10 ਸਾਲ ਬਾਅਦ ਬ੍ਰਿਟਿਸ਼ ਏਅਰਵੇਜ਼ ਪਾਕਿ ਲਈ ਭਰੇਗਾ ਉਡਾਣ

Wednesday, Dec 19, 2018 - 11:03 AM (IST)

10 ਸਾਲ ਬਾਅਦ ਬ੍ਰਿਟਿਸ਼ ਏਅਰਵੇਜ਼ ਪਾਕਿ ਲਈ ਭਰੇਗਾ ਉਡਾਣ

ਲੰਡਨ (ਬਿਊਰੋ)— ਬ੍ਰਿਟਿਸ਼ ਏਅਰਵੇਜ਼ 10 ਸਾਲ ਪਹਿਲਾਂ ਪਾਕਿਸਤਾਨ ਜਾਣ ਵਾਲੀਆਂ ਆਪਣੀਆਂ ਉਡਾਣ ਸੇਵਾਵਾਂ ਬੰਦ ਕਰਨ ਦੇ ਫੈਸਲੇ ਨੂੰ ਹੁਣ ਬਦਲਣ ਜਾ ਰਿਹਾ ਹੈ। ਬ੍ਰਿਟਿਸ਼ ਏਅਰਵੇਜ਼ ਨੇ ਉਡਾਣ ਸੇਵਾ ਮੁੜ ਬਹਾਲ ਕਰਨ ਦਾ ਐਲਾਨ ਕੀਤਾ ਹੈ। ਏਅਰਲਾਈਨਜ਼ ਕੰਪਨੀ ਨੇ ਮੰਗਲਵਾਰ ਨੂੰ ਦੱਸਿਆ ਕਿ ਉਹ ਜੂਨ 2019 ਤੋਂ ਹਵਾਈ ਸੇਵਾ ਮੁੜ ਸ਼ੁਰੂ ਕਰ ਰਹੀ ਹੈ, ਜਿਸ ਵਿਚ ਬੋਇੰਗ 787 ਡ੍ਰੀਮਲਾਇਨਰ ਹੀਥਰੋ ਹਵਾਈ ਅੱਡੇ ਤੋਂ ਇਸਲਾਮਾਬਾਦ ਵਿਚਕਾਰ ਉਡਾਣ ਭਰੇਗਾ। ਇਹ ਹਫਤੇ ਵਿਚ ਤਿੰਨ ਚੱਕਰ ਲਗਾਏਗਾ। ਬ੍ਰਿਟਿਸ਼ ਹਾਈ ਕਮਿਸ਼ਨਰ ਥਾਮਸ ਡੂ ਨੇ ਕਿਹਾ ਕਿ ਇਸ ਨਾਲ ਬ੍ਰਿਟੇਨ ਅਤੇ ਪਾਕਿਸਤਾਨ ਦੇ ਵਿਚ ਵਪਾਰ ਨੂੰ ਵਧਾਵਾ ਮਿਲੇਗਾ।

ਡੂ ਨੇ ਟਵਿੱਟਰ 'ਤੇ ਇਕ ਵੀਡੀਓ ਮੈਸੇਜ ਵਿਚ ਕਿਹਾ,''ਲੰਡਨ ਹੀਥਰੋ ਹਵਾਈ ਅੱਡੇ ਤੋਂ ਇਸਲਾਮਾਬਾਦ ਦੇ ਨਵੇਂ ਹਵਾਈ ਅੱਡੇ ਲਈ ਸਿੱਧੀਆਂ ਉਡਾਣਾਂ ਜੂਨ ਵਿਚ ਸ਼ੁਰੂ ਹੋਣਗੀਆਂ।'' ਉਨ੍ਹਾਂ ਨੇ ਕਿਹਾ,''ਇਸ ਨਾਲ ਬ੍ਰਿਟੇਨ ਅਤੇ ਪਾਕਿਸਤਾਨ ਵਿਚ ਸੰਬੰਧਾਂ ਨੂੰ ਖਾਸ ਕਰ ਕੇ ਵਪਾਰ ਅਤੇ ਨਿਵੇਸ਼ ਨੂੰ ਵਧਾਵਾ ਮਿਲੇਗਾ।''

PunjabKesari

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਪ੍ਰਵਾਸੀ ਪਾਕਿਸਤਾਨੀ ਅਤੇ ਮਨੁੱਖੀ ਸਰੋਤ ਵਿਕਾਸ ਦੇ ਵਿਸ਼ੇਸ਼ ਸਹਾਇਕ ਜ਼ੁਲਫੀ ਬੁਖਾਰੀ ਨੇ ਕਿਹਾ ਕਿ ਬ੍ਰਿਟਿਸ਼ ਏਅਰਵੇਜ਼ ਨੇ 10 ਸਾਲ ਪਹਿਲਾਂ ਉਨ੍ਹਾਂ ਦੇ ਦੇਸ਼ ਲਈ ਆਪਣੀਆਂ ਸੰਚਾਲਨ ਸੇਵਾਵਾਂ ਰੋਕ ਦਿੱਤੀਆਂ ਸਨ। ਬੁਖਾਰੀ ਨੇ ਸੇਵਾਵਾਂ ਦੇ ਮੁੜ ਸ਼ੁਰੂ ਕਰਨ ਦੇ ਐਲਾਨ ਦਾ ਸਵਾਗਤ ਕੀਤਾ ਹੈ। 

ਇੱਥੇ ਦੱਸਣਯੋਗ ਹੈ ਕਿ ਬ੍ਰਿਟਿਸ਼ ਏਅਰਵੇਜ਼ ਨੇ ਮੈਰਿਯਟ ਹੋਟਲ ਵਿਚ ਹੋਏ ਬੰਬ ਧਮਾਕੇ ਦੇ ਬਾਅਦ ਸਤੰਬਰ 2008 ਨੂੰ ਪਾਕਿਸਤਾਨ ਲਈ ਉਡਾਣਾਂ ਨੂੰ ਅਨਿਸ਼ਚਿਤ ਸਮੇਂ ਲਈ ਮੁਅੱਤਲ ਕਰ ਦਿੱਤਾ ਸੀ। 20 ਸਤੰਬਰ ਨੂੰ ਧਮਾਕਿਆਂ ਨਾਲ ਭਰੇ ਟਰੱਕ ਜ਼ਰੀਏ ਇਸਲਾਮਾਬਾਦ ਸਥਿਤ ਮੈਰਿਯਟ ਹੋਟਲ ਨੂੰ ਉਡਾ ਦਿੱਤਾ ਗਿਆ ਸੀ, ਜਿਸ ਵਿਚ 54 ਲੋਕਾਂ ਦੀ ਮੌਤ ਹੋ ਗਈ ਸੀ ਅਤੇ 266 ਲੋਕ ਜ਼ਖਮੀ ਹੋਏ ਸਨ। ਮਰਨ ਵਾਲਿਆਂ ਵਿਚ ਜ਼ਿਆਦਾਤਰ ਪਾਕਸਤਾਨੀ ਨਾਗਰਿਕ ਸਨ। ਇਸ ਘਟਨਾ ਵਿਚ 5 ਵਿਦੇਸ਼ੀ ਨਾਗਰਿਕ ਵੀ ਮਾਰੇ ਗਏ ਸਨ।


author

Vandana

Content Editor

Related News