ਮਾਹਰਾਂ ਦੀ ਚੇਤਾਵਨੀ, ਕੋਰੋਨਾ ਤੋਂ ਠੀਕ ਹੋਏ ਲੋਕਾਂ ਨੂੰ 1 ਸਾਲ ਤੱਕ ਇਸ ਬੀਮਾਰੀ ਦਾ ਖਤਰਾ

7/29/2020 5:49:53 PM

ਲੰਡਨ (ਬਿਊਰੋ): ਗਲੋਬਲ ਪੱਧਰ 'ਤੇ ਕੋਵਿਡ-19 ਮਹਾਮਾਰੀ ਦਾ ਮੁਕਾਬਲਾ ਕਰ ਰਹੇ ਜਾਂ ਠੀਕ ਹੋ ਚੁੱਕੇ ਲੋਕਾਂ ਲਈ ਇਕ ਹੋਰ ਚੇਤਾਵਨੀ ਜਾਰੀ ਕੀਤੀ ਗਈ ਹੈ। ਚੇਤਾਵਨੀ ਮੁਤਾਬਕ ਕੋਰੋਨਾਵਾਇਰਸ ਨਾਲ ਪੀੜਤ ਹੋਣ ਦੇ ਬਾਅਦ ਜਾਨ ਬਚਾਉਣ ਵਿਚ ਸਫਲ ਰਹਿਣ ਵਾਲੇ ਲੋਕਾਂ ਨੂੰ ਇਕ ਸਾਲ ਤੱਕ ਸੇਪਸਿਸ (Sepsis) ਬੀਮਾਰੀ ਹੋਣ ਦਾ ਖਤਰਾ ਹੈ।ਬ੍ਰਿਟੇਨ ਦੇ ਮਾਹਰਾਂ ਨੇ ਸੇਪਸਿਸ ਦੇ ਖਤਰਿਆਂ ਨੂੰ ਦੇਖਦੇ ਹੋਏ ਸਰਕਾਰ ਅਤੇ ਆਮ ਲੋਕਾਂ ਦੇ ਲਈ ਚੇਤਾਵਨੀ ਜਾਰੀ ਕੀਤੀ ਹੈ ਅਤੇ ਸ਼ੁਰੂਆਤ ਵਿਚ ਹੀ ਬੀਮਾਰੀ ਨੂੰ ਪਛਾਨਣ ਦੀ ਵੀ ਅਪੀਲ ਕੀਤੀ ਹੈ।

ਸੇਪਸਿਸ ਉਦੋਂ ਹੁੰਦੀ ਹੈ ਜਦੋਂ ਸਰੀਰ ਦਾ ਇਮਿਊਨ ਸਿਸਟਮ ਕਾਫੀ ਜ਼ਿਆਦਾ ਪ੍ਰਤੀਕਿਰਿਆ ਕਰਦਾ ਹੈ। ਇਸ ਕਾਰਨ ਮਰੀਜ਼ ਦਾ ਕੋਈ ਵੀ ਅੰਗ ਕੰਮ ਕਰਨਾ ਬੰਦ ਕਰ ਸਕਦਾ ਹੈ ਅਤੇ ਮੌਤ ਵੀ ਹੋ ਸਕਦੀ ਹੈ। ਮਾਹਰਾਂ ਦਾ ਮੰਨਣਾ ਹੈ ਕਿ ਕੋਰੋਨਾਵਾਇਰਸ ਸਰੀਰ ਦੇ ਇਮਿਊਨ ਸਿਸਟਮ ਨੂੰ ਖਰਾਬ ਕਰ ਸਕਦਾ ਹੈ, ਜਿਸ ਕਾਰਨ ਭਵਿੱਖ ਵਿਚ ਇਨਫੈਕਸ਼ਨ ਹੋਣ 'ਤੇ ਇਮਿਊਨ ਸਿਸਟਮ ਸਹੀ ਢੰਗ ਨਾਲ ਕੰਮ ਨਹੀਂ ਕਰੇਗਾ। ਇਹ ਸਥਿਤੀ ਕਈ ਸਾਲਾਂ ਤੱਕ ਰਹਿ ਸਕਦੀ ਹੈ। ਦੀ ਸਨ ਦੀ ਰਿਪੋਰਟ ਦੇ ਮੁਤਾਬਕ ਯੂਕੇ ਸੇਪਸਿਸ ਟਰੱਸਟ (UKST) ਨੇ ਕੋਰੋਨਾ ਨੂੰ ਹਰਾਉਣ ਵਿਚ ਸਫਲ ਰਹਿਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੇਪਸਿਸ ਦੇ ਲੱਛਣਾਂ ਦੇ ਬਾਰੇ ਵਿਚ ਜਾਣਕਾਰੀ ਜੁਟਾਉਣ ਅਤੇ ਲੱਛਣ ਦਿਸਣ 'ਤੇ ਸ਼ੁਰੂਆਤ ਵਿਚ ਹੀ ਡਾਕਟਰਾਂ ਨਾਲ ਸੰਪਰਕ ਕਰਨ। 

ਯੂਕੇ ਸੇਪਸਿਸ ਟਰਸੱਟ ਦੀ ਰਿਪੋਰਟ ਦੇ ਮੁਤਾਬਕ ਕੋਰੋਨਾ ਦੇ ਕਾਰਨ ਹਸਪਤਾਲ ਵਿਚ ਭਰਤੀ ਰਹਿਣ ਵਾਲੇ ਹਰ ਪੰਜ ਵਿਚੋਂ ਇਕ ਵਿਅਕਤੀ ਨੂੰ ਇਕ ਸਾਲ ਤੱਕ ਸੇਪਸਿਸ ਬੀਮਾਰੀ ਦਾ ਗੰਭੀਰ ਖਤਰਾ ਹੈ।UKST ਦਾ ਅਨੁਮਾਨ ਹੈ ਕਿ ਬ੍ਰਿਟੇਨ ਵਿਚ ਕਰੀਬ ਇਕ ਲੱਖ ਅਜਿਹੇ ਲੋਕ ਹੋਣਗੇ ਜਿਹਨਾਂ ਨੂੰ ਕੋਰੋਨਾ ਦੇ ਇਲਾਜ ਦੇ ਬਾਅਦ ਹਸਪਤਾਲ ਤੋਂ ਛੁੱਟੀ ਮਿਲੇਗੀ। ਇਹਨਾਂ ਵਿਚੋਂ ਕੁੱਲ 20 ਹਜ਼ਾਰ ਲੋਕਾਂ ਨੂੰ ਸੇਪਸਿਸ ਬੀਮਾਰੀ  ਦਾ ਗੰਭੀਰ ਖਤਰਾ ਰਹੇਗਾ। ਯੂਕੇ ਸੇਪਸਿਸ ਟਰਸੱਟ ਨੇ ਸਰਕਾਰ ਨੂੰ ਮੰਗ ਕੀਤੀ ਹੈ ਕਿ ਉਹ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਮੁਹਿੰਮ ਸ਼ੁਰੂ ਕਰੇ ਤਾਂ ਜੋ ਬੀਮਾਰੀ ਸ਼ੁਰੂਆਤ ਵਿਚ ਹੀ ਪਕੜ ਵਿਚ ਆ ਸਕੇ ਅਤੇ ਹਸਪਤਾਲ ਵਿਚ ਸਮੇਂ 'ਤੇ ਇਲਾਜ ਹੋ ਸਕੇ।

PunjabKesari

ਟਰੱਸਟ ਦੇ ਫਾਊਂਡਰ ਡਾਕਟਰ ਰੌਨ ਡੈਨੀਅਲਸ ਨੇ ਕਿਹਾ ਕਿ ਕੋਰੋਨਾ ਦੇ ਹਲਕੇ ਲੱਛਣ ਵਾਲੇ ਵਿਅਕਤੀ ਨੂੰ ਵੀ ਸੇਪਸਿਸ ਦੇ ਬਾਰੇ ਵਿਚ ਜਾਣਕਾਰੀ ਰੱਖਣੀ ਚਾਹੀਦੀ ਹੈ। ਡਾਕਟਰਾਂ ਦੇ ਮੁਤਾਬਕ ਸੇਪਸਿਸ ਦੇ ਲੱਛਣਾਂ ਵਿਚ ਰੁੱਕ-ਰੁੱਕ ਕੇ ਬੋਲਣਾ, ਉਲਝਣ ਵਿਚ ਪੈਣਾ, ਮਾਂਸਪੇਸ਼ੀਆਂ ਅਤੇ ਜੋੜਾਂ ਵਿਚ ਕਾਫੀ ਦਰਦ ਹੋਣਾ, ਪੂਰਾ ਦਿਨ ਪੇਸ਼ਾਬ ਨਾ ਆਉਣਾ, ਸਾਹ ਲੈਣ ਵਿਚ ਗੰਭੀਰ ਤਕਲੀਫ, ਅਜਿਹਾ ਮਹਿਸੂਸ ਕਰਨਾ ਕਿ ਹੁਣ ਜਾਨ ਨਹੀਂ ਬਚੇਗੀ ਅਤੇ ਸਕਿਨ ਦਾ ਰੰਗ ਬਦਲਣਾ ਸ਼ਾਮਲ ਹਨ। ਡਾਕਟਰਾਂ ਦਾ ਕਹਿਣਾ ਹੈਕਿ ਸ਼ੁਰੂਆਤ ਵਿਚ ਬੀਮਾਰੀ ਪਕੜ ਵਿਚ ਆਉਣ 'ਤੇ ਬਿਹਤਰ ਇਲਾਜ ਕੀਤਾ ਜਾ ਸਕਦਾ ਹੈ।


Vandana

Content Editor Vandana