅਤੇ ਅੱਗ ਸੁਰੱਖਿਆ ਵਿਭਾਗ ਨੇ ਜੁਲਾਈ ’ਚ ਉਸ ਦੇ ਦਫ਼ਤਰ ਨੂੰ ਦੱਸਿਆ ਕਿ ਅੱਗ ਉਸ ਵੇਲੇ ਲੱਗੀ, ਜਦੋਂ ਇੱਕ ਟ੍ਰਾਂਸਮਿਸ਼ਨ ਟਾਵਰ ਉੱਤੇ ਇੱਕ ਕੇਬਲ ਤੇਜ਼ ਹਵਾਵਾਂ ਨਾਲ ਟਕਰਾ ਗਈ।ਉਸ ਨੇ ਕਿਹਾ ਕਿ ਇਸ ਨਾਲ ਪਿਘਲੇ ਹੋਏ ਪਦਾਰਥ ਹੇਠਾਂ ਸੁੱਕੀ ਬਨਸਪਤੀ ’ਚ ਡਿੱਗੇ ਅਤੇ ਅੱਗ ਲੱਗੀ, ਜਿਸ ਨੂੰ ਕਾਬੂ ਕਰਨ ’ਚ 15 ਦਿਨ ਲੱਗ ਗਏ ਸਨ। ਇਸ ਤੋਂ ਇਲਾਵਾ ਦਫਤਰ ਦੀ ਆਪਣੀ ਜਾਂਚ ’ਚ ਦਰਜਨਾਂ ਗਵਾਹਾਂ ਨਾਲ ਇੰਟਰਵਿਊਜ਼, ਸਰਚ ਵਾਰੰਟ ਅਤੇ ਸੈਂਕੜੇ ਹਜ਼ਾਰਾਂ ਪੰਨਿਆਂ ਦੇ ਦਸਤਾਵੇਜ਼ਾਂ ਦੀ ਸਮੀਖਿਆ ਵੀ ਕੀਤੀ ਗਈ ਹੈ।


Anuradha

Content Editor

Related News