ਬ੍ਰਿਟੇਨ ਦੇ ਹਸਪਤਾਲਾਂ ’ਚ ਐਮਰਜੈਂਸੀ ਸੇਵਾਵਾਂ ਠੱਪ, ਸਿਹਤ ਵਿਵਸਥਾ ਦੀ ਖੁੱਲ੍ਹੀ ਪੋਲ
Wednesday, Nov 05, 2025 - 04:35 AM (IST)
ਲੰਡਨ (ਸਰਬਜੀਤ ਸਿੰਘ ਬਨੂੜ) – ਕਦੇ ਸੰਸਾਰ ਦੀ ਸਭ ਤੋਂ ਵਧੀਆ ਸਿਹਤ ਪ੍ਰਣਾਲੀ ਮੰਨੀ ਜਾਣ ਵਾਲੀ ਨੈਸ਼ਨਲ ਹੈਲਥ ਸਰਵਿਸ (ਐੱਨ. ਐੱਚ. ਐੱਸ.) ਅੱਜ ਗੰਭੀਰ ਸੰਕਟ ਦੇ ਮੋੜ ’ਤੇ ਖੜ੍ਹੀ ਹੈ। ਪੂਰੇ ਇੰਗਲੈਂਡ ਦੇ ਹਸਪਤਾਲਾਂ ਵਿਚ ਐਮਰਜੈਂਸੀ ਸੇਵਾਵਾਂ ਠੱਪ ਹੋ ਚੁੱਕੀਆਂ ਹਨ। ਮਰੀਜ਼ਾਂ ਨੂੰ ਡਾਕਟਰੀ ਸਹਾਇਤਾ ਲਈ 7 ਤੋਂ 8 ਘੰਟਿਆਂ ਤੱਕ ਉਡੀਕ ਕਰਨੀ ਪੈ ਰਹੀ ਹੈ, ਜਦਕਿ ਐਂਬੂਲੈਂਸ ਸੇਵਾਵਾਂ ਦੀ ਪ੍ਰਤੀਕਿਰਿਆ ਤਾਂ 3 ਤੋਂ 4 ਘੰਟਿਆਂ ਤੱਕ ਦੇਰ ਨਾਲ ਹੋ ਰਹੀ ਹੈ। ਇਹ ਹਾਲਾਤ ਨਾ ਸਿਰਫ਼ ਸਿਹਤ ਪ੍ਰਬੰਧਾਂ ਦੀ ਨਾਕਾਮੀ ਦਰਸਾਉਂਦੇ ਹਨ, ਸਗੋਂ ਮਨੁੱਖੀ ਜਾਨਾਂ ਨਾਲ ਖਿਲਵਾੜ ਦੀ ਚਿਤਾਵਨੀ ਵੀ ਹਨ।
ਨੈਸ਼ਨਲ ਹੈਲਥ ਸਰਵਿਸ ਇੰਗਲੈਂਡ ਦੇ ਤਾਜ਼ਾ ਅੰਕੜਿਆਂ ਅਨੁਸਾਰ ਸਾਲ 2023–24 ਦੌਰਾਨ ਸਿਰਫ਼ 72.1 ਫੀਸਦੀ ਮਰੀਜ਼ਾਂ ਨੂੰ ਹੀ ਐਮਰਜੈਂਸੀ ਵਿਭਾਗ ਵਿਚ ਆਉਣ ਤੋਂ ਬਾਅਦ 4 ਘੰਟਿਆਂ ਦੇ ਅੰਦਰ ਸਹਾਇਤਾ ਜਾਂ ਛੁੱਟੀ ਮਿਲੀ। ਇਹ ਅੰਕੜਾ ਸਰਕਾਰ ਵੱਲੋਂ ਨਿਰਧਾਰਤ 95 ਫੀਸਦੀ ਦੇ ਟੀਚੇ ਤੋਂ ਕਈ ਗੁਣਾ ਘੱਟ ਹੈ।
ਦਸੰਬਰ 2022 ਵਿਚ ਉਹ ਮਰੀਜ਼ ਜੋ ਭਰਤੀ ਹੋਣ ਵਾਲੇ ਸਨ, ਦਾ ਔਸਤ ਉਡੀਕ ਸਮਾਂ 7 ਘੰਟੇ 39 ਮਿੰਟ ਦਰਜ ਕੀਤਾ ਗਿਆ, ਜੋ ਕਿਸੇ ਵੀ ਵਿਕਸਿਤ ਦੇਸ਼ ਲਈ ਚਿੰਤਾਜਨਕ ਸੰਕੇਤ ਹੈ।
ਐਂਬੂਲੈਂਸਾਂ ਦੇ ਪਹੀਏ ਰੁਕੇ
ਨੂਫੀਲਡ ਟਰੱਸਟ ਦੀ ਰਿਪੋਰਟ ਮੁਤਾਬਕ 2023–24 ਵਿਚ ‘ਕੈਟੇਗਰੀ 2’ ਐਮਰਜੈਂਸੀ ਕਾਲਾਂ ਲਈ ਐਂਬੂਲੈਂਸ ਦੀ ਔਸਤ ਪ੍ਰਤੀਕਿਰਿਆ 27 ਮਿੰਟ 54 ਸਕਿੰਟ ਰਹੀ, ਜਦਕਿ ਮਿਆਰੀ ਟੀਚਾ ਸਿਰਫ 18 ਮਿੰਟ ਦਾ ਸੀ। 90 ਫੀਸਦੀ ਮਰੀਜ਼ਾਂ ਤੱਕ ਪਹੁੰਚਣ ਲਈ ਇਹ ਸਮਾਂ ਲੱਗਭਗ 3 ਤੋਂ 4 ਘੰਟੇ ਜਾਂ ਇਸ ਤੋਂ ਵੀ ਵੱਧ ਲੱਗ ਰਿਹਾ ਹੈ। ਅੰਕੜੇ ਦਰਸਾਉਂਦੇ ਹਨ ਕਿ ਕਈ ਹਾਲਾਤ ਵਿਚ ਐਂਬੂਲੈਂਸਾਂ ਹਸਪਤਾਲ ਦੇ ਬਾਹਰ ਹੀ ਘੰਟਿਆਂ ਤੱਕ ਖੜ੍ਹੀਆਂ ਰਹਿੰਦੀਆਂ ਹਨ ਕਿਉਂਕਿ ਅੰਦਰ ਬੈੱਡ ਖਾਲੀ ਨਹੀਂ ਹੁੰਦੇ। ਬੀਤੇ ਦਿਨੀਂ ਇਕ ਹਸਪਤਾਲ ’ਚ ਦਿਲ ਦੀ ਸਮੱਸਿਆ ਤੋਂ ਪੀੜਤ ਇਕ ਮਰੀਜ਼ ਦੇ ਬਲੱਡ ਟੈਸਟ ਨਤੀਜਿਆਂ ਲਈ 6 ਘੰਟਿਆਂ ਤੱਕ ਉਡੀਕ ਕਰਨੀ ਪਈ।
ਬ੍ਰਿਟੇਨ ’ਚ ਬਜ਼ੁਰਗ ਮਰੀਜ਼ ਸਭ ਤੋਂ ਵੱਧ ਪੀੜਤ
ਇੰਗਲੈਂਡ ਵਿਚ 2024–25 ਦੌਰਾਨ 90 ਸਾਲ ਜਾਂ ਇਸ ਤੋਂ ਵੱਧ ਉਮਰ ਵਾਲੇ ਲੱਗਭਗ 1.5 ਲੱਖ ਮਰੀਜ਼ਾਂ ਨੇ ਐਮਰਜੈਂਸੀ ਵਿਭਾਗਾਂ ਵਿਚ 12 ਘੰਟਿਆਂ ਤੋਂ ਵੱਧ ਸਮੇਂ ਤੱਕ ਉਡੀਕ ਕੀਤੀ। ਇਹ ਉਡੀਕ ਸਿਰਫ਼ ਅੰਕੜਾ ਨਹੀਂ, ਸਗੋਂ ਮਨੁੱਖੀ ਦੁੱਖਾਂ ਦੀ ਕਥਾ ਹੈ, ਜਿੱਥੇ ਬਜ਼ੁਰਗ ਮਰੀਜ਼ਾਂ ਨੂੰ ਕੁਰਸੀਆਂ ’ਤੇ ਜਾਂ ਗਲਿਆਰਿਆਂ ਵਿਚ ਬੈਠ ਕੇ ਇਲਾਜ ਲਈ ਉਡੀਕ ਕਰਨੀ ਪੈ ਰਹੀ ਹੈ। ਕਈ ਮਰੀਜ਼ਾਂ ਨੂੰ ਹਸਪਤਾਲਾਂ ਦੇ ਗਲਿਆਰਿਆਂ ਵਿਚ ਹੀ ਰੱਖਿਆ ਜਾਂਦਾ ਹੈ, ਜਿੱਥੇ ਨਾ ਪੂਰੀ ਨਿਗਰਾਨੀ ਹੁੰਦੀ ਹੈ ਤੇ ਨਾ ਹੀ ਇਨਸਾਨੀ ਸਨਮਾਨ। ਉੱਥੇ ਘੰਟਿਆਂਬੱਧੀ ਮਰੀਜ਼ਾਂ ਨੂੰ ਡਾਕਟਰੀ ਸਹਾਇਤਾ ਲਈ ਬੈਠਣ ਲਈ ਮਜਬੂਰ ਹੋਣਾ ਪੈਂਦਾ ਹੈ।
ਰਾਤ ਦੀ ਡਿਊਟੀ ਕਰਨ ਵਾਲੇ ਸਿਹਤ ਕਰਮਚਾਰੀ ਵੀ ਹੱਦੋਂ ਵੱਧ ਥੱਕੇ
ਡਾਕਟਰਾਂ ਅਤੇ ਨਰਸਾਂ ਦੀਆਂ ਯੂਨੀਅਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਸਟਾਫ਼ ਦੀ ਘਾਟ, ਘੱਟ ਤਨਖ਼ਾਹਾਂ ਅਤੇ ਵਧ ਰਹੇ ਮਰੀਜ਼ਾਂ ਦੇ ਬੋਝ ਨੇ ਪੂਰੇ ਸਿਸਟਮ ਨੂੰ ਚਰਮਰਾਉਣ ਦੇ ਕੰਢੇ ’ਤੇ ਲਿਆ ਖੜ੍ਹਾ ਕੀਤਾ ਹੈ। ਇਕ ਪੰਜਾਬੀ ਨਰਸ ਨੇ ਦੱਸਿਆ ਕਿ ਅਸੀਂ ਸਿਰਫ ਇਨਸਾਨੀਅਤ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਕਈ ਵਾਰ ਵਿਲਕਦੇ ਬੱਚੇ ਤੇ ਬਜ਼ੁਰਗ ਵੇਖੇ ਨਹੀਂ ਜਾਂਦੇ।
ਟੁੱਟ ਰਿਹਾ ਭਰੋਸਾ
ਇਕ ਸਰਕਾਰੀ ਸਰਵੇਖਣ ਅਨੁਸਾਰ ਪਿਛਲੇ ਸਾਲਾਂ ਵਿਚ ਨੈਸ਼ਨਲ ਹੈਲਥ ਸਰਵਿਸ ਇੰਗਲੈਂਡ ’ਤੇ ਲੋਕਾਂ ਦਾ ਭਰੋਸਾ ਲਗਾਤਾਰ ਘਟਿਆ ਹੈ। ਹਾਲਾਂਕਿ ਬ੍ਰਿਟੇਨ ਦੇ ਲੋਕ ਅਜੇ ਵੀ ਨੈਸ਼ਨਲ ਹੈਲਥ ਸਰਵਿਸ ਨੂੰ ‘ਰਾਸ਼ਟਰੀ ਮਾਣ’ ਮੰਨਦੇ ਹਨ ਪਰ ਸਰਕਾਰੀ ਨੀਤੀਆਂ ਅਤੇ ਫੰਡਾਂ ਦੀ ਘਾਟ ਨੇ ਇਸ ਦੇ ਮਾਣ ਨੂੰ ਠੇਸ ਪਹੁੰਚਾਈ ਹੈ।
