ਹਿੰਸਾ ਦੀ ਅੱਗ 'ਚ ਸੜਦਾ ਬ੍ਰਿਟੇਨ, ਪੂਰੀ ਰਾਤ ਚੱਲੀ ਦੰਗੇਬਾਜ਼ ਗੋਰਿਆਂ ਦੀ ਫੜੋ-ਫੜੀ
Friday, Aug 09, 2024 - 10:17 AM (IST)
ਇੰਟਰਨੈਸ਼ਨਲ ਡੈਸਕ (ਬਿਊਰੋ) ਬ੍ਰਿਟੇਨ ’ਚ ਬੁੱਧਵਾਰ ਪੂਰੀ ਰਾਤ ਚੱਲੀ ਦੰਗੇਬਾਜ਼ਾਂ ਦੀ ਫੜੋ-ਫੜੀ ਦੇ ਬਾਵਜੂਦ ਬ੍ਰਿਟੇਨ ਵਿਚ 29 ਜੁਲਾਈ ਨੂੰ ਸ਼ੁਰੂ ਹੋਈ ਦੰਗਿਆਂ ਦੀ ਅੱਗ ਘੱਟ ਹੋਣ ਦਾ ਨਾਂ ਨਹੀਂ ਲੈ ਰਹੀ। ਰਾਈਟ ਵਿੰਗ ਦੇ ਦੰਗੇਬਾਜ਼ ਗੋਰਿਆਂ ਨੇ ਅਗਲੇ ਹਫ਼ਤੇ ਫਿਰ ਬ੍ਰਿਟੇਨ ਦੇ ਵੱਖ-ਵੱਖ ਹਿੱਸਿਆਂ ਵਿਚ ਵਿਖਾਵਿਆਂ ਦਾ ਪ੍ਰੋਗਰਾਮ ਤਿਆਰ ਕੀਤਾ ਹੈ। ਪ੍ਰੋਗਰਾਮ ਮੁਤਾਬਕ 9 ਅਗਸਤ ਨੂੰ ਬੇਲਮੀਨਾ, 10 ਅਗਸਤ ਨੂੰ ਲਿਵਰਪੂਲ, ਨਿਊ ਕੈਸਲ, ਸ਼ਰੂਜ਼ਬਰੀ, ਸੈਲਫੋਰਡ, 17 ਅਗਸਤ ਨੂੰ ਟਾਂਟਨ, ਬਰਮਿੰਘਮ, ਡਾਵਰ, 18 ਅਗਸਤ ਨੂੰ ਬਰਨੀਮਾਊਥ, 7 ਸਤੰਬਰ ਨੂੰ ਗਲਾਸਗੋ ਅਤੇ 14 ਸਤੰਬਰ ਨੂੰ ਬਰਮਿੰਘਮ ਵਿਚ ਵਿਖਾਵਾ ਕੀਤਾ ਜਾ ਸਕਦਾ ਹੈ।
ਹਾਲਾਂਕਿ ਇੰਗਲੈਂਡ ਦੀ ਪੁਲਸ ਬੁੱਧਵਾਰ ਪੂਰਾ ਦਿਨ ਸੜਕਾਂ ’ਤੇ ਰਹੀ ਅਤੇ ਪੁਲਸ ਨੂੰ ਦੰਗੇਬਾਜ਼ਾਂ ਨਾਲ ਨਜਿੱਠਣ ਲਈ ਸਖਤ ਮਿਹਨਤ ਕਰਨੀ ਪਈ। ਵਿਖਾਵਿਆਂ ਨੂੰ ਰੋਕਣ ਲਈ ਪੁਲਸ ਨੇ ਬੁੱਧਵਾਰ ਰਾਤ ਭਰ ਆਪ੍ਰੇਸ਼ਨ ਚਲਾਇਆ। ਬ੍ਰਿਟੇਨ ਦੀ ਸਭ ਤੋਂ ਵੱਡੀ ਪੁਲਸ ਫੋਰਸ ਦੇ ਮੁਖੀ ਮਾਰਕ ਰੋਲੀ ਨੇ ਦੱਸਿਆ ਕਿ ਪੁਲਸ ਨੇ ਸਭ ਤੋਂ ਪਹਿਲਾਂ ਅਜਿਹੇ ਵਿਖਾਵਾਕਾਰੀਆਂ ਦੀ ਪਛਾਣ ਕੀਤੀ, ਜੋ ਹਿੰਸਾ ਫੈਲਾਉਣ ’ਚ ਸਭ ਤੋਂ ਅੱਗੇ ਸਨ। ਪੁਲਸ ਨੇ ਅਜਿਹੇ 20 ਵਿਖਾਵਾਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਵਿਚੋਂ 70 ਫੀਸਦੀ ਦਾ ਅਪਰਾਧਕ ਪਿਛੋਕੜ ਹੈ। ਇਸ ਮਾਮਲੇ ’ਚ ਲੰਡਨ ਦੀ ਮੈਟਰੋਪੋਲੀਟਨ ਪੁਲਸ ਨੇ ਵੀ ਕੇਂਦਰੀ ਪੁਲਸ ਫੋਰਸ ਦਾ ਸਾਥ ਦਿੱਤਾ ਅਤੇ ਸੜਕਾਂ ’ਤੇ ਵਿਖਾਵਾਕਾਰੀਆਂ ਨਾਲ ਨਜਿੱਠਣ ’ਚ ਜੁਟੀ ਰਹੀ। ਇਸ ਵਿਚਾਲੇ ਪੁਲਸ ਨੇ ਹੁਣ ਤਕ ਦੰਗਿਆਂ ਦੇ ਮਾਮਲੇ ’ਚ 483 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ 149 ਵਿਅਕਤੀਆਂ ਖਿਲਾਫ ਦੋਸ਼ ਤੈਅ ਕੀਤੇ ਗਏ ਹਨ।
ਦੰਗਿਆਂ ਦੇ 2 ਮੁਲਜ਼ਮਾਂ ਨੂੰ 5 ਸਾਲ ਤੋਂ ਵੱਧ ਦੀ ਸਜ਼ਾ
ਸਾਊਥ ਪੋਰਟ ਦੀ ਮਸਜਿਦ ਦੇ ਬਾਹਰ ਦੰਗਾ ਕਰਨ ਦੇ ਦੋਸ਼ ਵਿਚ 43 ਸਾਲਾ ਜਾਨ ਓ ਮੈਲੇ ਨੂੰ ਸਜ਼ਾ ਸੁਣਾਈ ਗਈ ਹੈ। ਜਾਨ ਨੇ ਪਿਛਲੇ ਹਫਤੇ ਮਸਜਿਦ ਦੇ ਬਾਹਰ ਇਕ ਹਜ਼ਾਰ ਤੋਂ ਵੱਧ ਲੋਕਾਂ ਦੀ ਭੀੜ ਨਾਲ ਦੰਗਾ ਕੀਤਾ ਸੀ, ਜਦੋਂਕਿ 69 ਸਾਲਾ ਵਿਲੀਅਮ ਨੈਲਸਨ ਮੋਰਗਨ ਨੂੰ ਵੀ ਸਜ਼ਾ ਸੁਣਾਈ ਗਈ ਹੈ। ਦੋਵਾਂ ਨੂੰ 5 ਸਾਲ ਤੋਂ ਵੱਧ ਸਮੇਂ ਲਈ ਜੇਲ੍ਹ ਵਿਚ ਰਹਿਣਾ ਪਵੇਗਾ। ਮੋਰਗਨ ਨੇ ਲਿਵਰਪੂਲ ’ਚ ਜਾਨਲੇਵਾ ਹਥਿਆਰਾਂ ਦੇ ਨਾਲ ਵਿਖਾਵਾ ਕਰਨ ਦੀ ਗੱਲ ਮੰਨੀ ਸੀ। ਇਨ੍ਹਾਂ ਦੋਵਾਂ ਨੂੰ ਲਾਈਵ ਟੈਲੀਵਿਜ਼ਨ ’ਤੇ ਸੁਣਵਾਈ ਦੌਰਾਨ ਸਜ਼ਾ ਦੇਣ ਦਾ ਐਲਾਨ ਕੀਤਾ ਗਿਆ। ਇਨ੍ਹਾਂ ਦੋਵਾਂ ਤੋਂ ਇਲਾਵਾ ਕਈ ਹੋਰ ਮੁਲਜ਼ਮਾਂ ਖਿਲਾਫ ਵੀ ਅਦਾਲਤ ’ਚ ਸੁਣਵਾਈ ਜਾਰੀ ਹੈ ਅਤੇ ਜਲਦੀ ਹੀ ਹੋਰ ਲੋਕਾਂ ਨੂੰ ਵੀ ਸਜ਼ਾ ਦਾ ਐਲਾਨ ਹੋ ਸਕਦਾ ਹੈ। ਬੁੱਧਵਾਰ ਨੂੰ ਹੀ ਬ੍ਰਿਟੇਨ ਦੀਆਂ ਵੱਖ-ਵੱਖ ਅਦਾਲਤਾਂ ਨੇ ਦੰਗਿਆਂ ਵਿਚ ਸ਼ਾਮਲ 4 ਗੋਰਿਆਂ ਨੂੰ ਸਜ਼ਾ ਸੁਣਾਈ ਸੀ।
ਆਰਥਿਕ ਅਸਮਾਨਤਾ ਅਤੇ ਹੇਠਲੇ ਵਰਗ ਦੀ ਦਹਾਕਿਆਂ ਦੀ ਨਿਰਾਸ਼ਾ ਦਾ ਨਤੀਜਾ ਹਨ ਬ੍ਰਿਟੇਨ ਦੇ ਮੌਜੂਦਾ ਦੰਗੇ
ਬ੍ਰਿਟੇਨ ਵਿਚ ਚੱਲ ਰਹੇ ਦੰਗਿਆਂ ਨੇ ਦੁਨੀਆ ਨੂੰ 1934 ’ਚ ਵਰਥਿੰਗ ਸ਼ਹਿਰ ਵਿਚ ਹੋਏ ਦੰਗਿਆਂ ਦੀ ਯਾਦ ਦਿਵਾ ਦਿੱਤੀ ਹੈ। ਉਸ ਵੇਲੇ ਨਾਜ਼ੀ ਸਮਰਥਕ ਓਸਵਾਲਡ ਮੋਸਲੇ ਦੀ ਅਗਵਾਈ ’ਚ ਬ੍ਰਿਟਿਸ਼ ਯੂਨੀਅਨ ਆਫ ਫਾਸਿਸਟਸ ਦੇ ਮੈਂਬਰਾਂ ਤੇ ਫਾਸ਼ੀਵਾਦੀ ਵਿਖਾਵਾਕਾਰੀਆਂ ਵਿਚਾਲੇ ਟਕਰਾਅ ਤੋਂ ਬਾਅਦ ਦੰਗੇ ਹੋਏ ਸਨ ਅਤੇ ਲੜਾਈ ਉਸ ਵੇਲੇ ਤਕ ਜਾਰੀ ਰਹੀ ਸੀ ਜਦੋਂ ਤਕ ਪੁਲਸ ਨੇ ਕਈ ਫਾਸਿਸਟਾਂ ਨੂੰ ਗ੍ਰਿਫਤਾਰ ਨਹੀਂ ਕਰ ਲਿਆ। ਓਸਵਾਲਡ ਮੋਸਲੇ ਉਸ ਵੇਲੇ ਬ੍ਰਿਟੇਨ ਦੇ ਸਭ ਤੋਂ ਨੌਜਵਾਨ ਸੰਸਦ ਮੈਂਬਰਾਂ ਵਿਚੋਂ ਇਕ ਸਨ ਅਤੇ ਇਨ੍ਹਾਂ ਦੰਗਿਆਂ ਨੂੰ ਸਿਆਸੀ ਸਮਰਥਨ ਤੋਂ ਇਲਾਵਾ ਮੋਸਲੇ ਦੇ ਅਮੀਰ ਦੋਸਤਾਂ ਦਾ ਸਮਰਥਨ ਵੀ ਹਾਸਲ ਸੀ।
‘ਡੇਲੀ ਮੇਲ’ ਦੇ ਮਾਲਕ ਵਿਸਕਾਊਂਟ ਰੋਦਰਮੇਰੇ ਵੀ ਵਿਖਾਵਾਕਾਰੀਆਂ ਦਾ ਸਮਰਥਨ ਕਰ ਰਹੇ ਸਨ ਅਤੇ ਉਨ੍ਹਾਂ ਇਸ ਦੌਰਾਨ ‘ਡੇਲੀ ਮੇਲ’ ਵਿਚ ਕੁਝ ਆਰਟੀਕਲ ਵੀ ਛਾਪੇ ਸਨ ਪਰ ਮੌਜੂਦਾ ਸਮੇਂ ’ਚ ਬ੍ਰਿਟੇਨ ਵਿਚ ਹੋ ਰਹੇ ਦੰਗਿਆਂ ਪਿੱਛੇ ਇਸ ਤਰ੍ਹਾਂ ਦਾ ਸਮਰਥਨ ਨਹੀਂ ਹੈ। ਬ੍ਰਿਟੇਨ ਵਿਚ ਹੋ ਰਹੇ ਇਹ ਦੰਗੇ ਕਿਤੇ ਨਾ ਕਿਤੇ ਯੂ. ਕੇ. ’ਚ ਹੇਠਲੇ ਵਰਗ ਵਿਚ ਵਿਵਸਥਾ ਪ੍ਰਤੀ ਫੈਲ ਰਹੇ ਗੁੱਸੇ ਦਾ ਨਤੀਜਾ ਹਨ। ਅਸਲ ’ਚ ਬ੍ਰਿਟੇਨ ਦੇ ਹੇਠਲੇ ਵਰਗ ਨੂੰ ਦਹਾਕਿਆਂ ਤੋਂ ਪੀੜ੍ਹੀ-ਦਰ-ਪੀੜ੍ਹੀ ਬੇਰੋਜ਼ਗਾਰੀ, ਗਰੀਬੀ ਤੇ ਬੋਰੀਅਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਨ੍ਹਾਂ ਨੂੰ ਆਰਥਿਕ ਤੌਰ ’ਤੇ ਆਪਣਾ ਭਵਿੱਖ ਵੀ ਬਹੁਤਾ ਚੰਗਾ ਨਜ਼ਰ ਨਹੀਂ ਆ ਰਿਹਾ। ਦੰਗਿਆਂ ਦੌਰਾਨ ਲੁੱਟੀਆਂ ਹੋਈਆਂ ਦੁਕਾਨਾਂ ਅਤੇ ਸ਼ਰਨਾਰਥੀਆਂ ਨੂੰ ਰੱਖਣ ਵਾਲੇ ਹੋਟਲਾਂ ’ਤੇ ਹਮਲਿਆਂ ਦਾ ਸੁਨੇਹਾ ਇਹ ਹੈ ਕਿ ਕੋਈ ਸਾਡੀ ਗੱਲ ਨਹੀਂ ਸੁਣ ਰਿਹਾ ਅਤੇ ਅਸੀਂ ਨਿਰਾਸ਼ ਹਾਂ। ਹਾਲਾਂਕਿ ਮੱਧ ਵਰਗ ਦੇ ਵਿਸ਼ਾਲ ਬਹੁਮਤ ਨੇ ਹਿੰਸਾ ਦੀ ਨਿੰਦਾ ਕੀਤੀ ਹੈ ਅਤੇ ਇਹ ਵਰਗ ਇਸ ਮਾਮਲੇ ’ਚ ਭੁਲੇਖੇ ਵਿਚ ਪਿਆ ਜ਼ਿਆਦਾ ਨਜ਼ਰ ਆ ਰਿਹਾ ਹੈ।
ਬ੍ਰੈਂਡਨ ਓ’ ਨੀਲ ਨੇ ‘ਦਿ ਸਪੈਕਟੇਟਰ’ ਦੇ ਇਕ ਕਾਲਮ ਵਿਚ ਲਿਖਿਆ ਹੈ–‘‘ਨਿੰਦਾ ਕਾਫੀ ਨਹੀਂ ਹੈ। ਇਹ ਆਸਾਨ ਹਿੰਸਾ ਹੈ। ‘ਨਫਰਤ ਭਰੇ’ ਦੰਗਿਆਂ ਬਾਰੇ ਟਵੀਟ ਕਰਨਾ ਉਸ ਮੁਸ਼ਕਲ ਕੰਮ ਦੇ ਮੁਕਾਬਲੇ ਆਸਾਨ ਹੈ, ਜੋ ਹੁਣ ਸਾਡੇ ਸਾਹਮਣੇ ਹੈ। ਇਸ ਗੁੱਸੇ ਦੀ ਉਤਪਤੀ ਨੂੰ ਸਮਝਣਾ। ਇਹ ਪੁੱਛਣਾ ਕਿ ਲੋਕ ਇੰਨੇ ਗੁੱਸੇ ਵਿਚ ਕਿਉਂ ਹਨ।’’ ਓ’ ਨੀਲ ਲਿਖਦੇ ਹਨ–‘‘ਜੋ ਅਸੀਂ ਵੇਖ ਰਹੇ ਹਾਂ, ਉਹ ਸਿਰਫ ਕੱਟੜਪੰਥੀਆਂ ਦੀ ਬਗਾਵਤ ਨਹੀਂ ਹੈ, ਸਗੋਂ ਕੁਝ ਹੋਰ ਲੋਕਾਂ ਦੀ ਭਾਵਨਾ ਹੈ ਕਿ ਕੋਈ ਵੀ ਉਨ੍ਹਾਂ ਦੀ ਗੱਲ ਨਹੀਂ ਸੁਣਦਾ ਜਾਂ ਉਨ੍ਹਾਂ ਦੀ ਪ੍ਰਵਾਹ ਨਹੀਂ ਕਰਦਾ।’’
ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਟੇਨ 'ਚ ਮੁਸਲਮਾਨਾਂ ਖਿਲਾਫ ਸ਼ੁਰੂ ਹੋ ਸਕਦੈ ਹਿੰਸਾ ਦਾ ਨਵਾਂ ਦੌਰ, ਪ੍ਰਦਰਸ਼ਨਕਾਰੀਆਂ ਨੇ ਚੁਣੀਆਂ 11 ਖ਼ਾਸ ਥਾਵਾਂ
ਨਸਲਭੇਦੀ ਵਿਖਾਵਾਕਾਰੀਆਂ ਖਿਲਾਫ ਸੜਕਾਂ ’ਤੇ ਉਤਰੀ ਜਨਤਾ
ਪਿਛਲੇ 10 ਦਿਨਾਂ ਤੋਂ ਬ੍ਰਿਟੇਨ ਦੀਆਂ ਸੜਕਾਂ ’ਤੇ ਹੋ ਰਹੀ ਹਿੰਸਾ ਵਿਚਾਲੇ ਹੁਣ ਜਨਤਾ ਨੇ ਵੀ ਰਾਈਟ ਵਿੰਗ ਦੇ ਦੰਗੇਬਾਜ਼ ਗੋਰਿਆਂ ਖਿਲਾਫ ਸੜਕਾਂ ’ਤੇ ਉਤਰਨਾ ਸ਼ੁਰੂ ਕਰ ਦਿੱਤਾ ਹੈ। ਰਾਈਟ ਵਿੰਗ ਨੇ ਬੁੱਧਵਾਰ ਨੂੰ 100 ਥਾਵਾਂ ’ਤੇ ਵਿਖਾਵਾ ਕੀਤਾ ਤਾਂ ਇਸ ਦੇ ਜਵਾਬ ’ਚ 30 ਥਾਵਾਂ ’ਤੇ ਆਮ ਲੋਕਾਂ ਨੇ ਵੀ ਜਵਾਬੀ ਵਿਖਾਵਾ ਕੀਤਾ। ਪੁਲਸ ਮੁਤਾਬਕ 25 ਹਜ਼ਾਰ ਤੋਂ ਵੱਧ ਲੋਕ ਇਨ੍ਹਾਂ ਵਿਖਾਵਿਆਂ ਵਿਚ ਸ਼ਾਮਲ ਰਹੇ। ਪੁਲਸ ਦਾ ਦਾਅਵਾ ਹੈ ਕਿ ਜਨਤਾ ਦੇ ਸਹਿਯੋਗ ਅਤੇ ਪੁਲਸ ਦੀ ਸਰਗਰਮੀ ਕਾਰਨ ਹੁਣ ਰਾਈਟ ਵਿੰਗ ਦੇ ਵਿਖਾਵਾਕਾਰੀ ਕਮਜ਼ੋਰ ਪੈ ਰਹੇ ਹਨ ਪਰ ਇਸ ਦਾਅਵੇ ਦੇ ਬਾਵਜੂਦ ਬ੍ਰਿਟੇਨ ਵਿਚ ਅਜੇ ਤਕ ਸਥਿਤੀ ਆਮ ਵਰਗੀ ਨਹੀਂ ਹੋਈ ਅਤੇ ਲੋਕਾਂ ਵਿਚ ਡਰ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਕਈ ਸ਼ਹਿਰਾਂ ਵਿਚ ਦੁਕਾਨਾਂ ਤੇ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ ਅਤੇ ਇਨ੍ਹਾਂ ਦੰਗਿਆਂ ਕਾਰਨ ਬ੍ਰਿਟੇਨ ਦੀ ਇਮੇਜ ਕੌਮਾਂਤਰੀ ਪੱਧਰ ’ਤੇ ਪ੍ਰਭਾਵਿਤ ਹੋ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।