ਬ੍ਰਿਟੇਨ ਪੁਲਸ ਨੇ ਤੌਲੀਏ ਤੇ ਬਾਥਰੋਬ ਜ਼ਰੀਏ ਹੈਰੋਇਨ ਤਸਕਰੀ ਦਾ ਕੀਤਾ ਖੁਲਾਸਾ
Wednesday, Sep 04, 2019 - 04:12 PM (IST)

ਲੰਡਨ (ਬਿਊਰੋ)— ਬ੍ਰਿਟੇਨ ਦੇ ਇਤਿਹਾਸ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਹੈਰੋਇਨ ਜ਼ਬਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬ੍ਰਿਟੇਨ ਦੀ ਨੈਸ਼ਨਲ ਕ੍ਰਾਈਮ ਏਜੰਸੀ ਨੇ ਬੁੱਧਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਏਜੰਸੀ ਮੁਤਾਬਕ,''ਇਕ ਕੰਟੇਨਰ ਸ਼ਿਪ ਤੋਂ ਕਰੀਬ 1.3 ਟਨ ਹੈਰੋਇਨ ਬਰਾਮਦ ਕੀਤੀ ਗਈ, ਜੋ ਹੈਰੋਇਨ ਜ਼ਬਤ ਕਰਨ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਮਾਮਲਾ ਹੈ। 30 ਅਗਸਤ ਨੂੰ ਦੱਖਣੀ ਇੰਗਲੈਂਡ ਦੀ ਬੰਦਰਗਾਹ 'ਤੇ ਅਧਿਕਾਰੀਆਂ ਨੇ ਐੱਮ.ਵੀ. ਜਿਬਰਾਲਟਰ 'ਤੇ ਛਾਪਾ ਮਾਰਿਆ। ਇੱਥੇ ਬ੍ਰਿਟਿਸ਼ ਪੁਲਸ ਨੇ 120 ਮਿਲੀਅਨ ਪੌਂਡ ਮਤਲਬ 145 ਮਿਲੀਅਨ ਡਾਲਰ ਦੀ ਕੀਮਤ ਵਾਲੀ ਹੈਰੋਇਨ ਬਰਾਮਦ ਕੀਤੀ।''
ਬਾਰਡਰ ਫੋਰਸ ਸਹਾਇਕ ਡਾਇਰੈਕਟਰ ਜੇਨੀ ਸ਼ਾਰਪ ਨੇ ਦੱਸਿਆ,''ਸਮਗਲਰਾਂ ਨੇ ਡਰੱਗਜ਼ ਨੂੰ ਤੌਲੀਏ ਦੇ ਕਵਰਲੋਡ ਦੇ ਅੰਦਰ ਲੁਕੋ ਕੇ ਰੱਖਿਆ ਸੀ। ਕੁਝ ਤੌਲੀਏ ਦੇ ਅੰਦਰ 1 ਕਿਲੋਗ੍ਰਾਮ ਹੈਰੋਇਨ ਦੇ ਬਲਾਕ ਸਟਿਚ ਕਰ ਕੇ ਲੁਕੋਏ ਗਏ ਸਨ।'' ਉਨ੍ਹਾਂ ਨੇ ਦੱਸਿਆ ਕਿ ਇਸ ਪੂਰੇ ਮਾਮਲੇ ਵਿਚ ਉਨ੍ਹਾਂ ਦੇ ਅਧਿਕਾਰੀਆਂ ਨੂੰ ਕਰੀਬ 6 ਘੰਟੇ ਲੱਗੇ। ਇਸ ਮਗਰੋਂ ਕੰਟੇਨਰ ਨੂੰ ਵਾਪਸ ਜਹਾਜ਼ ਵਿਚ ਰੱਖ ਦਿੱਤਾ ਗਿਆ ਜੋ ਰੌਟਰਡਮ ਤੋਂ ਐਂਟਵਰਪ ਜਾ ਰਿਹਾ ਸੀ। ਡਚ ਅਤੇ ਬੈਲਜ਼ੀਅਨ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਕੰਟੇਨਰ ਨੂੰ ਟਰੈਕ ਕੀਤਾ ਅਤੇ ਇਸ ਨੂੰ ਲੈਣ ਆਏ 4 ਦੋਸ਼ੀਆਂ ਨੂੰ ਫੜਨ ਵਿਚ ਸਫਲਤਾ ਹਾਸਲ ਕੀਤੀ।