ਭੂਚਾਲ ਦੇ ਕਈ ਝਟਕਿਆਂ ਨਾਲ ਕੰਬਿਆ ਏਥੇਨਜ਼, ਦੋ ਇਮਾਰਤਾਂ ਡਿੱਗੀਆਂ

07/20/2019 8:43:22 AM

ਯੂਨਾਨ— ਏਥੇਨਜ਼ 'ਚ ਸ਼ੁੱਕਰਵਾਰ ਦੁਪਹਿਰ ਸਮੇਂ ਭੂਚਾਲ ਦੇ ਤੇਜ਼ ਝਟਕੇ ਲੱਗਣ ਦੀ ਖਬਰ ਮਿਲੀ ਹੈ। ਗ੍ਰੀਕ ਭਾਵ ਯੂਨਾਨ ਦੀ ਰਾਜਧਾਨੀ ਏਥੇਨਜ਼ 'ਚ ਭੂਚਾਲ ਮਗਰੋਂ ਕਈ ਥਾਵਾਂ 'ਤੇ ਬਿਜਲੀ ਗੁੱਲ ਹੋ ਗਈ ਅਤੇ ਫੋਨ ਨੈੱਟਵਰਕ ਉੱਡ ਗਏ। ਇਸ ਤੋਂ ਇਲਾਵਾ ਕਈ ਇਮਾਰਤਾਂ ਨੁਕਸਾਨੀਆਂ ਗਈਆਂ। ਪਹਿਲਾਂ 5.1 ਅਤੇ ਫਿਰ 4.3 ਤੀਬਰਤਾ ਦੇ ਭੂਚਾਲ ਮਗਰੋਂ ਕਈ ਹਲਕੇ ਝਟਕੇ ਲੱਗੇ।

ਭੂਚਾਲ ਦਾ ਕੇਂਦਰ ਏਥੇਨਜ਼ ਤੋਂ 22 ਕਿਲੋਮੀਟਰ ਦੀ ਦੂਰੀ 'ਤੇ ਸੀ। 15 ਕੁ ਸਕਿੰਟਾਂ ਤਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਤੇ ਲੋਕ ਆਪਣੇ ਘਰਾਂ 'ਚੋਂ ਬਾਹਰ ਆ ਗਏ। ਹਾਲਾਂਕਿ ਇੱਥੇ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ ਪਰ ਵਾਰ-ਵਾਰ ਭੂਚਾਲ ਆਉਣ ਕਾਰਨ ਦੋ ਇਮਾਰਤਾਂ ਢਹਿ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ 'ਚੋਂ ਇਕ ਕਾਫੀ ਪੁਰਾਣੀ ਸੀ ਅਤੇ ਇਕ ਖਾਲੀ ਪਈ ਹੋਈ ਸੀ।

ਕਈ ਘਰਾਂ ਦੀਆਂ ਕੰਧਾਂ ਭੂਚਾਲ ਕਾਰਨ ਨੁਕਸਾਨੀਆਂ ਗਈਆਂ, ਇੱਥੋਂ ਤਕ ਕਿ ਸੰਸਦ ਦੀ ਪੁਰਾਣੀ ਇਮਾਰਤ ਨੂੰ ਵੀ ਹਲਕਾ ਨੁਕਸਾਨ ਪੁੱਜਾ। ਇਕ ਗਰਭਵਤੀ ਸੈਲਾਨੀ ਔਰਤ ਮਿਊਜ਼ਿਅਮ 'ਚ ਘੁੰਮ ਰਹੀ ਸੀ ਤੇ ਭੂਚਾਲ ਦੇ ਝਟਕੇ ਲੱਗਣ ਮਗਰੋਂ ਭੱਜ-ਦੌੜ ਦੌਰਾਨ ਕਿਸੇ ਦੀ ਕੂਹਣੀ ਉਸ ਦੇ ਪੇਟ 'ਚ ਵੱਜ ਗਈ ਤੇ ਉਸ ਨੂੰ ਦਰਦ ਹੋਣ ਲੱਗ ਗਈ। ਔਰਤ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।


Related News