ਔਰਤ ਨੇ ਕੀਤੀ ਵਿਅਕਤੀ ਦੀ ਮੰਗ, ਦੇਵੇਗੀ 2 ਹਜ਼ਾਰ ਪੌਂਡ
Friday, Feb 08, 2019 - 11:36 AM (IST)
ਲੰਡਨ (ਬਿਊਰੋ)— ਆਧੁਨਿਕ ਸਮੇਂ ਵਿਚ ਲੋਕ ਆਪਣੀ ਲੋੜ ਮੁਤਾਬਕ ਵੈਬਸਾਈਟ 'ਤੇ ਇਸ਼ਤਿਹਾਰ ਦਿੰਦੇ ਹਨ। ਬ੍ਰਿਟੇਨ ਵਿਚ ਰਹਿੰਦੀ ਇਕ ਔਰਤ ਨੇ ਵੈਬਸਾਈਟ 'ਤੇ ਹੈਰਾਨ ਕਰ ਦੇਣ ਵਾਲਾ ਇਸ਼ਤਿਹਾਰ ਦਿੱਤਾ ਹੈ। ਇਸ਼ਤਿਹਾਰ ਵਿਚ ਔਰਤ ਨੇ ਖੁਦ ਲਈ ਫੈਸਲੇ ਲੈਣ ਵਾਲੇ ਵਿਅਕਤੀ ਦੀ ਮੰਗ ਕੀਤੀ ਹੈ। ਇਕ ਮਹੀਨੇ ਦੇ ਇਸ ਕੰਮ ਲਈ ਵਿਅਕਤੀ ਨੂੰ 2 ਹਜ਼ਾਰ ਪੌਂਡ (ਕਰੀਬ 1 ਲੱਖ 85 ਹਜ਼ਾਰ ਰੁਪਏ) ਮਿਲਣਗੇ। ਜੋ ਵੀ ਵਿਅਕਤੀ ਇਸ ਕੰਮ ਲਈ ਚੁਣਿਆ ਜਾਵੇਗਾ ਉਹ ਔਰਤ ਲਈ ਮੈਸੇਜ ਜਾਂ ਫੋਨ ਕਾਲ 'ਤੇ ਉਸ ਬਾਰੇ ਲਏ ਗਏ ਫੈਸਲਿਆਂ ਬਾਰੇ ਦੱਸ ਸਕੇਗਾ।
ਇਸ਼ਤਿਹਾਰ ਵਿਚ ਦਿੱਤੀ ਇਹ ਜਾਣਕਾਰੀ
ਵੈਬਸਾਈਟ 'ਤੇ ਦਿੱਤੇ ਇਸ਼ਤਿਹਾਰ ਵਿਚ ਔਰਤ ਨੇ ਦੱਸਿਆ ਕਿ ਉਹ ਬ੍ਰਿਟੇਨ ਦੇ ਬ੍ਰਿਸਟਲ ਵਿਚ ਰਹਿੰਦੀ ਹੈ। ਬੀਤੇ ਸਾਲਾਂ ਵਿਚ ਪਿਆਰ ਅਤੇ ਵਿੱਤ ਸਬੰਧੀ ਉਸ ਦੇ ਕਈ ਫੈਸਲੇ ਠੀਕ ਨਹੀਂ ਰਹੇ। ਲਿਹਾਜਾ ਉਹ ਚਾਹੁੰਦੀ ਹੈ ਕਿ ਕੋਈ ਹੋਰ ਸਮਝਦਾਰ ਵਿਅਕਤੀ ਉਸ ਲਈ ਸਹੀ ਫੈਸਲੇ ਲਵੇ। ਇਸ਼ਤਿਹਾਰ ਮੁਤਾਬਕ ਬੀਤੇ 12 ਮਹੀਨੇ ਵਿਚ ਔਰਤ ਨੂੰ ਇਕ ਵੱਡੀ ਉਮਰ ਦੇ ਵਿਅਕਤੀ 'ਤੇ ਭਰੋਸਾ ਕਰਨ ਕਾਰਨ ਪੈਸਿਆਂ ਦਾ ਕਾਫੀ ਨੁਕਸਾਨ ਹੋਇਆ। ਉਹ ਇਕ ਖਰਾਬ ਰਿਸ਼ਤੇ ਵਿਚ ਵੀ ਰਹੀ। ਇਸ ਦੇ ਇਲਾਵਾ ਉਹ ਛੋਟੇ-ਮੋਟੇ ਧੋਖਿਆਂ ਦਾ ਸ਼ਿਕਾਰ ਬਣਦੀ ਰਹੀ।
ਔਰਤ ਨੇ ਦੱਸਿਆ ਕਿ ਸਲਾਹ ਦੇਣ ਵਾਲਾ ਰੂਹਾਨੀ ਖੇਤਰ ਨਾਲ ਵੀ ਜੁੜਿਆ ਵਿਅਕਤੀ ਹੋ ਸਕਦਾ ਹੈ। ਉਸ ਨੂੰ ਕਿਸੇ ਬਾਹਰੀ ਵਿਅਕਤੀ ਦੇ ਮਾਰਗ ਦਰਸ਼ਨ ਦੀ ਸਖਤ ਲੋੜ ਹੈ ਕਿਉਂਕਿ ਖੁਦ ਦੇ ਬਾਰੇ ਵਿਚ ਉਹ ਸਹੀ ਫੈਸਲੇ ਨਹੀਂ ਲੈ ਪਾ ਰਹੀ।
ਇਸ਼ਤਿਹਾਰ ਵਿਚ ਦਿੱਤੇ ਇਹ ਨਿਰਦੇਸ਼
ਇਸ਼ਤਿਹਾਰ ਮੁਤਾਬਕ ਨੌਕਰੀ 'ਤੇ ਰੱਖੇ ਗਏ ਵਿਅਕਤੀ 'ਤੇ ਔਰਤ ਦਾ ਪੂਰਾ ਕੰਟਰੋਲ ਰਹੇਗਾ। ਉਹ ਉਸ ਕੋਲੋਂ ਕਿਸੇ ਵੀ ਸਮੇਂ ਅਤੇ ਕਿਸੇ ਵੀ ਮਾਮਲੇ 'ਤੇ ਫੈਸਲਾ ਮੰਗ ਸਕੇਗੀ। ਮਤਲਬ ਉਸ ਨੂੰ ਆਪਣੀ ਬਚੱਤ ਕਿੱਥੇ ਨਿਵੇਸ਼ ਕਰਨੀ ਹੈ। ਔਰਤ ਨੇ ਇਹ ਵੀ ਸਾਫ ਕੀਤਾ ਹੈ ਕਿ ਉਸ ਨੂੰ ਅਜਿਹਾ ਵਿਅਕਤੀ ਚਾਹੀਦਾ ਹੈ ਜੋ 24x7 ਉਸ ਲਈ ਮੌਜੂਦ ਰਹੇ ਅਤੇ ਤੁਰੰਤ ਜਵਾਬ ਦੇਵੇ।
ਵੈਬਸਾਈਟ ਦੇ ਬਾਨੀ ਕਾਈ ਫੇਲਰ ਦਾ ਕਹਿਣਾ ਹੈ ਕਿ ਕਈ ਲੋਕਾਂ ਲਈ ਇਹ ਹੈਰਾਨੀਜਨਕ ਹੋ ਸਕਦਾ ਹੈ ਪਰ ਆਧੁਨਿਕ ਜ਼ਿੰਦਗੀ ਦੇ ਦਬਾਆਂ ਵਿਚ ਕਈ ਲੋਕਾਂ ਦੇ ਮਨ ਵਿਚ ਇਸ ਤਰ੍ਹਾਂ ਦੇ ਵਿਚਾਰ ਆ ਸਕਦੇ ਹਨ। ਮੇਰਾ ਮੰਨਣਾ ਹੈ ਕਿ ਜੇਕਰ ਤੁਸੀਂ ਫੈਸਲੇ ਲੈਣ ਜਾਂ ਵਿੱਤੀ ਸਲਾਹ ਦੇਣ ਵਾਲਾ ਵਿਅਕਤੀ ਇਸ ਲਈ ਲੱਭ ਰਹੇ ਹੋ ਕਿ ਉਹ ਤੁਹਾਡੇ ਪੈਸਿਆਂ ਦਾ ਪ੍ਰਬੰਧਨ ਕਰੇ ਤਾਂ ਤੁਸੀਂ ਅਜਿਹਾ ਵਿਅਕਤੀ ਕਿਉਂ ਨਹੀਂ ਲੱਭਦੇ ਜੋ ਤੁਹਾਡੀ ਜ਼ਿੰਦਗੀ ਹੀ ਵਿਵਸਥਿਤ ਕਰ ਦੇਵੇ।
