ਵਿਦੇਸ਼ੀ ਮਜ਼ਦੂਰਾਂ ’ਤੇ ਨਿਰਭਰਤਾ ਘਟਾਏਗਾ ਬ੍ਰਿਟੇਨ, 22 ਜੁਲਾਈ ਤੋਂ ਲਾਗੂ ਹੋਣਗੇ ਨਵੇਂ ਨਿਯਮ
Thursday, Jul 03, 2025 - 03:38 AM (IST)

ਲੰਡਨ - ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੀ ਸਰਕਾਰ ਆਪਣੇ ਦੇਸ਼ ’ਚ ਵਿਦੇਸ਼ੀ ਮਜ਼ਦੂਰਾਂ ਨੂੰ ਘਟਾਉਣ ਦੀ ਤਿਆਰੀ ਕਰ ਰਹੀ ਹੈ। ਇਸ ਕਾਰਨ ਉਸ ਨੇ ਹਾਲ ਹੀ ’ਚ ਇਮੀਗ੍ਰੇਸ਼ਨ ਸਿਸਟਮ ’ਚ ਵੱਡੀਆਂ ਤਬਦੀਲੀਆਂ ਕੀਤੀਆਂ ਹਨ। ਇਨ੍ਹਾਂ ਤਬਦੀਲੀਆਂ ਦਾ ਉਦੇਸ਼ ਮਾਈਗ੍ਰੇਸ਼ਨ ਘਟਾਉਣਾ, ਹੁਨਰਮੰਦ ਕਾਮਿਆਂ ਨੂੰ ਵਧਾਉਣਾ ਅਤੇ ਵਰਕ ਵੀਜ਼ਾ ਨੂੰ ਸਖ਼ਤ ਕਰਦਿਆਂ ਵਿਦੇਸ਼ੀ ਮਜ਼ਦੂਰਾਂ ’ਤੇ ਨਿਰਭਰਤਾ ਨੂੰ ਘੱਟ ਕਰਨਾ ਹੈ। ਰਿਪੋਰਟ ਦੇ ਅਨੁਸਾਰ ਨਵੇਂ ਇਮੀਗ੍ਰੇਸ਼ਨ ਨਿਯਮਾਂ ਦਾ ਪਹਿਲਾ ਸੈੱਟ ਬ੍ਰਿਟਿਸ਼ ਸੰਸਦ ਦੇ ਹੇਠਲੇ ਸਦਨ ’ਚ ਪੇਸ਼ ਕੀਤਾ ਗਿਆ ਹੈ। ਇਮੀਗ੍ਰੇਸ਼ਨ ਸਿਸਟਮ ਦੇ ਇਹ ਨਵੇਂ ਨਿਯਮ ਇਸ ਸਾਲ 22 ਜੁਲਾਈ ਤੋਂ ਲਾਗੂ ਹੋਣਗੇ।
ਵਰਕਰ ਵੀਜ਼ਾ ਰੂਟ ਤੋਂ ਹਟਣਗੇ 100 ਤੋਂ ਵੱਧ ਕਾਰੋਬਾਰ
ਰਿਪੋਰਟ ’ਚ ਕਿਹਾ ਗਿਆ ਹੈ ਕਿ ਵ੍ਹਾਈਟ ਪੇਪਰ ’ਚ ਸਿਫ਼ਾਰਸ਼ਾਂ ਬਾਰੇ ਨਵੇਂ ਨਿਯਮਾਂ ਨੂੰ ਇਸ ਸਾਲ ਦੇ ਅੰਤ ਤੱਕ ਲਾਗੂ ਕੀਤਾ ਜਾਣਾ ਹੈ। ਇਸ ਦੇ ਤਹਿਤ ਬ੍ਰਿਟੇਨ ਦੇ ਇਮੀਗ੍ਰੇਸ਼ਨ ਸਿਸਟਮ ’ਚ ਨਵੇਂ ਨਿਯਮਾਂ ’ਚ ਹੁਨਰਮੰਦ ਵਰਕਰ ਵੀਜ਼ਾ ਰੂਟ ਦੇ ਤਹਿਤ ਯੋਗਤਾ ਤੋਂ 100 ਤੋਂ ਵੱਧ ਕਾਰੋਬਾਰਾਂ ਨੂੰ ਹਟਾ ਦਿੱਤਾ ਜਾਵੇਗਾ। ਹੁਨਰ ਪੱਧਰ ਅਤੇ ਤਨਖਾਹ ਦੀਆਂ ਜ਼ਰੂਰਤਾਂ ਨੂੰ ਵਧਾਇਆ ਜਾਵੇਗਾ ਅਤੇ ਵਿਦੇਸ਼ੀ ਸਮਾਜਿਕ ਦੇਖਭਾਲ ਕਰਮਚਾਰੀਆਂ ਲਈ ਵੀਜ਼ਾ ਰੂਟ ਬੰਦ ਕਰ ਦਿੱਤੇ ਜਾਣਗੇ। ਵੀਜ਼ਾ ਬਿਨੈਕਾਰਾਂ ਲਈ ਅੰਗਰੇਜ਼ੀ ਭਾਸ਼ਾ ਦੀਆਂ ਜ਼ਰੂਰਤਾਂ ਨੂੰ ਵੀ ਸਖ਼ਤ ਕੀਤਾ ਜਾਵੇਗਾ।
ਸਥਾਨਕ ਲੋਕਾਂ ਨੂੰ ਰੁਜ਼ਗਾਰ ’ਚ ਮੌਕਾ
ਬ੍ਰਿਟਿਸ਼ ਗ੍ਰਹਿ ਸਕੱਤਰ ਯਵੇਟ ਕੂਪਰ ਦੇ ਹਵਾਲੇ ਨਾਲ ਰਿਪੋਰਟ ’ਚ ਕਿਹਾ ਗਿਆ ਹੈ ਕਿ ਨਵੇਂ ਨਿਯਮਾਂ ’ਚ ਸਾਡੀ ਸਰਕਾਰ ਦੀ ਕੋਸ਼ਿਸ਼ ਸਥਾਨਕ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਹੈ। ਬਦਲਾਅ ਦੀਆਂ 4 ਸਭ ਤੋਂ ਮੁੱਖ ਗੱਲਾਂ ’ਚੋਂ ਪਹਿਲਾ ਹੁਨਰਮੰਦ ਵਰਕਰ ਵੀਜ਼ਾ ਸੂਚੀ ’ਚੋਂ 111 ਕਿੱਤਿਆਂ ਨੂੰ ਹਟਾਉਣਾ, ਦੂਜਾ ਦੇਖਭਾਲ ਕਰਮਚਾਰੀਆਂ ਲਈ ਵਿਦੇਸ਼ੀ ਭਰਤੀ ਨੂੰ ਖਤਮ ਕਰਨਾ, ਤੀਜਾ ਸਖ਼ਤ ਸ਼ਰਤਾਂ ਨਾਲ ਹੇਠਲੇ ਡਿਗਰੀ ਪੱਧਰ ਦੇ ਕੰਮ ਨੂੰ ਸੀਮਤ ਕਰਨਾ ਅਤੇ ਚੌਥਾ ਮਾਈਗ੍ਰੇਸ਼ਨ ਸਲਾਹਕਾਰ ਕਮੇਟੀ ਦੀਆਂ ਭੂਮਿਕਾਵਾਂ, ਤਨਖਾਹਾਂ ਅਤੇ ਲਾਭਾਂ ਦੀ ਸਮੀਖਿਆ ਦਾ ਹੁਕਮ ਦੇਣਾ ਹੈ।
ਸਰਕਾਰ ਦਾ ਕਹਿਣਾ ਹੈ ਕਿ ਇਹ ਬਦਲਾਅ ਇਮੀਗ੍ਰੇਸ਼ਨ ਸਿਸਟਮ ’ਤੇ ਕੰਟਰੋਲ ਵਧਾਉਣ ਅਤੇ ਘਰੇਲੂ ਵਿਕਾਸ ਨੂੰ ਤਰਜੀਹ ਦੇਣ ਲਈ ਹਨ। ਬ੍ਰਿਟੇਨ ’ਚ ਭਾਰਤੀ ਵੱਡੀ ਗਿਣਤੀ ’ਚ ਰਹਿੰਦੇ ਹਨ ਅਤੇ ਕੰਮ ਲਈ ਵੀ ਜਾਂਦੇ ਹਨ। ਅਜਿਹੀ ਸਥਿਤੀ ’ਚ ਇਹ ਫੈਸਲਾ ਭਾਰਤੀਆਂ ਲਈ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਯਵੇਟ ਕੂਪਰ ਨੇ ਕਿਹਾ ਕਿ ਅਸੀਂ ਸਹੀ ਕੰਟਰੋਲ ਅਤੇ ਵਿਵਸਥਾ ਨੂੰ ਬਹਾਲ ਕਰਨ ਲਈ ਆਪਣੇ ਇਮੀਗ੍ਰੇਸ਼ਨ ਸਿਸਟਮ ’ਚ ਵੱਡੇ ਬਦਲਾਅ ਕਰ ਰਹੇ ਹਾਂ। ਕੂਪਰ ਨੇ ਕਿਹਾ ਕਿ ਵੱਡੇ ਬਦਲਾਅ ਕਰਨ ਦਾ ਕਾਰਨ ਪਿਛਲੀ ਸਰਕਾਰ ਦੀਆਂ ਨੀਤੀਆਂ ਹਨ। ਬ੍ਰਿਟੇਨ ਦੀ ਪਿਛਲੀ ਸਰਕਾਰ ਨੇ ਇਮੀਗ੍ਰੇਸ਼ਨ ਵਿਚ 4 ਗੁਣਾ ਵਾਧਾ ਕੀਤਾ ਸੀ, ਜਿਸ ਨਾਲ ਸਿਸਟਮ ਪੱਟੜੀ ਤੋਂ ਉੱਤਰ ਗਿਆ ਹੈ। ਅਜਿਹੀ ਸਥਿਤੀ ਵਿਚ ਕੀਰ ਸਟਾਰਮਰ ਦੀ ਸਰਕਾਰ ਇਸ ਵਿਚ ਬਦਲਾਅ ਕਰ ਰਹੀ ਹੈ ਤਾਂ ਜੋ ਇਸ ਸਿਸਟਮ ’ਤੇ ਦੁਬਾਰਾ ਕੰਟਰੋਲ ਸਥਾਪਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਹੈ ਕਿ ਜਲਦੀ ਹੀ ਇਸ ਦਿਸ਼ਾ ਵਿਚ ਹੋਰ ਕਦਮ ਚੁੱਕੇ ਜਾਣਗੇ।