ਮਹਾਰਾਣੀ ਐਲਿਜ਼ਾਬੈਥ-II ਨੂੰ ਮਾਰਨ ਦੀ ਇੱਛਾ ਰੱਖਣ ਵਾਲੇ ਬ੍ਰਿਟਿਸ਼ 'ਸਿੱਖ' 'ਤੇ ਲੱਗਾ ਦੇਸ਼ਧ੍ਰੋਹ ਦਾ ਦੋਸ਼
Wednesday, Aug 03, 2022 - 10:20 AM (IST)
ਲੰਡਨ (ਭਾਸ਼ਾ): ਪਿਛਲੇ ਸਾਲ ਕ੍ਰਿਸਮਿਸ ਮੌਕੇ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ-II ਦੇ ਸ਼ਾਹੀ ਨਿਵਾਸ ਵਿੰਡਸਰ ਕੈਸਲ ਦੇ ਮੈਦਾਨ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਵਾਲੇ 20 ਸਾਲਾ ਬ੍ਰਿਟਿਸ਼ ਸਿੱਖ ’ਤੇ ਮੰਗਲਵਾਰ ਨੂੰ ਦੇਸ਼ ਧ੍ਰੋਹ ਦਾ ਦੋਸ਼ ਲਾਇਆ ਗਿਆ। ਸਾਊਥੈਂਪਟਨ ਦੇ ਵਸਨੀਕ ਜਸਵੰਤ ਸਿੰਘ ਚੈਲ 'ਤੇ ਜਾਨਲੇਵਾ ਹਥਿਆਰ ਰੱਖਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਲਾਏ ਗਏ ਹਨ।
ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆਈ ਸੈਨੇਟਰ ਨੇ ਸਹੁੰ ਚੁੱਕ ਸਮਾਗਮ 'ਚ ਐਲਿਜ਼ਾਬੈਥ II ਨੂੰ ਦੱਸਿਆ "ਬਸਤੀਵਾਦੀ" (ਵੀਡੀਓ)
ਚੈਲ ਆਪਣੇ ਆਪ ਨੂੰ ਇੱਕ "ਭਾਰਤੀ ਸਿੱਖ" ਦੱਸਦਾ ਹੈ ਅਤੇ ਕਹਿੰਦਾ ਹੈ ਕਿ ਉਹ 1919 ਦੇ ਜਲਿਆਂਵਾਲਾ ਬਾਗ ਕਤਲੇਆਮ ਦਾ ਬਦਲਾ ਲੈਣ ਲਈ ਮਹਾਰਾਣੀ ਨੂੰ "ਮਾਰਨਾ" ਚਾਹੁੰਦਾ ਸੀ। ਉਹ ਫਿਲਹਾਲ ਪੁਲਸ ਹਿਰਾਸਤ ਵਿੱਚ ਹੈ ਅਤੇ ਉਸ ਨੂੰ 17 ਅਗਸਤ ਨੂੰ ਲੰਡਨ ਵਿੱਚ ਵੈਸਟਮਿੰਸਟਰ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਸ ਬਲ ਨੇ ਕਿਹਾ ਕਿ ਜਸਵੰਤ 'ਤੇ ਇਹ ਦੋਸ਼ ਮੈਟਰੋਪੋਲੀਟਨ ਪੁਲਸ ਦੀ ਅੱਤਵਾਦ ਰੋਕੂ ਕਮਾਂਡ ਦੁਆਰਾ ਜਾਂਚ ਤੋਂ ਬਾਅਦ ਲਗਾਏ ਗਏ ਹਨ। ਚੈਲ 'ਤੇ 1842 ਦੇ ਦੇਸ਼ਧ੍ਰੋਹ ਐਕਟ ਦੀ ਧਾਰਾ 2 (ਰਾਣੀ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਹਥਿਆਰ ਜਾਂ ਕਿਸੇ ਵੀ ਘਾਤਕ ਵਸਤੂ ਨੂੰ ਰੱਖਣਾ ਜਾਂ ਨਿਸ਼ਾਨਾ ਰੱਖਣਾ) ਦੇ ਤਹਿਤ ਦੋਸ਼ ਲਗਾਇਆ ਗਿਆ ਹੈ।
ਪੁਲਸ ਨੇ ਕਿਹਾ ਕਿ ਮੈਟਰੋਪੋਲੀਟਨ ਪੁਲਸ ਦੇ ਅੱਤਵਾਦ ਰੋਕੂ ਕਮਾਂਡ ਦੁਆਰਾ ਕੀਤੀ ਗਈ ਜਾਂਚ ਤੋਂ ਬਾਅਦ ਪਿਛਲੇ ਸਾਲ ਕ੍ਰਿਸਮਿਸ 'ਤੇ ਵਿੰਡਸਰ ਕੈਸਲ ਦੇ ਮੈਦਾਨ ਵਿੱਚ ਵਾਪਰੀ ਇੱਕ ਘਟਨਾ ਦੇ ਸਬੰਧ ਵਿੱਚ ਇੱਕ ਵਿਅਕਤੀ ਖ਼ਿਲਾਫਡ ਦੋਸ਼ ਤੈਅ ਕੀਤੇ ਗਏ ਹਨ। ਉਸ ਦੇ ਪਿਤਾ ਜਸਬੀਰ ਚੈਲ (58) ਨੇ ਪਿਛਲੇ ਸਾਲ ਦਸੰਬਰ ਵਿਚ ਕਿਹਾ ਸੀ ਕਿ ਉਸ ਦੇ ਬੇਟੇ ਨੂੰ ਕਿਲ੍ਹੇ ਵਿਚ ਗੈਰ-ਕਾਨੂੰਨੀ ਤੌਰ 'ਤੇ ਦਾਖਲ ਹੋਣ ਦੀ ਘਟਨਾ ਤੋਂ ਬਾਅਦ ਮਦਦ ਦੀ ਲੋੜ ਹੈ। ਸੋਸ਼ਲ ਮੀਡੀਆ 'ਤੇ ਮੌਜੂਦ ਇਸ ਘਟਨਾ ਦੀ ਵੀਡੀਓ 'ਚ ਮਾਸਕ ਪਹਿਨੇ ਇਕ ਵਿਅਕਤੀ ਆਪਣੇ ਆਪ ਨੂੰ ਭਾਰਤੀ ਸਿੱਖ ਜਸਵੰਤ ਸਿੰਘ ਚੈਲ ਦੱਸ ਰਿਹਾ ਹੈ। ਵੀਡੀਓ ਵਿੱਚ ਉਸਨੂੰ ਇਹ ਕਹਿੰਦੇ ਹੋਏ ਸੁਣਿਆ ਗਿਆ ਹੈ ਕਿ ਉਹ ਅੰਮ੍ਰਿਤਸਰ ਵਿੱਚ 1919 ਦੇ ਜਲ੍ਹਿਆਂਵਾਲਾ ਬਾਗ ਸਾਕੇ ਦਾ ਬਦਲਾ ਲੈਣ ਲਈ ਮਹਾਰਾਣੀ ਨੂੰ "ਮਾਰਨ" ਦਾ ਇਰਾਦਾ ਰੱਖਦਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।