ਇਸ ਕਾਰਨ ਹੋਇਆ ਸੀ ਕੋਬੀ ਦਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ

01/28/2020 1:58:53 PM

ਕੈਲਾਬਾਸਾਸ(ਅਮਰੀਕਾ)- ਲਾਸ ਏਂਜਲਸ ਦੇ ਕੋਲ ਹਾਦਸੇ ਦੇ ਸ਼ਿਕਾਰ ਹੋਏ ਹੈਲੀਕਾਪਟਰ ਦੇ ਪਾਇਲਟ ਨੇ ਹਵਾਈ ਆਵਾਜਾਈ ਕੰਟਰੋਲਰਾਂ ਨੂੰ ਆਪਣੇ ਆਖਰੀ ਰੇਡੀਓ ਸੰਦੇਸ਼ ਵਿਚ ਦੱਸਿਆ ਕਿ ਉਹ ਬੱਦਲਾਂ ਦੀ ਇਕ ਮੋਟੀ ਪਰਤ ਤੋਂ ਬਚਣ ਦੇ ਲਈ ਜਹਾਜ਼ ਨੂੰ ਹੋਰ ਉਚਾਈ 'ਤੇ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਤੋਂ ਤੁਰੰਤ ਬਾਅਦ ਹੀ ਜਹਾਜ਼ ਹੇਠਾਂ ਡਿੱਗਣ ਲੱਗਿਆ ਤੇ ਇਕ ਪਹਾੜੀ ਨਾਲ ਟਕਰਾ ਗਿਆ।

ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ (ਐਨ.ਟੀ.ਐਸ.ਬੀ.) ਦੀ ਜੈਨਿਫਰ ਹੋਮੇਂਡੀ ਨੇ ਸੋਮਵਾਰ ਦੀ ਦੁਪਹਿਰੇ ਪੱਤਰਕਾਰ ਸੰਮੇਲਨ ਵਿਚ ਦੱਸਿਆ ਕਿ ਰਾਡਾਰ ਤੋਂ ਪਤਾ ਲੱਗਿਆ ਹੈ ਕਿ ਐਤਵਾਰ ਸਵੇਰੇ ਹੈਲੀਕਾਪਟਰ ਡਿੱਗਣ ਤੋਂ ਪਹਿਲਾਂ 2,300 ਫੁੱਟ ਤੱਕ ਦੀ ਉਚਾਈ 'ਤੇ ਚਲਾ ਗਿਆ ਸੀ ਤੇ ਉਸ ਦਾ ਮਲਬਾ 1,085 ਫੁੱਟ 'ਤੇ ਮਿਲਿਆ। ਐਨ.ਟੀ.ਐਸ.ਬੀ. ਜਾਂਚ ਅਧਿਕਾਰੀ ਸਬੂਤ ਇਕੱਠੇ ਕਰਨ ਦੇ ਲਈ ਸੋਮਵਾਰ ਨੂੰ ਕੈਲਾਬਾਸਾਸ ਵਿਚ ਹਾਦਸੇ ਵਾਲੀ ਥਾਂ 'ਤੇ ਪਹੁੰਚੇ। ਹੋਮੇਂਡੀ ਨੇ ਕਿਹਾ ਕਿ ਮਲਬਾ ਦੂਰ-ਦੂਰ ਤੱਕ ਫੈਲਿਆ ਹੋਇਆ ਸੀ। ਉਹਨਾਂ ਕਿਹਾ ਕਿ ਹੈਲੀਕਾਪਟਰ ਦੇ ਪਿਛਲੇ ਹਿੱਸੇ ਦਾ ਇਕ ਟੁਕੜਾ ਪਹਾੜੀ ਦੇ ਹੇਠਾਂ ਮਿਲਿਆ ਹੈ। ਵਿਚਾਲੇ ਦਾ ਹਿੱਸਾ ਪਹਾੜੇ ਦੇ ਦੂਜੇ ਪਾਸੇ ਮਿਲਿਆ ਹੈ ਤੇ ਮੁੱਖ ਰੋਟਰ ਉਸ ਤੋਂ 90 ਮੀਟਰ ਦੂਰੀ 'ਤੇ ਸੀ। ਕੁਝ ਮਾਹਰਾਂ ਦਾ ਮੰਨਣਾ ਹੈ ਕਿ ਕੋਹਰੇ ਦੇ ਚੱਲਦੇ ਪਾਇਲਟ ਰਾਸਤਾ ਭਟਕ ਗਿਆ ਹੋਵੇਗਾ ਪਰ ਹੋਮੇਂਡੀ ਦਾ ਕਹਿਣਾ ਹੈ ਕਿ ਜਾਂਚ ਟੀਮਾਂ ਪਾਇਲਟ ਦੇ ਇਤਿਹਾਸ ਤੋਂ ਲੈ ਕੇ ਇੰਜਣ ਤੱਕ ਹਰ ਚੀਜ਼ ਦੀ ਜਾਂਚ ਕਰੇਗੀ। ਉਹਨਾਂ ਨੇ ਕਿਹਾ ਕਿ ਅਸੀਂ ਵਿਅਕਤੀ, ਮਸ਼ੀਨ ਤੇ ਵਾਤਾਵਰਣ ਤੱਕ ਸਭ ਦੇਖ ਰਹੇ ਹਾਂ ਤੇ ਮੌਸਮ ਬੱਸ ਉਸ ਦਾ ਇਕ ਛੋਟਾ ਜਿਹਾ ਹਿੱਸਾ ਹੈ। ਪਾਇਲਟ ਨੇ ਹਾਦਸੇ ਤੋਂ ਕੁਝ ਮਿੰਟ ਪਹਿਲਾਂ ਉਡਾਣ ਭਰਨ ਲਈ ਮਨਜ਼ੂਰੀ ਮੰਗੀ ਸੀ, ਜੋ ਕਿ ਉਸ ਨੂੰ ਦਿੱਤੀ ਗਈ ਸੀ।

ਹੋਮੇਂਡੀ ਨੇ ਦੱਸਿਆ ਕਿ ਬਾਅਦ ਵਿਚ ਪਾਇਲਟ ਨੇ ਹਵਾਈ ਆਵਾਜਾਈ ਕੰਟਰੋਲਰਾਂ ਤੋਂ 'ਜਹਾਜ਼ ਦਾ ਪਿੱਛਾ' ਕਰਨ ਵਾਲੀ ਰਾਡਾਰਾ ਸਹਾਇਤਾ ਮੰਗੀ ਪਰ ਉਹਨਾਂ ਨੂੰ ਦੱਸਿਆ ਗਿਆ ਕਿ ਉਸ ਸਹਾਇਤਾ ਲਈ ਹੈਲੀਕਾਪਟਰ ਬਹੁਤ ਛੋਟਾ ਹੈ। ਉਹਨਾਂ ਨੇ ਦੱਸਿਆ ਕਿ ਚਾਰ ਮਿੰਟ ਬਾਅਦ ਪਾਇਲਟ ਨੇ ਕਿਹਾ ਕਿ ਬੱਦਲਾਂ ਦੀ ਮੋਟੀ ਪਰਤ ਤੋਂ ਬਚਣ ਲਈ ਉਹ ਹੈਲੀਕਾਪਟਰ ਨੂੰ ਹੋਰ ਉਚਾਈ 'ਤੇ ਲਿਜਾ ਰਹੇ ਹਨ। ਹੋਮੇਂਡੀ ਨੇ ਕਿਹਾ ਕਿ ਜਦੋਂ ਏ.ਟੀ.ਸੀ. ਨੇ ਪਾਇਲਟ ਤੋਂ ਉਹਨਾਂ ਦੀ ਯੋਜਨਾ ਦੇ ਬਾਰੇ ਵਿਚ ਪੁੱਛਿਆ ਤਾਂ ਉਹਨਾਂ ਨੂੰ ਕੋਈ ਜਵਾਬ ਨਹੀਂ ਮਿਲਿਆ। ਜ਼ਿਕਰਯੋਗ ਹੈ ਕਿ ਇਸ ਹਾਦਸੇ ਵਿਚ ਅਮਰੀਕੀ ਬਾਸਕਟਬਾਲ ਲੀਗ 'ਐੱਨ. ਬੀ. ਏ.' ਦੇ ਧਾਕੜ ਖਿਡਾਰੀ ਕੋਬੀ ਬ੍ਰਾਇਨ ਤੇ ਉਹਨਾਂ ਦੀ ਧੀ ਗੀਆਨਾ ਮਾਰੀਆ ਸਮੇਤ ਕੁਲ 9 ਵਿਅਕਤੀਆਂ ਦੀ ਮੌਤ ਹੋ ਗਈ ਸੀ।


Baljit Singh

Content Editor

Related News