ਡਾਕਟਰਾਂ ਦੀ ਚਿਤਾਵਨੀ, ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ਨੂੰ PTSD ਦਾ ਖਤਰਾ

06/29/2020 6:01:59 PM

ਲੰਡਨ (ਬਿਊਰੋ): ਦੁਨੀਆ ਭਰ ਵਿਚ ਵਿਗਿਆਨੀ ਕੋਰੋਨਾਵਾਇਰਸ ਮਹਾਮਾਰੀ ਦੇ ਇਲਾਜ ਦੀ ਵੈਕਸੀਨ ਲੱਭਣ ਵਿਚ ਲੱਗੇ ਹੋਏ ਹਨ। ਇਸ ਦੌਰਾਨ ਪ੍ਰਮੁੱਖ ਡਾਕਟਰਾਂ ਨੇ ਕੋਰੋਨਾ ਮਰੀਜ਼ਾਂ ਸੰਬੰਧੀ ਚਿੰਤਾ ਜਾਹਰ ਕੀਤੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਗੰਭੀਰ ਰੂਪ ਨਾਲ ਬੀਮਾਰ ਹੋਣ ਵਾਲੇ ਕੋਰੋਨਾ ਮਰੀਜ਼ਾਂ ਦੀ PTSD (Post traumatic stress disorder) ਦੇ ਲਈ ਸਕ੍ਰੀਨਿੰਗ ਕੀਤੀ ਜਾਣੀ ਜ਼ਰੂਰੀ ਹੈ। ਪੀ.ਟੀ.ਐੱਸ.ਡੀ. ਇਕ ਅਜਿਹੀ ਮਾਨਸਿਕ ਸਥਿਤੀ ਹੁੰਦੀ ਹੈ ਜੋ ਆਮਤੌਰ 'ਤੇ ਹਾਦਸਾ ਜਾਂ ਬਹੁਤ ਬੁਰੀ ਸਥਿਤੀ ਦਾ ਸਾਹਮਣਾ ਕਰਨ ਦੇ ਬਾਅਦ ਮਰੀਜ਼ਾਂ ਵਿਚ ਦੇਖਣ ਨੂੰ ਮਿਲਦੀ ਹੈ। 

ਬ੍ਰਿਟੇਨ ਵਿਚ ਯੂਨੀਵਰਸਿਟੀ ਕਾਲਜ ਲੰਡਨ ਦੇ ਮਾਹਰਾਂ ਦੀ ਅਗਵਾਈ ਵਿਚ ਬਣਾਏ ਗਏ ਕੋਵਿਡ ਟ੍ਰਾਮਾ ਰਿਸਪਾਂਸ ਵਰਕਿੰਗ ਗਰੁੱਪ ਨੇ ਕਿਹਾ ਹੈਕਿ ਕੋਰੋਨਾ ਨਾਲ ਗੰਭੀਰ ਰੂਪ ਨਾਲ ਬੀਮਾਰ ਜਿਹੜੇ ਲੋਕਾਂ ਦਾ ਆਈ.ਸੀ.ਯੂ. ਵਿਚ ਇਲਾਜ ਕੀਤਾ ਜਾਂਦਾ ਹੈ, ਉਹਨਾਂ ਨੂੰ ਪੀ.ਟੀ.ਐੱਸ.ਡੀ. ਤੋਂ ਸਭ ਤੋਂ ਵੱਧ ਖਤਰਾ ਹੈ। ਬੀ.ਬੀ.ਸੀ. ਦੀ ਰਿਪੋਰਟ ਮੁਤਾਬਕ ਮਾਹਰਾਂ ਦਾ ਮੰਨਣਾ ਹੈ ਕਿ ਗੰਭੀਰ ਰੂਪ ਨਾਲ ਬੀਮਾਰ ਪੈਣ ਵਾਲੇ ਹਜਾਰਾਂ ਲੋਕਾਂ ਨੂੰ ਪੀ.ਟੀ.ਐੱਸ.ਡੀ. ਦਾ ਖਤਰਾ ਰਹੇਗਾ। ਡਾਕਟਰਾਂ ਨੇ ਪਿਛਲੇ ਅਧਿਐਨ ਦਾ ਵੀ ਹਵਾਲਾ ਦਿੱਤਾ, ਜਿਸ ਨਾਲ ਪਤਾ ਚੱਲਦਾ ਹੈ ਕਿ ਮਹਾਮਾਰੀ ਕਾਰਨ ਗੰਭੀਰ ਬੀਮਾਰ ਹੋਏ 30 ਫੀਸਦੀ ਲੋਕਾਂ ਵਿਚ ਪੀ.ਟੀ.ਐੱਸ.ਡੀ. ਵਿਕਸਿਤ ਹੋ ਗਿਆ ਸੀ। ਉੱਥੇ ਤਣਾਅ ਅਤੇ ਗੁੱਸਾ ਇਕ ਪ੍ਰਮੁੱਖ ਸਮੱਸਿਆ ਬਣ ਗਈ ਸੀ।

ਕੋਰੋਨਾ ਨਾਲ ਪੀੜਤ ਰਹੀ ਟ੍ਰੇਸੀ ਨਾਮ ਦੀ ਬੀਬੀ ਦਾ 3 ਹਫਤੇ ਤੱਕ ਹਸਪਤਾਲ ਵਿਚ ਇਲਾਜ ਚੱਲਿਆ। ਇਕ ਹਫਤਾ ਉਹ ਆਈ.ਸੀ.ਯੂ. ਵਿਚ ਰਹੀ। ਟ੍ਰੇਸੀ ਨੇ ਕਿਹਾ,''ਉਹ ਸਥਿਤੀ ਨਰਕ ਦੀ ਤਰ੍ਹਾਂ ਸੀ। ਮੈਂ ਲੋਕਾਂ ਨੂੰ ਮਰਦਿਆਂ ਦੇਖਿਆ। ਸਟਾਫ ਨੇ ਵੀ ਮਾਸਕ ਪਹਿਨਿਆ ਸੀ। ਤੁਸੀਂ ਉੱਥੇ ਸਿਰਫ ਉਹਨਾਂ ਦੀਆਂ ਅੱਖਾਂ ਦੇਖ ਸਕਦੇ ਸੀ। ਹਸਪਤਾਲ ਤੋਂ ਛੁੱਟੀ ਮਿਲਣ ਦੇ ਬਾਅਦ ਵੀ ਟ੍ਰੇਸੀ ਨੂੰ ਸੌਣ ਵਿਚ ਮੁਸ਼ਕਲ ਹੋ ਰਹੀ ਹੈ ਅਤੇ ਉਹਨਾਂ ਨੂੰ ਮਰਨ ਦੇ ਖਿਆਲ ਆਉਂਦੇ ਹਨ।

ਬ੍ਰਿਟੇਨ ਦੇ ਕੋਵਿਡ ਗਰੁੱਪ ਵਿਚ ਸ਼ਾਮਲ ਮਨੋਵਿਗਿਆਨੀ ਮਾਈਕਲ ਬਲੂਮਫੀਲਡ ਕਹਿੰਦੇ ਹਨ ਕਿ ਜਿਹੜੇ ਮਰੀਜ਼ਾਂ ਨੇ ਹਸਪਤਾਲ ਵਿਚ ਸਮਾਂ ਬਿਤਾਇਆ ਹੈ ਉਹਨਾਂ ਨੂੰ ਬਹੁਤ ਭਿਆਨਕ ਸਥਿਤੀ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਨੂੰ ਲੰਬੇ ਸਮੇਂ ਲਈ ਮੁਸ਼ਕਲ ਹੋ ਸਕਦੀ ਹੈ। ਉਹਨਾਂ ਨੂੰ ਤਣਾਅ ਨਾਲ ਸਬੰਧਤ ਮਾਨਸਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬ੍ਰਿਟੇਨ ਦੀ ਪ੍ਰਮੁੱਖ ਸਿਹਤ ਏਜੰਸੀ ਐੱਨ.ਐੱਚ.ਐੱਸ. ਨੇ ਕਿਹਾ ਕਿ ਹਸਪਤਾਲ ਵਿਚ ਇਲਾਜ ਦੇ ਬਾਅਦ ਠੀਕ ਹੋਣ ਵਾਲੇ ਮਰੀਜ਼ਾਂ ਨੂੰ ਫੋਲੋ ਅੱਪ ਅਪੋਇੰਟਮੈਂਟ (Follow up appointment) ਲਈ ਬੁਲਾਇਆ ਜਾਵੇਗਾ। ਉਹਨਾਂ ਨੂੰ ਮਨੋ ਵਿਗਿਆਨਕ ਸਹਿਯੋਗ ਵੀ ਦਿੱਤਾ ਜਾਵੇਗਾ।


Vandana

Content Editor

Related News