ਬ੍ਰਿਸਬੇਨ : ਗੁਰਪੁਰਬ ਮੌਕੇ ਰਾਜ ਰਤਨ ਅੰਬੇਡਕਰ ਅਤੇ ਸੰਤ ਸਤਵਿੰਦਰ ਹੀਰਾ ਜੀ ਦਾ ਸਨਮਾਨ

02/23/2020 1:11:34 PM

ਬ੍ਰਿਸਬੇਨ, ( ਸਤਵਿੰਦਰ ਟੀਨੂੰ )— ਆਸਟਰੇਲੀਆ ਦੇ ਦੌਰੇ 'ਤੇ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸਾਹਿਬ ਦੇ ਪੜਪੋਤੇ ਸ੍ਰੀ ਰਾਜ ਰਤਨ ਅੰਬੇਡਕਰ ਨੇ ਐਤਵਾਰ ਨੂੰ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਮੌਕੇ ਸਥਾਨਕ ਗੁਰੂ ਨਾਨਕ ਸਿੱਖ ਟੈਂਪਲ ਇਨਾਲਾ ਵਿਖੇ ਹਾਜ਼ਰੀ ਭਰੀ। ਉਨ੍ਹਾਂ ਨਾਲ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਸੰਤ ਸਤਵਿੰਦਰ ਹੀਰਾ ਜੀ ਵੀ ਗੁਰੂ ਘਰ ਨਤਮਸਤਕ ਹੋਏ। ਦੋਵੇਂ ਹੀ ਆਗੂ ਡਾ. ਬੀ. ਆਰ. ਅੰਬੇਡਕਰ ਮਿਸ਼ਨ ਸੁਸਾਇਟੀ ਆਫ਼ ਆਸਟਰੇਲੀਆ ਦੇ ਪ੍ਰਤੀਨਿਧ ਸਤਵਿੰਦਰ ਟੀਨੂੰ ਦੇ ਸੱਦੇ 'ਤੇ ਕੁੱਝ ਦਿਨਾਂ ਤੋਂ ਬ੍ਰਿਸਬੇਨ ਆਏ ਹੋਏ ਸਨ।
PunjabKesari
ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਮਾਹਲ ਦੀ ਅਗਵਾਈ 'ਚ ਅੱਜ ਗੁਰੂ ਰਵਿਦਾਸ ਜੀ ਦਾ ਗੁਰਪੁਰਬ ਪੂਰੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਹਜ਼ੂਰੀ ਰਾਗੀ ਜੱਥੇ ਨੇ ਕੀਰਤਨ ਕੀਤਾ। ਇਸ ਤੋਂ ਬਾਅਦ ਸ੍ਰੀ ਰਾਜ ਰਤਨ ਅੰਬੇਡਕਰ ਵੱਲੋਂ ਸਿੱਖ ਧਰਮ ਦੇ ਬਰਾਬਰਤਾ ਵਾਲੇ ਫ਼ਲਸਫ਼ੇ ਅਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਅਮਲੀ ਰੂਪ ਲਾਗੂ ਕਰਨ ਨੂੰ ਸਮੇਂ ਦੀ ਲੋੜ ਕਿਹਾ। ਉਨ੍ਹਾਂ ਨੇ ਬਾਬਾ ਸਾਹਿਬ ਦੀ ਵਿਚਾਰਧਾਰਾ ਅਤੇ ਭਾਰਤੀ ਸੰਵਿਧਾਨ ਵਿੱਚ ਦਰਜ ਕਨੂੰਨਾਂ ਨੂੰ ਗੁਰੂਆਂ-ਪੀਰਾਂ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਦੱਸਿਆ। ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਅਤੇ ਪ੍ਰਚਾਰਕ ਸੰਤ ਸਤਵਿੰਦਰਜੀਤ ਸਿੰਘ ਹੀਰਾ ਨੇ ਗੁਰੂ ਰਵਿਦਾਸ ਜੀ ਬਾਣੀ ਵਿੱਚੋਂ ਹਵਾਲੇ ਦਿੰਦਿਆਂ ਸਮਾਜਿਕ ਬਰਾਬਰੀ ਅਤੇ ਮਨੁੱਖੀ ਲੁੱਟ ਦੇ ਖ਼ਿਲਾਫ਼ ਲੜਣਾ ਅੱਜ ਦੇ ਸਮੇਂ ਦੀ ਵੱਡੀ ਵੰਗਾਰ ਦੱਸਿਆ। ਉਨ੍ਹਾਂ ਤੋਂ ਬਾਅਦ ਕਮੇਟੀ ਵੱਲੋਂ ਆਈ ਹੋਈ ਸੰਗਤ ਦਾ ਧੰਨਵਾਦ ਕਰਦਿਆਂ ਇਪਸਾ ਦੇ ਸਕੱਤਰ ਅਤੇ ਸ਼ਾਇਰ ਸਰਬਜੀਤ ਸੋਹੀ ਨੇ ਇਤਿਹਾਸਕ ਹਵਾਲਿਆਂ ਨਾਲ ਜੋੜਿਆ । ਸੋਹੀ ਨੇ ਕਿਹਾ ਕਿ ਸਮਾਂ ਹੈ ਕਿ ਹੁਣ ਸਾਨੂੰ ਹੱਦਾਂ ਬੰਨੇ ਤੋੜ ਕੇ ਸਮਾਜ ਵਿੱਚੋਂ ਜਾਤ-ਪਾਤ ਨੂੰ ਹੂੰਝ ਦੇਣਾ ਚਾਹੀਦਾ ਹੈ।
PunjabKesari
ਅੰਤ ਵਿੱਚ ਅਰਦਾਸ ਤੋਂ ਬਾਅਦ ਗੁਰੂ ਘਰ ਕਮੇਟੀ ਵੱਲੋਂ ਅਤੇ ਇਪਸਾ ਵੱਲੋਂ ਰਾਜ ਰਤਨ ਅੰਬੇਡਕਰ ਅਤੇ ਸੰਤ ਸਤਵਿੰਦਰ ਹੀਰਾ ਜੀ ਨੂੰ ਸਨਮਾਨ ਚਿੰਨ੍ਹ ਦਿੱਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਤਰਸੇਮ ਸਿੰਘ ਸਹੋਤਾ, ਸੀਤਲ ਬੁਲਗੁਲਗਾ, ਪ੍ਰੀਤਮ ਸਿੰਘ ਝੱਜ, ਨਵਦੀਪ ਸਿੰਘ ਗਰੀਨ ਪਾਰਟੀ, ਬਲਦੇਵ ਸਿੰਘ ਨਿੱਜਰ, ਡਾ ਪਰਮਜੀਤ ਸਿੰਘ, ਬਲਵਿੰਦਰ ਸਿੰਘ ਮੋਰੋਂ, ਹਰਦੀਪ ਵਾਗਲਾ, ਕੁਲਦੀਪ ਸੈਂਪਲਾ, ਹੈਰੀ ਸਰੋਆ,ਜਗਦੀਪ ਸਿੰਘ, ਅੰਕੁਸ਼ ਕਟਾਰੀਆ, ਸੁਰਜੀਤ ਸੰਧੂ, ਵਰਿੰਦਰ ਅਲੀਸ਼ੇਰ, ਜਸਵੰਤ ਵਾਗਲਾ, ਰੁਪਿੰਦਰ ਸੋਜ਼, ਜਰਨੈਲ ਸਿੰਘ ਬਾਸੀ ਸਰਪ੍ਰਸਤ ਇਪਸਾ, ਰਣਜੀਤ ਵਿਰਕ, ਦਲਜੀਤ ਸਿੰਘ ਇੰਡੋਜ਼ ਟੀ ਵੀ ਆਦਿ ਪ੍ਰਮੁੱਖ ਸ਼ਹਿਰੀ ਹਾਜ਼ਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਇਪਸਾ ਦੇ ਪ੍ਰਧਾਨ ਦਲਵੀਰ ਹਲਵਾਰਵੀ ਵੱਲੋਂ ਬਾਖੂਬੀ ਨਿਭਾਈ ਗਈ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ।


Related News