ਬ੍ਰਿਟੇਨ ਨੇ G7 ’ਚ ਰੂਸ ਦੀ ਵਾਪਸੀ ਤੋਂ ਨਹੀਂ ਕੀਤਾ ਇਨਕਾਰ
Wednesday, Feb 26, 2025 - 11:04 AM (IST)

ਲੰਡਨ (ਏਜੰਸੀ)- ਬ੍ਰਿਟੇਨ ਨੇ ਰੂਸ ਦੇ ਗਰੁੱਪ ਆਫ ਸੈਵਨ (ਜੀ-7) ’ਚ ਵਾਪਸ ਆਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਹੈ ਅਤੇ ਇਹ ਲੰਡਨ ਦੇ ਸਹਿਯੋਗੀਆਂ ਨਾਲ ਚਰਚਾ ਦਾ ਵਿਸ਼ਾ ਹੋਵੇਗਾ। ਬ੍ਰਿਟੇਨ ਦੇ ਗ੍ਰਹਿ ਉਪ ਮੰਤਰੀ ਡੈਨ ਜਾਰਵਿਸ ਨੂੰ ਜਦੋਂ ਸੋਮਵਾਰ ਨੂੰ ਪੁੱਛਿਆ ਗਿਆ ਕਿ ਕੀ ਰੂਸ ਨੂੰ ਜੀ-7 ’ਚ ਮੁੜ ਸ਼ਾਮਲ ਹੋਣ ਦੀ ਮਨਜ਼ੂਰੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਉਨ੍ਹਾਂ ਦਿ ਟਾਈਮਜ਼ ਨੂੰ ਕਿਹਾ ‘ਇਹ ਇਕ ਅਜਿਹਾ ਮਾਮਲਾ ਹੈ, ਜਿਸ ’ਤੇ ਅੰਤਰਰਾਸ਼ਟਰੀ ਭਾਈਵਾਲਾਂ ਨਾਲ ਚਰਚਾ ਕੀਤੀ ਜਾਵੇਗੀ। ਇਸ ’ਤੇ ਯੂਕ੍ਰੇਨ ’ਚ ਸੰਘਰਸ਼ ਖਤਮ ਹੋਣ ਤੋਂ ਬਾਅਦ ਬਿਨਾਂ ਸ਼ੱਕ ਵਿਚਾਰ ਕੀਤਾ ਜਾਵੇਗਾ।’
ਜਾਰਵਿਸ ਨੇ ਕਿਹਾ ਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਭਵਿੱਖ ’ਚ ਗੱਲਬਾਤ ਵਿਚ ਰੂਸ ਦੀ ਜੀ-7 ’ਚ ਵਾਪਸੀ ਦਾ ਮੁੱਦਾ ਉਠਾ ਸਕਦੇ ਹਨ। ਇਸ ਤੋਂ ਪਹਿਲਾਂ ਫਰਵਰੀ ’ਚ ਟਰੰਪ ਨੇ ਕਿਹਾ ਸੀ ਕਿ ਉਹ ਰੂਸ ਨੂੰ ਜੀ-7 ’ਚ ਵਾਪਸ ਦੇਖਣਾ ਚਾਹੁੰਦੇ ਹਨ। ਉਨ੍ਹਾਂ 2014 ’ਚ ਦੇਸ਼ ਨੂੰ ਸਿਆਸੀ ਮੰਚ ਤੋਂ ਬਾਹਰ ਕੱਢਣ ਦੇ ਫੈਸਲੇ ਨੂੰ ‘ਗਲਤੀ’ ਦੱਸਿਆ ਸੀ।