ਪਾਕਿਸਤਾਨ ''ਚ ਇਮਾਰਤ ਨੂੰ ਲੱਗੀ ਅੱਗ, ਚਾਰ ਬੱਚਿਆਂ ਸਮੇਤ ਸੱਤ ਲੋਕਾਂ ਦੀ ਮੌਤ
Friday, Oct 07, 2022 - 05:07 PM (IST)

ਲਾਹੌਰ (ਭਾਸ਼ਾ)- ਪਾਕਿਸਤਾਨ ਦੇ ਪੰਜਾਬ ਸੂਬੇ ਦੇ ਭੀੜ-ਭੜੱਕੇ ਵਾਲੇ ਬਾਜ਼ਾਰ ਇਲਾਕੇ 'ਚ ਸ਼ੁੱਕਰਵਾਰ ਨੂੰ ਪੰਜ ਮੰਜ਼ਿਲਾ ਇਮਾਰਤ 'ਚ ਭਿਆਨਕ ਅੱਗ ਲੱਗਣ ਕਾਰਨ ਚਾਰ ਬੱਚਿਆਂ ਸਮੇਤ ਇਕ ਹੀ ਪਰਿਵਾਰ ਦੇ ਸੱਤ ਮੈਂਬਰਾਂ ਦੀ ਮੌਤ ਹੋ ਗਈ। ਐਮਰਜੈਂਸੀ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਪੰਜਾਬ ਸੂਬੇ ਦੇ ਐਮਰਜੈਂਸੀ ਸੇਵਾਵਾਂ ਵਿਭਾਗ ਮੁਤਾਬਕ ਫੈਸਲਾਬਾਦ ਸ਼ਹਿਰ ਦੇ ਮਿੰਟਗੁਮਰੀ ਬਾਜ਼ਾਰ ਇਲਾਕੇ ਵਿੱਚ ਸ਼ੁੱਕਰਵਾਰ ਤੜਕੇ ਇੱਕ ਇਮਾਰਤ ਵਿੱਚ ਅੱਗ ਲੱਗ ਗਈ।
ਇਹ ਇਲਾਕਾ ਲਾਹੌਰ ਤੋਂ ਲਗਭਗ 130 ਕਿਲੋਮੀਟਰ ਦੂਰ ਹੈ। ਐਮਰਜੈਂਸੀ ਸੇਵਾਵਾਂ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਹੁਣ ਤੱਕ ਚਾਰ ਬੱਚਿਆਂ ਸਮੇਤ ਸੱਤ ਲੋਕਾਂ ਦੀ ਅੱਗ ਵਿੱਚ ਮੌਤ ਹੋ ਚੁੱਕੀ ਹੈ, ਜੋ ਇੱਕ ਹੀ ਪਰਿਵਾਰ ਦੇ ਮੈਂਬਰ ਮੰਨੇ ਜਾਂਦੇ ਹਨ। ਸੜੀਆਂ ਹੋਈਆਂ ਲਾਸ਼ਾਂ ਨੂੰ ਸ਼ਹਿਰ ਦੇ ਮੁਰਦਾਘਰ ਭੇਜ ਦਿੱਤਾ ਗਿਆ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਅੱਗ ਤੋਂ ਬਚਣ ਲਈ ਇਮਾਰਤ ਤੋਂ ਛਾਲ ਮਾਰਨ ਵਾਲੇ ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਪਾਕਿਸਤਾਨ ਦੀ ਯਾਤਰਾ ਸਬੰਧੀ ਐਡਵਾਇਜ਼ਰੀ ਕੀਤੀ ਜਾਰੀ
ਤੰਗ ਗਲੀਆਂ ਕਾਰਨ ਅੱਗ ਬੁਝਾਊ ਅਮਲੇ ਨੂੰ ਇਮਾਰਤ ਤੱਕ ਪਹੁੰਚਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਬੁਲਾਰੇ ਨੇ ਦੱਸਿਆ ਕਿ ਇਮਾਰਤ ਵਿੱਚ ਸਿਰਫ਼ ਇੱਕ ਪਰਿਵਾਰ ਰਹਿੰਦਾ ਦੱਸਿਆ ਜਾਂਦਾ ਹੈ ਅਤੇ ਅੱਗ ਸ਼ਾਇਦ ਸ਼ਾਰਟ ਸਰਕਟ ਕਾਰਨ ਲੱਗੀ। ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੁੱਖ ਮੰਤਰੀ ਪਰਵੇਜ਼ ਇਲਾਹੀ ਨੇ ਇਸ ਦੁਖਦਾਈ ਘਟਨਾ 'ਚ ਜਾਨੀ ਨੁਕਸਾਨ 'ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਸਬੰਧਤ ਅਧਿਕਾਰੀਆਂ ਨੂੰ ਪੀੜਤ ਪਰਿਵਾਰ ਦੀ ਮਦਦ ਕਰਨ ਦੇ ਨਿਰਦੇਸ਼ ਦਿੱਤੇ ਹਨ।
ਪੜ੍ਹੋ ਇਹ ਅਹਿਮ ਖ਼ਬਰ- Nobel Prize 2022: ਬੇਲਾਰੂਸ ਦੇ Ales Bialiatski ਨੂੰ ਮਿਲਿਆ ਨੋਬਲ ਸ਼ਾਂਤੀ ਪੁਰਸਕਾਰ