ਬ੍ਰਿਟਿਸ਼ ਪ੍ਰਧਾਨ ਮੰਤਰੀ ਦੇ ਮੁਕਾਬਲੇ ਪੰਜਾਬੀ ਮੰਤਰੀ ਦਾ ਵੱਧ ਰਿਹੈ ਕੱਦ
Sunday, Oct 18, 2020 - 08:42 AM (IST)
ਲੰਡਨ– ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਮੁਕਾਬਲੇ ਵਿੱਤ ਮੰਤਰੀ ਰਿਸ਼ੀ ਸੁਨਕ ਦਾ ਕੱਦ ਵੱਧ ਰਿਹਾ ਹੈ। ਸੁਨਕ ਦਾ ਸਬੰਧ ਮੂਲ ਤੌਰ ’ਤੇ ਪੰਜਾਬ ਨਾਲ ਹੈ ਅਤੇ ਉਨ੍ਹਾਂ ਦੇ ਦਾਦਾ-ਦਾਦੀ ਸਾਲ 1960 ’ਚ ਬ੍ਰਿਟਿਸ਼ ਉਪਨਿਵੇਸ਼ ਪੂਰਬੀ ਅਫਰੀਕਾ ਤੋਂ ਬ੍ਰਿਟੇਨ ਪਹੁੰਚੇ ਸਨ। ਇਕ ਨਾਬਾਲਗ ਦੇ ਰੂਪ ’ਚ ਉਨ੍ਹਾਂ ਨੂੰ ਨਸਲੀ ਭੇਦਭਾਵ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਦੇ ਪਿਤਾ ਡਾਕਟਰ ਸਨ ਅਤੇ ਮਾਂ ਮੈਡੀਕਲ ਸਟੋਰ ਚਲਾਉਂਦੀ ਸੀ।
ਲੰਡਨ ਸਥਿਤ ਕੁਵੀਨਜ਼ ਮੇਰੀ ਯੂਨੀਵਰਸਿਟੀ ’ਚ ਸਿਆਸਤ ਦੇ ਪ੍ਰੋਫੈਸਰ ਟੇਮ ਬੇਲ ਨੇ ਕਿਹਾ ਕਿ ਪੀ. ਐੱਮ. ਜਾਨਸਨ ਦੇ ਮੁਕਾਬਲੇ ਸੁਨਕ ਨੂੰ ਬੁਨਿਆਦੀ ਮੁੱਦਿਆਂ ਦੀ ਚੰਗੀ ਸਮਝ ਹੈ।
ਕੰਜ਼ਰਵੇਟਿਵ ਪਾਰਟੀ ਦੇ ਅੰਦਰੂਨੀ ਸਰਵੇ ’ਚ ਸੁਨਕ ਜਿੱਥੇ ਚੋਟੀ ’ਤੇ ਹਨ, ਉਥੇ ਜਾਨਸਨ ਸੂਚੀ ’ਚ ਸਭ ਤੋਂ ਹੇਠਾਂ ਸਨ। ਇਸ ਦੇ ਉਲਟ ਬੇਲ ਨੇ ਪਿਛਲੇ ਸਾਲ ਦਸੰਬਰ ’ਚ ਇਕ ਸਰਵੇ ਆਯੋਜਿਤ ਕੀਤਾ ਸੀ, ਜਿਸ ਵਿਚ ਕੰਜ਼ਰਵੇਟਿਵ ਪਾਰਟੀ ਦੇ ਮੈਂਬਰਾਂ ਨਾਲ ਜਾਨਸਨ ਦਾ ਬਦਲ ਪੁੱਛਿਆ ਗਿਆ ਸੀ। ਓਦੋਂ 1,191 ਲੋਕਾਂ ਵਿਚੋਂ ਸਿਰਫ 5 ਲੋਕਾਂ ਨੇ ਰਿਸ਼ੀ ਸੁਨਕ ਦਾ ਨਾਂ ਲਿਆ ਸੀ। ਬੇਲ ਦਾ ਤਾਂ ਇਥੋਂ ਤੱਕ ਮੰਨਣਾ ਹੈ ਕਿ ਜਿਨ੍ਹਾਂ 5 ਲੋਕਾਂ ਨੇ ਸੁਨਕ ਦਾ ਨਾਂ ਲਿਆ ਸੀ, ਉਹ ਉਨ੍ਹਾਂ ਦਾ ਨਾਂ ਵੀ ਸਹੀ ਤਰੀਕੇ ਨਾਲ ਨਹੀਂ ਲਿਖ ਸਕਦੇ ਹਨ।
ਸੁਨਕ ਦੇ ਕੰਮਕਾਜ ਨਾਲ ਸਿਰਫ ਕੰਜ਼ਰਵੇਟਿਵ ਪਾਰਟੀ ਹੀ ਨਹੀਂ ਸਮਰਥਕ ਵੀ ਖੁਸ਼ ਹਨ। ਉਹ ਕਹਿੰਦੇ ਹਨ ਕਿ ਸੁਨਕ ਆਪਣੀਆਂ ਲਾਲਸਾਵਾਂ ਨੂੰ ਵਧਾਉਣ ਦੀ ਬਜਾਏ ਜ਼ਿਆਦਾ ਪ੍ਰਭਾਵੀ ਢੰਗ ਨਾਲ ਸੰਵਾਦ ਕਰਨ ਲਈ ਡਿਜੀਟਲ ਮੀਡੀਆ ਦੀ ਵਰਤੋਂ ਕਰਦੇ ਹਨ।