ਭ੍ਰਿਸ਼ਟਾਚਾਰ ''ਚ ਸ਼ਾਮਲ ਨੌਕਰਸ਼ਾਹ ਬਰਖ਼ਾਸਤ ਕੀਤੇ ਜਾਣਗੇ : ਇਮਰਾਨ ਖਾਨ
Saturday, Dec 05, 2020 - 09:04 PM (IST)
ਇਸਲਾਮਾਬਾਦ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਸਰਕਾਰ ਲੋਕ ਸੇਵਕਾਂ ਲਈ 'ਪੁਰਸਕਾਰ ਤੇ ਦੰਡ' ਦੀ ਇਕ ਨਵੀਂ ਵਿਵਸਥਾ ਲੈ ਕੇ ਆਏਗੀ, ਜਿਸ ਤਹਿਤ ਭ੍ਰਿਸ਼ਟ ਨੌਕਰਸ਼ਾਹਾਂ ਨੂੰ ਸਿਰਫ਼ ਬਦਲੀ ਕੀਤੇ ਜਾਣ ਦੀ ਜਗ੍ਹਾ ਬਰਖ਼ਾਸਤ ਕੀਤੀ ਜਾਵੇਗੀ।
'ਦਿ ਡਾਨ' ਦੀ ਖ਼ਬਰ ਮੁਤਾਬਕ, 'ਪਾਕਿਸਤਾਨ ਸਿਟੀਜ਼ਨ ਪੋਰਟਲ' ਦੇ ਦੋ ਸਾਲ ਪੂਰੇ ਹੋਣ ਦੇ ਮੌਕੇ 'ਤੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਰਿਹਾਇਸ਼ 'ਤੇ ਆਯੋਜਿਤ ਇਕ ਪ੍ਰੋਗਰਾਮ 'ਚ ਖਾਨ ਨੇ ਕਿਹਾ ਕਿ ਉਹ ਮੌਜੂਦਾ ਸਥਾਨਕ ਸਰਕਾਰਾਂ ਦੇ ਪ੍ਰਦਰਸ਼ਨ ਤੋਂ ਸੰਤੁਸ਼ਟ ਨਹੀਂ ਹਨ।
ਉਨ੍ਹਾਂ ਕਿਹਾ, ''ਸਰਕਾਰ ਲੋਕ ਸੇਵਕਾਂ ਲਈ 'ਪੁਰਸਕਾਰ ਅਤੇ ਦੰਡ' ਦੀ ਇਕ ਨਵੀਂ ਵਿਵਸਥਾ ਸ਼ੁਰੂ ਕਰ ਰਹੀ ਹੈ। ਇਸ ਨਵੀਂ ਵਿਵਸਥਾ ਤਹਿਤ ਭ੍ਰਿਸ਼ਟਾਚਾਰ ਅਤੇ ਗੜਬੜੀਆਂ 'ਚ ਸ਼ਾਮਲ ਪਾਏ ਗਏ ਅਧਿਕਾਰੀਆਂ ਨੂੰ ਦੂਜੇ ਜਗ੍ਹਾ ਬਦਲੀ ਕੀਤੇ ਜਾਣ ਦੀ ਜਗ੍ਹਾ ਬਰਖ਼ਾਸਤ ਕੀਤਾ ਜਾਵੇਗਾ।''
ਇਮਰਾਨ ਖਾਨ ਨੇ ਕਿਹਾ ਕਿ ਇਕ ਵੱਖਰੀ ਨਵੀਂ ਵਿਵਸਥਾ ਤਹਿਤ ਪਿੰਡ ਪੱਧਰ 'ਤੇ ਰਕਮ ਸਿੱਧੇ ਪ੍ਰੀਸ਼ਦਾਂ ਨੂੰ ਭੇਜੀ ਜਾਏਗੀ। ਉਨ੍ਹਾਂ ਕਿਹਾ ਕਿ ਸਰਕਾਰ ਇਕ ਨਵੀਂ ਵਿਵਸਥਾ ਲਾਗੂ ਕਰਨ ਜਾ ਰਹੀ ਹੈ ਜੋ ਇਕ ਕ੍ਰਾਂਤੀ ਲੈ ਕੇ ਆਵੇਗੀ। ਇਸ ਨੂੰ ਪਿੰਡ ਪੱਧਰ 'ਤੇ ਲਾਗੂ ਕੀਤਾ ਜਾਵੇਗਾ ਜਿੱਥੇ ਲੋਕ ਆਪਣੇ ਨੁਮਾਇੰਦਿਆਂ ਨੂੰ ਚੁਣ ਸਕਣਗੇ ਜਿਨ੍ਹਾਂ ਨੂੰ ਹਰ ਸਾਲ ਧਨਰਾਸ਼ੀ ਦਿੱਤੀ ਜਾਵੇਗੀ।