ਬ੍ਰਿਟਿਸ਼ ਏਅਰਵੇਜ਼ ਨੂੰ ਇਸ ਕਾਰਨ ਹੋਇਆ 20 ਮਿਲੀਅਨ ਪੌਂਡ ਦਾ ਜੁਰਮਾਨਾ

10/22/2020 1:33:05 PM

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਯੂ. ਕੇ. ਦੇ ਸੂਚਨਾ ਕਮਿਸ਼ਨਰ ਦਫ਼ਤਰ (ਆਈ ਸੀ ਓ) ਵਲੋਂ ਬ੍ਰਿਟਿਸ਼ ਏਅਰਵੇਜ਼ ਨੂੰ ਯਾਤਰੀਆਂ ਦੀ ਜਾਣਕਾਰੀ ਸੰਬੰਧੀ ਉਲੰਘਣਾ ਕਰਨ ਲਈ 20 ਮਿਲੀਅਨ ਪੌਂਡ ਦਾ ਜੁਰਮਾਨਾ ਲਗਾਇਆ ਗਿਆ ਹੈ। 

ਇਸ ਛੇੜਛਾੜ ਨਾਲ 400,000 ਤੋਂ ਵੱਧ ਗਾਹਕਾਂ ਨੂੰ ਪ੍ਰਭਾਵਤ ਕੀਤਾ ਗਿਆ ਸੀ। ਇਹ ਉਲੰਘਣਾ 2018 ਵਿਚ ਹੋਈ ਸੀ ਅਤੇ ਇਸ ਵਿਚ ਨਿੱਜੀ ਅਤੇ ਕ੍ਰੈਡਿਟ ਕਾਰਡ ਦੋਵਾਂ ਦੀ ਜਾਣਕਾਰੀ ਨੂੰ ਪ੍ਰਭਾਵਿਤ ਕੀਤਾ ਗਿਆ ਸੀ। ਵਿਭਾਗ ਅਨੁਸਾਰ ਕੀਤਾ ਗਿਆ ਇਹ ਜੁਰਮਾਨਾ ਅੰਕੜਿਆਂ ਦੇ ਹਿਸਾਬ ਨਾਲ ਬਹੁਤ ਘੱਟ ਹੈ। ਆਈ. ਸੀ. ਓ. ਨੇ ਕਿਹਾ ਕਿ ਇਹ ਜੁਰਮਾਨਾ ਕੋਵਿਡ-19 ਦੇ ਆਰਥਕ ਪ੍ਰਭਾਵ ਨੂੰ ਧਿਆਨ ਵਿਚ ਰੱਖ ਕੇ ਕੀਤਾ ਗਿਆ ਹੈ। ਹਾਲਾਂਕਿ, ਇਹ ਹੁਣ ਤੱਕ ਦਾ ਆਈ ਸੀ ਓ ਦੁਆਰਾ ਜਾਰੀ ਕੀਤਾ ਗਿਆ ਸਭ ਤੋਂ ਵੱਡਾ ਜ਼ੁਰਮਾਨਾ ਹੈ। 

ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਏਅਰਲਾਈਨ ਦੀ ਸਾਈਬਰ ਪ੍ਰਣਾਲੀ 'ਤੇ ਹਮਲਾ ਹੋਇਆ ਸੀ ਅਤੇ ਬਾਅਦ ਵਿਚ ਗਾਹਕਾਂ ਦੇ ਵੇਰਵਿਆਂ ਨੂੰ ਸੋਧਿਆ ਗਿਆ ਸੀ। ਹੈਕਰਾਂ ਵਲੋਂ ਚੋਰੀ ਕੀਤੇ ਗਏ ਡਾਟਾ ਵਿਚ ਲੌਗ ਇਨ, ਭੁਗਤਾਨ ਕਾਰਡ ਅਤੇ ਯਾਤਰਾ ਬੁਕਿੰਗ ਦੇ ਵੇਰਵਿਆਂ ਦੇ ਨਾਲ-ਨਾਲ ਨਾਮ ਅਤੇ ਪਤੇ ਦੀ ਜਾਣਕਾਰੀ ਸ਼ਾਮਲ ਸੀ। ਬ੍ਰਿਟਿਸ਼ ਏਅਰਵੇਜ਼ ਅਨੁਸਾਰ ਉਸ ਨੇ ਆਪਣੇ ਸਿਸਟਮ ਉੱਤੇ ਹੋਏ ਹਮਲੇ ਬਾਰੇ ਪਤਾ ਲੱਗਦਿਆਂ ਹੀ ਗਾਹਕਾਂ ਨੂੰ ਸੁਚੇਤ ਕਰ ਦਿੱਤਾ ਸੀ। ਜਦਕਿ ਆਈ. ਸੀ. ਓ. ਦਾ ਪੱਖ ਇਹ ਹੈ ਕਿ ਕੰਪਨੀ ਨੇ ਡਾਟਾ ਸੁਰੱਖਿਆ ਕਾਨੂੰਨ ਦੀ ਉਲੰਘਣਾ ਕੀਤੀ ਅਤੇ ਆਪਣੇ-ਆਪ ਨੂੰ ਸਾਈਬਰ ਹਮਲੇ ਤੋਂ ਬਚਾਉਣ ਵਿਚ ਅਸਫਲ ਰਹੀ ਅਤੇ ਇਹ ਫਿਰ ਸੈਂਕੜੇ ਹਜ਼ਾਰਾਂ ਗਾਹਕਾਂ ਦਾ ਨੁਕਸਾਨ ਹੋਣ ਤੱਕ ਹੈਕਿੰਗ ਦਾ ਪਤਾ ਲਗਾਉਣ ਵਿਚ ਅਸਫਲ ਵੀ ਰਹੀ ਹੈ।
 


Lalita Mam

Content Editor

Related News