ਯੂ.ਕੇ. ਵਿਦੇਸ਼ ਮੰਤਰੀ ਦੀ ਫਿਸਲੀ ਜ਼ੁਬਾਨ, ਆਪਣੀ ਪਤਨੀ ਨੂੰ ਦੱਸਿਆ ਜਾਪਾਨੀ

Monday, Jul 30, 2018 - 03:46 PM (IST)

ਬੀਜਿੰਗ (ਬਿਊਰੋ)— ਬ੍ਰਿਟੇਨ ਦੇ ਨਵੇਂ ਵਿਦੇਸ਼ ਮੰਤਰੀ ਜੇਰੇਮੀ ਹੰਟ ਆਪਣੇ ਪਹਿਲੇ ਚੀਨ ਦੌਰੇ 'ਤੇ ਹਨ। ਇਸ ਦੌਰੇ ਦੌਰਾਨ ਸੋਮਵਾਰ ਨੂੰ ਬੋਲਦਿਆਂ ਅਚਾਨਕ ਉਨ੍ਹਾਂ ਦੀ ਜ਼ੁਬਾਨ ਫਿਸਲ ਗਈ। ਅਸਲ ਵਿਚ ਹੰਟ ਨੇ ਆਪਣੀ ਚੀਨੀ ਮੂਲ ਦੀ ਪਤਨੀ ਦਾ ਜ਼ਿਕਰ ਜਾਪਾਨੀ ਮੂਲ ਦੀ ਤੌਰ 'ਤੇ ਕਰ ਦਿੱਤਾ। ਉਨ੍ਹਾਂ ਨੇ ਤੁਰੰਤ ਆਪਣੀ ਗਲਤੀ ਪਛਾਣ ਲਈ ਅਤੇ ਇਸ ਨੂੰ ਭਿਆਨਕ ਦੱਸਿਆ। ਹੰਟ ਨੇ ਆਪਣੇ ਚੀਨੀ ਹਮਰੁਤਬਾ ਵਾਂਗ ਯੀ ਨੂੰ ਪਹਿਲਾਂ ਕਿਹਾ,''ਮੇਰੀ ਪਤਨੀ ਜਾਪਾਨੀ ਹੈ।'' ਆਪਣੀ ਗਲਤੀ ਦਾ ਪਤਾ ਲੱਗਦਿਆਂ ਹੀ ਹੰਟ ਨੇ ਦੁਬਾਰਾ ਕਿਹਾ,''ਮੇਰੀ ਪਤਨੀ ਚੀਨੀ ਹੈ। ਇਹ ਇਕ ਭਿਆਨਕ ਗਲਤੀ ਸੀ।'' 
ਇਸ ਮਗਰੋਂ ਹੰਟ ਨੇ ਕਿਹਾ,''ਮੇਰੀ ਪਤਨੀ ਚੀਨੀ ਮੂਲ ਦੀ ਹੈ ਅਤੇ ਮੇਰੇ ਬੱਚੇ ਅੱਧੇ ਚੀਨੀ ਹਨ। ਮੇਰੇ ਸੱਸ-ਸਹੁਰਾ ਚੀਨ ਦੇ ਸ਼ਿਆਨ ਵਿਚ ਰਹਿੰਦੇ ਹਨ।'' ਇੱਥੇ ਦੱਸ ਦਈਏ ਕਿ ਹੰਟ ਦੀ ਪਤਨੀ ਦਾ ਨਾਮ ਲੁਸੀਆ ਗੋਅ ਹੈ। ਦੋਹਾਂ ਦੇ ਤਿੰਨ ਬੱਚੇ ਹਨ। ਹੰਟ ਨੂੰ ਬੋਰਿਸ ਜੌਨਸਨ ਦੇ ਅਸਤੀਫੇ ਦੇ ਬਾਅਦ ਯੂ.ਕੇ. ਦਾ ਵਿਦੇਸ਼ ਮੰਤਰੀ ਬਣਾਇਆ ਗਿਆ ਹੈ। ਹੰਟ ਫਿਲਹਾਲ ਬ੍ਰੈਗਜ਼ਿਟ ਦੇ ਮੱਦੇਨਜ਼ਰ ਬ੍ਰਿਟੇਨ ਅਤੇ ਚੀਨ ਵਿਚਕਾਰ ਵਪਾਰ ਸਬੰਧਾਂ ਨੂੰ ਮਜ਼ਬੂਤ ਬਨਾਉਣ ਦੇ ਉਦੇਸ਼ ਨਾਲ ਚੀਨ ਵਿਚ ਹਨ। ਚੀਨ ਅਤੇ ਜਾਪਾਨ ਦਹਾਕਿਆਂ ਤੋਂ ਇਕ-ਦੂਜੇ ਦੇ ਦੁਸ਼ਮਣ ਦੇਸ਼ ਰਹੇ ਹਨ। ਹਾਲਾਂਕਿ ਹਾਲ ਹੀ ਦੇ ਸਾਲਾਂ ਵਿਚ ਦੋਹਾਂ ਦੇਸ਼ਾਂ ਦੇ ਰਿਸ਼ਤੇ ਕਾਫੀ ਹੱਦ ਤੱਕ ਸੁਧਰੇ ਹਨ ਪਰ ਤਣਾਅ ਹਾਲੇ ਵੀ ਬਰਕਰਾਰ ਹੈ।


Related News