ਬ੍ਰਿਟੇਨ ਦੀ ਸੰਸਦ ''ਤੇ ਹਮਲੇ ਦੇ ਸ਼ੱਕੀ ਨੂੰ ਅਦਾਲਤ ਨੇ ਪੁਲਸ ਹਿਰਾਸਤ ''ਚ ਭੇਜਿਆ

08/20/2018 8:53:40 PM

ਲੰਡਨ (ਏਜੰਸੀ)- ਬ੍ਰਿਟੇਨ ਦੀ ਸੰਸਦ ਨੇੜੇ ਬੈਰੀਕੇਡ ਨੂੰ ਟੱਕਰ ਮਾਰਨ ਤੋਂ ਬਾਅਦ ਪਿਛਲੇ ਹਫਤੇ ਮੌਕੇ ਤੋਂ ਕਾਬੂ ਕੀਤੇ ਗਏ ਸਾਲਿਹ ਖਾਤੇਰ (29 ਸਾਲਾ) ਨੂੰ ਕਤਲ ਦੀ ਕੋਸ਼ਿਸ਼ ਦੇ ਦੋਸ਼ ਵਿਚ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿਸ ਤੋਂ ਬਾਅਦ ਉਸ ਨੂੰ ਪੁਲਸ ਹਿਰਾਸਤ ਵਿਚ ਭੇਜ ਦਿੱਤਾ ਗਿਆ। ਸੂਡਾਨੀ ਮੂਲ ਦੇ ਬ੍ਰਿਟਿਸ਼ ਨਾਗਰਿਕ ਸਾਲਿਹ ਖਾਤੇਰ ਨੂੰ ਸ਼ੁਰੂ ਵਿਚ ਅੱਤਵਾਦ ਨਾਲ ਸਬੰਧਿਤ ਦੋਸ਼ਾਂ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਸਕਾਟਲੈਂਡ ਯਾਰਡ ਦੀ ਕਾਉਂਟਰ ਟੈਰੋਰਿਜ਼ਮ ਕਮਾਂਡ ਨੇ ਜਾਂਚ ਦਾ ਜ਼ਿੰਮਾ ਲਿਆ ਸੀ।

ਮੈਟ੍ਰੋਪੋਲੀਟਨ ਪੁਲਸ ਨੇ ਕਿਹਾ ਕਿ ਆਮ ਲੋਕਾਂ ਅਤੇ ਪੁਲਸ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਣ ਕਾਰਨ ਮਾਮਲੇ ਨੂੰ ਅੱਤਵਾਦ ਦੀ ਘਟਨਾ ਵਜੋਂ ਦੇਖਿਆ ਜਾ ਰਿਹਾ ਹੈ। ਬਰਮਿੰਘਮ ਵਿਚ ਰਹਿਣ ਵਾਲੇ ਖਾਤੇਰ ਨੂੰ ਵੈਸਟਮਿੰਸਟਰ ਮੈਜਿਸਟ੍ਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਉਸ 'ਤੇ ਸੰਸਦ ਦੇ ਬਾਹਰ ਇਕ ਵਿਅਕਤੀ ਨੂੰ ਕਤਲ ਕਰਨ ਦੀ ਕੋਸ਼ਿਸ਼ ਅਤੇ ਇਕ ਪੁਲਸ ਅਧਿਕਾਰੀ ਨੂੰ ਕਤਲ ਕਰਨ ਦੀ ਕੋਸ਼ਿਸ਼ ਦਾ ਦੋਸ਼ ਹੈ। ਮੁਲਜ਼ਮ ਨੇ ਜ਼ਮਾਨਤ ਦੀ ਅਰਜ਼ੀ ਦਾਇਰ ਨਹੀਂ ਕੀਤੀ ਸੀ ਅਤੇ ਉਸ ਨੂੰ ਹਿਰਾਸਤ ਵਿਚ ਭੇਜ ਦਿੱਤਾ ਗਿਆ। ਉਸ ਨੂੰ 31 ਅਗਸਤ ਨੂੰ ਲੰਡਨ ਵਿਚ ਓਲਡ ਬੇਲੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਲੰਡਨ ਦੇ ਮਸ਼ਹੂਰ ਵੈਸਟਮਿੰਸਟਰ ਪੈਲੇਸ ਦੇ ਬਾਹਰ ਮੰਗਲਵਾਰ ਨੂੰ ਖਾਤੇਰ ਨੇ 14 ਅਗਸਤ ਨੂੰ ਤੇਜ਼ ਰਫਤਾਰ ਕਾਰ ਚਲਾਉਂਦੇ ਹੋਏ ਕਈ ਰਾਹਗੀਰਾਂ ਨੂੰ ਟੱਕਰ ਮਾਰੀ। ਉਸ ਤੋਂ ਬਾਅਦ ਉਸ ਨੇ ਬ੍ਰਿਟੇਨ ਦੀ ਸੰਸਦ ਦੇ ਬਾਹਰ ਲੱਗੇ ਬੈਰੀਕੇਡ ਨਾਲ ਆਪਣੀ ਕਾਰ ਨਾਲ ਟੱਕਰ ਮਾਰ ਦਿੱਤੀ। ਇਸ ਘਟਨਾ ਵਿਚ ਤਿੰਨ ਲੋਕ ਜ਼ਖਮੀ ਹੋ ਗਏ ਸਨ।


Related News