ਬਿ੍ਰਟੇਨ : 25 ਔਰਤਾਂ ਦੇ ਯੌਨ ਸ਼ੋਸ਼ਣ ਮਾਮਲੇ ''ਚ ਭਾਰਤੀ ਮੂਲ ਦਾ ਡਾਕਟਰ ਦੋਸ਼ੀ

12/11/2019 4:02:53 PM

ਲੰਡਨ (ਬਿਊਰੋ): ਬਿ੍ਰਟੇਨ ਦੀ ਅਦਾਲਤ ਨੇ ਭਾਰਤੀ ਮੂਲ ਦੇ ਇਕ ਡਾਕਟਰ ਨੂੰ 25 ਔਰਤਾਂ ਦੇ ਯੌਨ ਸ਼ੋਸ਼ਣ ਦਾ ਦੋਸ਼ੀ ਪਾਇਆ ਹੈ। ਔਰਤਾਂ ਦਾ ਸ਼ੋਸ਼ਣ ਕਰਨ ਲਈ ਉਹ ਉਹਨਾਂ ਦੀ ਕਮਜ਼ੋਰੀ ਦਾ ਸਹਾਰਾ ਲੈਂਦਾ ਸੀ ਅਤੇ ਹਾਲੀਵੁੱਡ ਅਤੇ ਟੀਵੀ ਸਟਾਰਜ਼ ਦੀਆਂ ਕੈਂਸਰ ਨਾਲ ਸਬੰਧਤ ਖਬਰਾਂ ਸੁਣਾ ਕੇ ਉਹਨਾਂ ਨੂੰ ਡਰਾਉਂਦਾ ਸੀ। ਮਨੀਸ਼ ਸ਼ਾਹ ਨਾਮ ਦਾ ਇਹ ਜਨਰਲ ਪ੍ਰੈਕਟਿਸ਼ਨਰ ਹੁਣ ਤੱਕ 25 ਔਰਤਾਂ ਦਾ ਯੌਨ ਸ਼ੋਸ਼ਣ ਕਰ ਚੁੱਕਾ ਹੈ। ਲੰਡਨ ਦੇ ਓਲਡ ਬੈਲੇ ਕੋਰਟ ਵਿਚ ਸੁਣਵਾਈ ਦੌਰਾਨ ਇਹ ਸਾਹਮਣੇ ਆਇਆ ਕਿ ਉਹ ਔਰਤਾਂ ਨੂੰ ਡਰਾਉਣ ਲਈ ਖਬਰਾਂ ਦਾ ਸਹਾਰਾ ਲੈਂਦਾ ਸੀ । ਇਕ ਔਰਤ ਨੂੰ ਡਰਾਉਣ ਲਈ ਉਸ ਨੇ ਹਾਲੀਵੁੱਡ ਸਟਾਰ ਐਂਜਲੀਨਾ ਜੋਲੀ ਦਾ ਵੀ ਸਹਾਰਾ ਲਿਆ। ਉਸ ਨੇ ਮਰੀਜ਼ ਨੂੰ ਕਹਾਣੀ ਸੁਣਾਈ ਕਿ ਕਿੰਝ ਐਂਜਲੀਨਾ ਜੋਲੀ ਨੂੰ ਛਾਤੀ ਦਾ ਕੈਂਸਰ ਹੋਇਆ ਅਤੇ ਮਹਿਲਾ ਮਰੀਜ਼ ਨੂੰ ਵੀ ਆਪਣੀ ਛਾਤੀ ਦਾ ਚੈਕਅੱਪ ਕਰਾ ਲੈਣਾ ਚਾਹੀਦਾ ਹੈ।

ਵਕੀਲ ਕੇਟ ਬੇਕਸ ਨੇ ਕੋਰਟ ਨੂੰ ਦੱਸਿਆ ਕਿ ਉਹ ਆਪਣੇ ਕਿੱਤੇ ਦਾ ਸਹਾਰਾ ਲੈ ਕੇ ਔਰਤਾਂ ਦਾ ਯੌਨ ਸ਼ੋਸ਼ਣ ਕਰਦਾ ਸੀ ਅਤੇ ਬਿਨਾਂ ਕਿਸੇ ਮੈਡੀਕਲ ਲੋੜ ਦੇ ਛਾਤੀ ਅਤੇ ਵਜਾਈਨਲ ਚੈੱਕਅੱਪ ਕਰਦਾ ਸੀ। ਭਾਵੇਂਕਿ ਡਾਕਟਰ ਨੇ ਇਹਨਾਂ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਉਹ 'ਡਿਫੈਂਸਿਵ ਮੈਡੀਸਨ' ਦੀ ਪ੍ਰੈਕਟਿਸ ਕਰ ਰਿਹਾ ਸੀ। ਮਈ 2009 ਤੋਂ ਜੂਨ 2013 ਦੇ ਵਿਚ ਮਨੀਸ਼ ਨੇ ਕਈ ਨਾਬਾਲਗਾਂ ਦਾ ਵੀ ਯੌਨ ਸ਼ੋਸ਼ਣ ਕੀਤਾ। ਜਾਂਚ ਦੇ ਬਹਾਨੇ ਉਹ ਔਰਤਾਂ ਨੂੰ ਗਲਤ ਤਰੀਕੇ ਨਾਲ ਛੂੰਹਦਾ ਸੀ। ਸਾਲ 2013 ਵਿਚ ਮਾਮਲਾ ਸਾਹਮਣੇ ਆਉਣ ਦੇ ਬਾਅਦ ਡਾਕਟਰ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਉਸ ਵਿਰੁੱਧ ਪੁਲਸ ਜਾਂਚ ਸ਼ੁਰੂ ਹੋ ਗਈ ਸੀ। ਦੋਸ਼ੀ ਡਾਕਟਰ ਨੂੰ 25 ਯੌਨ ਅਪਰਾਧਾਂ ਲਈ 7 ਫਰਵਰੀ ਨੂੰ ਸਜ਼ਾ ਸੁਣਾਈ ਜਾਵੇਗੀ।


Vandana

Content Editor

Related News