ਬ੍ਰਿਟੇਨ ''ਚ ਠੰਡ ਦਾ ਕਹਿਰ ਜਾਰੀ, ਪਾਰਾ -9 ਡਿਗਰੀ ਤੱਕ ਡਿੱਗਿਆ, ਬਰਫੀਲਾ ਤੂਫਾਨ ਅਤੇ ਹੜ੍ਹ ਆਉਣ ਦਾ ਖਤਰਾ (ਤਸਵੀਰਾਂ)

01/13/2017 6:24:15 PM

ਲੰਡਨ— ਬ੍ਰਿਟੇਨ ਵਿਚ ਇਸ ਸਮੇਂ ਰਿਕਾਰਡਤੋੜ ਠੰਡ ਪੈ ਰਹੀ ਹੈ ਅਤੇ ਪਾਰਾ ਡਿੱਗ ਕੇ ਮਨਫੀ 9 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਬਰਫਬਾਰੀ ਅਤੇ ਹੜ੍ਹ ਨੂੰ ਲੈ ਕੇ ਐਲਰਟ ਜਾਰੀ ਕਰ ਦਿੱਤਾ ਗਿਆ ਹੈ। ਉੱਤਰੀ ਤੱਟ ਵਿਚ ਹੜ੍ਹ ਆਉਣ ਦੇ ਖਦਸ਼ੇ ਨੂੰ ਦੇਖਦੇ ਹੋਏ ਵੱਡੀ ਗਿਣਤੀ ਵਿਚ ਮਕਾਨਾਂ ਅਤੇ ਇਮਾਰਤਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ ਅਤੇ ਫੌਜ ਦੇ ਜਵਾਨਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਖਤਰੇ ਨੂੰ ਦੇਖਦੇ ਹੋਏ 80 ਫਲਾਈਟਾਂ ਨੂੰ ਰੱਦ ਕਰ ਦਿੱਤਾ ਗਿਆ ਹੈ। 
ਮੌਸਮ ਵਿਭਾਗ ਨੇ ਇੰਗਲੈਂਡ, ਸਕਾਟਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਵਿਚ ਤੇਜ਼ ਬਰਫੀਲੀਆਂ ਹਵਾਵਾਂ ਚੱਲਣ ਅਤੇ ਬਰਫਬਾਰੀ ਸੰਬੰਧੀ ਚਿਤਾਵਨੀ ਦਿੱਤੀ ਗਈ ਹੈ। ਇਨ੍ਹਾਂ ਖੇਤਰਾਂ ਵਿਚ ਕੜਾਕੇ ਦੀ ਠੰਡ ਪੈ ਰਹੀ ਹੈ। ਬਰਫਬਾਰੀ ਦੇ ਖਦਸ਼ੇ ਨੂੰ ਦੇਖਦੇ ਹੋਏ ਇੱਥੇ ''ਯੈਲੋ ਵਾਰਨਿੰਗ'' ਯਾਨੀ ਕਿ ਪੀਲਾ ਐਲਰਟ ਜਾਰੀ ਕਰ ਦਿੱਤਾ ਗਿਆ ਹੈ। ਕਈ ਹਿੱਸਿਆਂ ਵਿਚ 7 ਇੰਚ ਤੱਕ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਯੂ. ਕੇ. ਵਿਚ ਹੜ੍ਹ ਨੂੰ ਦੇਖਦੇ ਹੋਏ ਹੁਣ ਤੱਕ 67 ਚਿਤਾਵਨੀ, 76 ਐਲਰਟ ਅਤੇ 7 ਗੰਭੀਰ ਚਿਤਾਵਨੀਆਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਹੜ੍ਹ ਦੇ ਖਤਰੇ ਵਾਲੇ ਇਲਾਕਿਆਂ ਦੀ ਪਛਾਣ ਕਰਕੇ ਲਿੰਕਨਸ਼ਾਇਰ, ਨਾਰਫਲਾਕ, ਅਸੈਕਸ ਖੇਤਰ ਵਿਚ 1100 ਇਮਾਰਤਾਂ ਨੂੰ ਖਾਲੀ ਕਰਵਾ ਲਿਆ ਗਿਆ। ਬਰਫਬਾਰੀ ਅਤੇ ਖਰਾਬ ਮੌਸਮ ਦੇ ਕਾਰਨ ਸਕੂਲਾਂ ਅਤੇ ਆਫਿਸਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਲੰਡਨ ਦੇ ਹੀਥਰੋ ਏਅਰਪੋਰਟ ਦੇ ਅਫਸਰਾਂ ਨੇ ਦੱਸਿਆ ਕਿ 80 ਉਡਾਣਾਂ ਨੂੰ ਹੁਣ ਤੱਕ ਰੱਦ ਕਰ ਦਿੱਤਾ ਗਿਆ। ਗੈਟਵਿਕ ਏਅਰਪੋਰਟ ''ਤੇ ਵੀ ਚਾਰ ਉਡਾਣਾਂ ਰੱਦ ਕੀਤੀਆਂ ਗਈਆਂ ਹਨ।

Kulvinder Mahi

News Editor

Related News