ਬੁਰਕੀਨਾ ਫਾਸੋ ਦੇ ਫੌਜੀ ਸ਼ਾਸਨ ਨੇ ਨਵੇਂ ਪ੍ਰਧਾਨ ਮੰਤਰੀ ਦੀ ਕੀਤੀ ਨਿਯੁਕਤੀ
Sunday, Dec 08, 2024 - 07:56 PM (IST)

ਔਗਾਡੌਊਗੌਊ (ਏਪੀ) : ਪੱਛਮੀ ਅਫ਼ਰੀਕੀ ਦੇਸ਼ ਬੁਰਕੀਨਾ ਫਾਸੋ ਦੀ ਸੱਤਾਧਾਰੀ ਫ਼ੌਜੀ ਸਰਕਾਰ ਨੇ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਹੈ। ਇੱਕ ਦਿਨ ਪਹਿਲਾਂ ਹੀ ਫੌਜੀ ਸਰਕਾਰ ਨੇ ਬਿਨਾਂ ਕੋਈ ਕਾਰਨ ਦੱਸੇ ਸਰਕਾਰ ਨੂੰ ਭੰਗ ਕਰ ਦਿੱਤਾ ਸੀ।
ਜੰਟਾ ਨੇਤਾ ਇਬਰਾਹਿਮ ਟਰੋਰੇ ਨੇ ਸ਼ਨੀਵਾਰ ਨੂੰ ਸਰਕਾਰੀ ਟੈਲੀਵਿਜ਼ਨ 'ਤੇ ਪੜ੍ਹੇ ਗਏ ਰਾਸ਼ਟਰਪਤੀ ਦੇ ਆਦੇਸ਼ ਵਿਚ ਕਿਹਾ ਕਿ ਸੰਚਾਰ ਮੰਤਰੀ ਅਤੇ ਸਰਕਾਰ ਦੇ ਬੁਲਾਰੇ ਰਿਮਤਲਬਾ ਜੀਨ-ਇਮੈਨੁਅਲ ਓਏਡ੍ਰਾਗੋ ਪੱਛਮੀ ਅਫਰੀਕੀ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ। ਟਰੋਰੇ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਅਪੋਲਿਨੇਅਰ ਜੋਆਚਿਮ ਕੇਲੇਮ ਡੀ ਟਾਂਬੇਲਾ ਨੂੰ ਬਰਖਾਸਤ ਕਰਨ ਅਤੇ ਰਾਸ਼ਟਰੀ ਸਰਕਾਰ ਨੂੰ ਭੰਗ ਕਰਨ ਦੀ ਘੋਸ਼ਣਾ ਕਰਦੇ ਹੋਏ ਇੱਕ ਫ਼ਰਮਾਨ ਜਾਰੀ ਕੀਤਾ। ਇਸ ਕਦਮ ਪਿੱਛੇ ਕੋਈ ਕਾਰਨ ਨਹੀਂ ਦੱਸਿਆ ਗਿਆ ਹੈ। ਬੁਰਕੀਨਾ ਫਾਸੋ ਵਿੱਚ ਜੰਟਾ ਨੇ ਸਤੰਬਰ 2022 ਵਿੱਚ ਲੈਫਟੀਨੈਂਟ ਕਰਨਲ ਪਾਲ ਹੈਨਰੀ ਸੈਂਡਾਗੋ ਡੈਮੀਬਾ ਦੀ ਫੌਜੀ ਸ਼ਾਸਨ ਨੂੰ ਬੇਦਖਲ ਕਰਦਿਆਂ ਸੱਤਾ 'ਤੇ ਕਬਜ਼ਾ ਕਰ ਲਿਆ। ਸੈਂਡੈਗੋ ਨੇ ਸੱਤਾ ਤੋਂ ਲਾਂਭੇ ਹੋਣ ਤੋਂ ਲਗਭਗ ਅੱਠ ਮਹੀਨੇ ਪਹਿਲਾਂ ਲੋਕਤੰਤਰੀ ਤੌਰ 'ਤੇ ਚੁਣੇ ਗਏ ਰਾਸ਼ਟਰਪਤੀ ਰੋਸ਼ੇ ਮਾਰਕ ਕਾਬੋਰ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ ਸੀ।