UK-ਕੈਨੇਡਾ ਮੌਜੂਦਾ ਯੂਰਪੀ ਸੰਘ ਦੀਆਂ ਸ਼ਰਤਾਂ ''ਤੇ ਵਪਾਰ ਜਾਰੀ ਰੱਖਣ ਲਈ ਸਹਿਮਤ

11/21/2020 10:49:28 PM

ਲੰਡਨ/ਓਟਾਵਾ- ਬ੍ਰਿਟੇਨ ਅਤੇ ਕੈਨੇਡਾ ਬ੍ਰੈਗਜ਼ਿਟ ਦਾ ਟ੍ਰਾਂਜੀਸ਼ਨ ਸਮਾਂ ਖ਼ਤਮ ਹੋਣ ਤੋਂ ਬਾਅਦ ਕੁਝ ਸਮੇਂ ਤੱਕ ਲਈ ਮੌਜੂਦਾ ਯੂਰਪੀ ਸੰਘ ਸਮਝੌਤੇ ਦੀਆਂ ਸ਼ਰਤਾਂ ਮੁਤਾਬਕ ਹੀ ਆਪਸੀ ਵਪਾਰ ਜਾਰੀ ਰੱਖਣਗੇ। ਬ੍ਰਿਟੇਨ ਅਤੇ ਕੈਨੇਡਾ ਨੇ ਆਪਣੇ ਵਿਚਕਾਰ 27 ਅਰਬ ਡਾਲਰ ਦੇ ਮਾਲ ਤੇ ਸੇਵਾਵਾਂ ਦੇ ਪ੍ਰਵਾਹ ਨੂੰ ਨਿਰੰਤਰ ਬਣਾਈ ਰੱਖਣ ਲਈ ਸ਼ਨੀਵਾਰ ਨੂੰ ਇਸ ਸਬੰਧੀ ਅੰਤਰਿਮ ਸਮਝੌਤਾ ਕੀਤਾ ਹੈ।

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਤੇ ਕੈਨੇਡਾ ਦੇ ਪੀ. ਐੱਮ. ਜਸਟਿਨ ਟਰੂਡੋ ਅਤੇ ਉਨ੍ਹਾਂ ਦੇ ਸਬੰਧਤ ਵਪਾਰ ਮੰਤਰੀ ਇਸ ਸੌਦੇ ਨੂੰ ਚਿੰਨ੍ਹਤ ਕਰਨ ਲਈ ਆਨਲਾਈਨ ਵੀਡੀਓ ਕਾਲ 'ਤੇ ਜੁੜੇ।

ਬ੍ਰਿਟੇਨ, ਸੰਯੁਕਤ ਰਾਜ ਅਮਰੀਕਾ, ਚੀਨ, ਮੈਕਸੀਕੋ ਅਤੇ ਜਾਪਾਨ ਤੋਂ ਬਾਅਦ ਕੈਨੇਡਾ ਦਾ ਪੰਜਵਾਂ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ। ਬੌਰਿਸ ਜਾਨਸਨ ਨੇ ਇਕ ਬਿਆਨ ਵਿਚ ਕਿਹਾ, “ਬ੍ਰਿਟਿਸ਼ ਕਾਰੋਬਾਰ ਇਲੈਕਟ੍ਰਿਕ ਕਾਰਾਂ ਤੋਂ ਸਪਾਰਕਿੰਗ ਵਾਈਨ ਤੱਕ ਹਰ ਚੀਜ਼ ਨੂੰ ਕੈਨੇਡਾ ਵਿਚ ਬਰਾਮਦ ਕਰਦੇ ਹਨ ਅਤੇ ਅੱਜ ਦੇ ਸੌਦਾ ਨਾਲ ਇਹ ਸੁਨਿਸ਼ਚਿਤ ਹੋਵੇਗਾ ਕਿ ਸਾਡੇ ਸਬੰਧਤ ਮਜਬੂਤ ਹੋ ਰਹੇ ਹਨ।"

ਗੌਰਤਲਬ ਹੈ ਕਿ ਯੂ. ਕੇ. 2016 ਵਿਚ ਹੋਈ ਜਨਤਕ ਰਾਇਸ਼ੁਮਾਰੀ ਤੋਂ ਬਾਅਦ ਰਸਮੀ ਤੌਰ 'ਤੇ ਜਨਵਰੀ 2020 ਵਿਚ ਈ. ਯੂ. ਤੋਂ ਨਿਕਲ ਚੁੱਕਾ ਹੈ ਪਰ 31 ਦਸੰਬਰ ਤੱਕ ਲਈ ਮਿਲੇ ਟ੍ਰਾਂਜੀਸ਼ਨ ਸਮੇਂ ਤਹਿਤ ਉਹ ਹੁਣ ਵੀ ਈ. ਯੂ. ਦੇ ਨਿਯਮਾਂ ਦੀ ਪਾਲਣਾ ਕਰਦਾ ਹੈ ਅਤੇ ਦੋਹਾਂ ਵਿਚਕਾਰ ਵਪਾਰ ਵੀ ਪਹਿਲਾਂ ਦੀ ਤਰ੍ਹਾਂ ਹੀ ਹੈ। 31 ਦਸੰਬਰ ਨੂੰ ਟ੍ਰਾਂਜੀਸ਼ਨ ਸਮਾਂ ਖ਼ਤਮ ਹੋਣ 'ਤੇ ਯੂ. ਕੇ. ਆਪਣੇ ਆਪ ਹੀ ਯੂਰਪੀ ਸੰਘ (ਈ. ਯੂ.) ਦੇ ਮੁੱਖ ਵਪਾਰ ਪ੍ਰਬੰਧਾਂ ਤੋਂ ਬਾਹਰ ਹੋ ਜਾਏਗਾ, ਯਾਨੀ ਉਸ ਨੂੰ ਯੂਰਪ ਵਿਚ ਪਹਿਲਾਂ ਵਾਂਗ ਇਕ ਬਾਜ਼ਾਰ ਅਤੇ ਨਾਲ ਹੀ ਕਸਟਮਸ ਤੋਂ ਬਚਣ ਦਾ ਫਾਇਦਾ ਨਹੀਂ ਮਿਲੇਗਾ। ਇਸ ਲਈ ਟੈਰਿਫਾਂ ਤੋਂ ਬਚਣ ਲਈ ਯੂ. ਕੇ. ਦੁਵੱਲੇ ਵਪਾਰ ਸਮਝੌਤਿਆਂ ਲਈ ਗੱਲਬਾਤ ਕਰ ਰਿਹਾ ਹੈ।


Sanjeev

Content Editor

Related News