ਫਿਲਮੀ ਪਰਦੇ 'ਤੇ ਛਾਈ 'ਬ੍ਰਿਟਿਸ਼ ਸਿੱਖ ਕੁੜੀ' ਦੇ ਕਤਲ ਦੀ ਕਹਾਣੀ

02/12/2019 2:56:55 PM

ਲੰਡਨ(ਏਜੰਸੀ)— ਇਕ ਬ੍ਰਿਟਿਸ਼ ਸਿੱਖ ਔਰਤ ਨੂੰ 20 ਸਾਲ ਪਹਿਲਾਂ ਝੂਠੀ ਸ਼ਾਨ ਕਾਰਨ ਉਸ ਦੇ ਪਰਿਵਾਰ ਨੇ ਕਤਲ ਕਰ ਦਿੱਤਾ ਗਿਆ ਸੀ, ਜਿਸ ਦੇ ਜੀਵਨ 'ਤੇ ਇਕ ਡਾਕਿਊਮੈਂਟਰੀ ਫਿਲਮ ਬਣੀ ਹੈ। ਵੀਰਵਾਰ ਨੂੰ ਟੀ. ਵੀ. 'ਤੇ ਉਸ ਦੀ ਜ਼ਿੰਦਗੀ 'ਤੇ ਆਧਾਰਿਤ ਫਿਲਮ ਦਿਖਾਈ ਗਈ। ਇਸ ਦਾ ਨਾਂ 'ਦਿ ਕਿਲਰ ਇਨ ਮਾਈ ਫੈਮਿਲੀ' ਰੱਖਿਆ ਗਿਆ। ਇਸ ਫਿਲਮ ਨੇ ਲੋਕਾਂ ਨੂੰ ਇਹ ਅਹਿਸਾਸ ਦਿਵਾਇਆ ਕਿ ਲੋਕ ਝੂਠੀ ਸ਼ਾਨ ਕਾਰਨ ਕਿੰਨੀ ਵੱਡੀ ਗਲਤੀ ਕਰ ਬੈਠਦੇ ਹਨ।
ਜ਼ਿਕਰਯੋਗ ਹੈ ਕਿ ਪੱਛਮੀ ਲੰਡਨ 'ਚ ਰਹਿਣ ਵਾਲੀ ਸੁਰਜੀਤ ਕੌਰ ਅਟਵਾਲ ਉਸ ਸਮੇਂ 27 ਸਾਲ ਦੀ ਸੀ ਜਦ ਉਸ ਦੇ ਪਤੀ ਅਤੇ ਸੱਸ ਨੇ ਮਿਲ ਕੇ ਉਸ ਦਾ ਕਤਲ ਕਰ ਦਿੱਤਾ ਸੀ। ਦਸੰਬਰ 1998 'ਚ ਕਿਸੇ ਰਿਸ਼ਤੇਦਾਰ ਦੇ ਵਿਆਹ 'ਚ ਹਿੱਸਾ ਲੈਣ ਦੇ ਬਹਾਨੇ ਸੁਰਜੀਤ ਨੂੰ ਇੰਗਲੈਂਡ ਤੋਂ ਪੰਜਾਬ ਲਿਆਂਦਾ ਗਿਆ ਅਤੇ ਇੱਥੇ ਹੀ ਉਸ ਦਾ ਕਤਲ ਕਰ ਦਿੱਤਾ ਗਿਆ।

ਸਾਲ 2007 'ਚ ਸੁਰਜੀਤ ਦੇ ਪਤੀ ਸੁਖਦੇਵ ਸਿੰਘ ਅਟਵਾਲ ਨੂੰ 20 ਸਾਲ ਅਤੇ ਸੱਸ ਬਚਨ ਕੌਰ ਨੂੰ 15 ਸਾਲ ਦੀ ਸਜ਼ਾ ਸੁਣਾਈ ਗਈ ਸੀ। ਸੁਖਦੇਵ ਦੇ ਭਰਾ ਦੀ ਤਲਾਕਸ਼ੁਦਾ ਪਤਨੀ ਸਰਬਜੀਤ ਨੇ ਵਾਰਦਾਤ ਬਾਰੇ ਜਾਣਕਾਰੀ ਦੇ ਕੇ ਸਾਰੀ ਪੋਲ ਖੋਲ੍ਹ ਦਿੱਤੀ ਸੀ। ਉਸ ਨੇ ਦੱਸਿਆ ਕਿ ਉਸ ਦੇ ਸੁਰਜੀਤ ਨਾਲ ਚੰਗੇ ਸਬੰਧ ਸਨ। ਉਸ ਨੇ ਫਿਲਮ 'ਚ ਵੀ ਇਸ ਸਬੰਧੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਉਸ ਨਾਲ ਜਾਨਵਰਾਂ ਵਰਗਾ ਸਲੂਕ ਕੀਤਾ ਜਾਂਦਾ ਸੀ।

PunjabKesari

ਸੱਸ ਨੂੰ ਪਸੰਦ ਨਹੀਂਂ ਸੀ ਸੁਰਜੀਤ ਦਾ ਪਹਿਰਾਵਾ—
ਸੁਰਜੀਤ ਕੌਰ ਦਾ ਵਿਆਹ 16 ਸਾਲ ਦੀ ਉਮਰ 'ਚ ਇੰਗਲੈਂਡ ਰਹਿੰਦੇ ਇਕ ਸਿੱਖ ਪਰਿਵਾਰ 'ਚ ਹੋਇਆ ਸੀ। ਸੁਰਜੀਤ ਨੌਕਰੀ ਕਰ ਕੇ ਆਪਣੇ ਸੁਪਨੇ ਸੱਚ ਕਰਨਾ ਚਾਹੁੰਦੀ ਸੀ। ਉਹ ਇੰਗਲੈਂਡ ਦੇ ਹਵਾਈ ਅੱਡੇ 'ਤੇ ਕਸਟਮ ਅਧਿਕਾਰੀ ਸੀ। ਇਸ ਲਈ ਉਹ ਰੋਜ਼ਾਨਾ ਸਕਰਟ ਅਤੇ ਟੌਪ ਪਾਉਂਦੀ ਸੀ ਜੋ ਉਸ ਦੀ ਸੱਸ ਨੂੰ ਪਸੰਦ ਨਹੀਂ ਸੀ। ਉਸ ਦੀ ਸੱਸ ਇਸ ਗੱਲ ਨੂੰ ਸ਼ਾਨ ਦੇ ਖਿਲਾਫ ਸਮਝਦੀ ਸੀ। ਬਚਨ ਕੌਰ ਨੇ ਸੁਰਜੀਤ 'ਤੇ ਦਬਾਅ ਪਾਇਆ ਕਿ ਉਹ ਨੌਕਰੀ ਛੱਡ ਦੇਵੇ। ਜਦ ਸੁਰਜੀਤ ਨੇ ਅਜਿਹਾ ਨਾ ਕੀਤਾ ਤਾਂ ਉਸ ਦੀ ਸੱਸ ਉਸ ਨਾਲ ਬੁਰਾ ਵਿਵਹਾਰ ਕਰਨ ਲੱਗ ਗਈ। ਇਸੇ ਲਈ ਸੁਰਜੀਤ ਨੇ ਘਰ ਛੱਡ ਕੇ ਤਲਾਕ ਲਈ ਅਪੀਲ ਕਰ ਦਿੱਤੀ। ਸੁਰਜੀਤ ਦੀ ਸੱਸ ਬਹੁਤ ਜਿੱਦੀ ਸੀ ਅਤੇ ਉਸ ਨੇ ਆਪਣੇ ਪੁੱਤ ਅਤੇ ਹੋਰ ਖਾਸ ਰਿਸ਼ਤੇਦਾਰਾਂ ਨਾਲ ਮਿਲ ਕੇ ਸਾਜਸ਼ ਘੜ ਲਈ। ਉਸ ਨੇ ਸੁਰਜੀਤ ਨੂੰ ਕਿਹਾ ਕਿ ਉਹ ਭਾਵੇਂ ਤਲਾਕ ਲੈ ਲਵੇ ਪਰ ਇਕ ਵਾਰ ਉਨ੍ਹਾਂ ਨਾਲ ਪੰਜਾਬ ਜਾ ਆਵੇ, ਜਿੱਥੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਵਿਆਹ ਹੈ।
ਸੁਰਜੀਤ ਨੇ ਆਪਣੀ ਸੱਸ ਦੀ ਬੇਨਤੀ ਮੰਨ ਲਈ ਅਤੇ ਜਦ ਉਹ ਭਾਰਤ ਆਈ ਤਾਂ ਸੁਰਜੀਤ ਦੀ ਸੱਸ , ਪਤੀ ਤੇ ਹੋਰ ਰਿਸ਼ਤੇਦਾਰਾਂ ਨੇ ਉਸ ਦਾ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਰਾਵੀ ਦਰਿਆ 'ਚ ਸੁੱਟ ਦਿੱਤੀ। ਸੱਸ ਦੀ ਇਸ ਸਾਜਸ਼ ਬਾਰੇ ਸੁਰਜੀਤ ਦੀ ਜੇਠਾਣੀ ਭਾਵ ਸਰਬਜੀਤ ਨੂੰ ਪਤਾ ਸੀ ਅਤੇ ਉਸ ਨੇ ਪੁਲਸ ਨੂੰ ਫੋਨ ਕਰਕੇ ਇਸ ਦੀ ਸਾਰੀ ਜਾਣਕਾਰੀ ਦੇ ਦਿੱਤੀ। ਉਸ ਨੇ ਦੱਸਿਆ ਕਿ ਉਸ ਦੀ ਸੱਸ ਨੇ ਉਸ ਨੂੰ ਧਮਕਾਉਂਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੇ ਸੁਰਜੀਤ ਨੂੰ ਮਾਰ ਕੇ ਉਸ ਦੀ ਲਾਸ਼ ਰਾਵੀ ਦਰਿਆ 'ਚ ਸੁੱਟ ਦਿੱਤੀ ਹੈ ਜੋ ਹੁਣ ਤਕ ਪਾਕਿਸਤਾਨ ਵੀ ਪੁੱਜ ਗਈ ਹੋਵੇਗੀ।


Related News