ਦੋ ਭਾਰਤੀ ਅਧਿਆਪਕਾਂ ਦੀ 'ਗਲੋਬਲ ਟੀਚਰ ਪ੍ਰਾਈਜ਼' ਮੁਕਾਬਲੇ ਲਈ ਚੋਣ

12/14/2018 12:33:22 PM

ਲੰਡਨ (ਬਿਊਰੋ)— ਬ੍ਰਿਟੇਨ ਦੇ ਵਾਰਕੀ ਫਾਊਂਡੇਸ਼ਨ ਨੇ ਵੀਰਵਾਰ ਨੂੰ ਲੰਡਨ ਵਿਚ ਇਕ ਖਾਸ ਐਲਾਨ ਕੀਤਾ। ਐਲਾਨ ਮੁਤਾਬਕ 10 ਲੱਖ ਡਾਲਰ ਦੇ ਸਾਲਾਨਾ 'ਗਲੋਬਲ ਟੀਚਰ ਪ੍ਰਾਈਜ਼' ਦੇ ਮੁਕਾਬਲੇ ਲਈ ਪੂਰੀ ਦੁਨੀਆ ਵਿਚੋਂ ਚੁਣੇ ਗਏ ਚੋਟੀ ਦੇ 50 ਅਧਿਆਪਕਾਂ ਵਿਚ 2 ਭਾਰਤੀ ਅਧਿਆਪਕਾਂ ਨੂੰ ਵੀ ਜਗ੍ਹਾ ਮਿਲੀ ਹੈ। ਦਿੱਲੀ ਦੇ ਸ਼ੱਕਰਪੁਰ ਦੇ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਅੰਗਰੇਜ਼ੀ ਵਿਸ਼ੇ ਦੀ ਅਧਿਆਪਿਕਾ ਆਰਤੀ ਕਾਨੂੰਨਗੋ ਅਤੇ ਗੁਜਰਾਤ ਦੇ ਲਾਵਾਡ ਪ੍ਰਾਇਮਰੀ ਸਕੂਲ ਦੇ ਜੀਵਨ ਕੌਸ਼ਲ ਅਧਿਆਪਕ ਸਵਰੂਪ ਰਾਵਲ ਇਸ ਵੱਕਾਰੀ ਪੁਰਸਕਾਰ ਲਈ 48 ਹੋਰ ਅਧਿਆਪਕਾਂ ਨਾਲ ਮੁਕਾਬਲਾ ਕਰਨਗੇ। ਇਸ ਪੁਰਸਕਾਰ ਦਾ ਐਲਾਨ ਮਾਰਚ ਵਿਚ ਦੁਬਈ ਵਿਚ ਗਲੋਬਲ ਐਜੁਕੇਸ਼ਨ ਐਂਡ ਸਕਿੱਲਜ਼ ਫੋਰਮ ਵਿਚ ਕੀਤਾ ਜਾਵੇਗਾ।

ਕਾਨੂੰਨਗੋ ਨੇ ਕਿਹਾ,''ਗਲੋਬਲ ਟੀਚਰ ਪ੍ਰਾਈਜ਼ ਅਧਿਆਪਕਾਂ ਦੀਆਂ ਕੋਸ਼ਿਸ਼ਾਂ ਅਤੇ ਸੰਘਰਸ਼ਾਂ ਨੂੰ ਮਾਨਤਾ ਦਿੰਦਾ ਹੈ। ਉਨ੍ਹਾਂ ਨੂੰ ਸਨਮਾਨ ਦਿੰਦਾ ਹੈ। ਉਨ੍ਹਾਂ ਮੁੱਦਿਆਂ ਦੀ ਪਛਾਣ ਕਰਦਾ ਹੈ ਜਿਨ੍ਹਾਂ ਨੂੰ ਮੈਂ ਗਲੋਬਲ ਆਵਾਜ਼ ਦੇ ਕੇ ਚੁੱਕਿਆ ਹੈ। ਕਾਨੂੰਨਗੋ ਨੇ ਇਹ ਯਕੀਨੀ ਕਰਨ ਦੀ ਕੋਸ਼ਿਸ਼ ਕੀਤੀ ਕਿ ਗਰੀਬ ਪਿੱਠਭੂਮੀ ਦੇ ਬੱਚਿਆਂ ਖਾਸ ਕਰ ਕੇ ਲੜਕੀਆਂ ਨੂੰ ਸ਼ੋਸ਼ਣ ਅਤੇ ਅਣਗਹਿਲੀ ਤੋਂ ਬਚਾਇਆ ਜਾਵੇ ਅਤੇ ਉਹ ਬੱਚੇ ਭਾਸ਼ਾ ਅਧਿਐਨ ਨੂੰ ਅਪਨਾਉਣ ਅਤੇ ਆਪਣਾ ਆਤਮ ਵਿਸ਼ਵਾਸ ਵਧਾ ਪਾਉਣ। ਰਾਵਲ ਨੇ ਕਿਹਾ,''ਚੰਗੇ ਅਧਿਆਪਕ ਬੱਚਿਆਂ ਨੂੰ ਚੰਗਾ ਇਨਸਾਨ ਬਣਨ ਵਿਚ ਮਦਦ ਕਰ ਸਕਦੇ ਹਨ। ਉਹ ਉਨ੍ਹਾਂ ਵਿਚ ਪਿਆਰ, ਵਿਲੱਖਣਤਾ, ਉਤਸੁਕਤਾ ਅਤੇ ਕਲਪਨਾ ਜਗਾ ਸਕਦੇ ਹਨ। ਜਦੋਂ ਅਸੀਂ ਅਧਿਆਪਕ ਉਨ੍ਹਾਂ ਨਾਲ ਜ਼ਿੰਦਗੀ ਜਿਉਂਦੇ ਹਾਂ ਉਦੋਂ ਅਸੀਂ ਇਨ੍ਹਾਂ ਬੱਚਿਆਂ ਨੂੰ ਜ਼ਿਆਦਾ ਹਮਦਰਦੀ ਭਰਪੂਰ, ਪਿਆਰ ਕਰਨ ਵਾਲਾ ਅਤੇ ਜਵਾਬਦੇਹ ਇਨਸਾਨ ਬਣਨ ਲਈ ਪ੍ਰੇਰਿਤ ਕਰ ਸਕਦੇ ਹਾਂ।''

ਰਾਵਲ ਨੇ ਆਪਣੀਆਂ ਵਿਲੱਖਣ ਸਿੱਖਿਆ ਤਕਨੀਕਾਂ ਜ਼ਰੀਏ ਗਲੀ-ਮੁਹੱਲਿਆਂ ਅਤੇ ਪੇਂਡੂ ਖੇਤਰਾਂ ਦੇ ਬੱਚਿਆਂ ਤੱਕ ਪਹੁੰਚ ਕਾਇਮ ਕੀਤੀ ਹੈ। ਇਨ੍ਹਾਂ ਦੋਹਾਂ ਨੂੰ ਪੂਰੀ ਦੁਨੀਆ ਦੇ 179 ਦੇਸ਼ਾਂ ਵਿਚੋਂ ਮਿਲੀਆਂ 100000 ਐਂਟਰੀਜ਼ ਵਿਚੋਂ ਚੁਣਿਆ ਗਿਆ। ਇਨ੍ਹਾਂ 50 ਉਮੀਦਵਾਰਾਂ ਵਿਚੋਂ ਆਖਰੀ ਦੌਰ ਲਈ 10 ਚੁਣੇ ਜਾਣਗੇ। ਫਿਰ ਗਲੋਬਲ ਟੀਚਰ ਪ੍ਰਾਈਜ਼ ਅਕੈਡਮੀ 10 ਜੇਤੂਆਂ ਦੀ ਚੋਣ ਕਰੇਗੀ। ਆਖਰੀ ਦੌਰ ਵਿਚ ਪਹੁੰਚਣ ਵਾਲੇ ਸਾਰੇ ਉਮੀਦਵਾਰ 24 ਮਾਰਚ 2019 ਨੂੰ ਦੁਬਈ ਵਿਚ ਪੁਰਸਕਾਰ ਸਮਾਗਮ ਲਈ ਬੁਲਾਏ ਜਾਣਗੇ।


Vandana

Content Editor

Related News