ਬ੍ਰਿਸਬੇਨ 'ਚ ਵੱਖ-ਵੱਖ ਭਾਈਚਾਰਿਆਂ ਵੱਲੋਂ ਹੱਕੀ ਮੰਗਾਂ ਲਈ ਰੋਸ ਮੁਜ਼ਾਹਰਾ

Sunday, Sep 09, 2018 - 05:33 PM (IST)

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)— ਅਜੋਕੇ ਸਮੇਂ 'ਚ ਆਸਟ੍ਰੇਲੀਆ ਦੀ ਰਾਜਨੀਤੀ ਵਿਚ ਵਧ ਰਹੀ ਨਸਲਪ੍ਰਸਤੀ ਅਤੇ ਪਾੜੇ ਦੇ ਮਾਹੌਲ ਵਿਰੁੱਧ ਬ੍ਰਿਸਬੇਨ ਸ਼ਹਿਰ 'ਚ ਰੋਸ ਮੁਜ਼ਾਹਰਾ ਰੈਲੀ ਕੀਤੀ ਗਈ। ਹੁਕਮਰਾਨ ਪਾਰਟੀ ਵਿਚ ਚੱਲੀ ਕੁਰਸੀ ਲਈ ਖਿੱਚੋਤਾਣ, ਵਿੱਦਿਅਕ ਅਦਾਰਿਆਂ ਵੱਲੋਂ ਸਿਆਸੀ ਪਾਰਟੀਆਂ ਨੂੰ ਦਾਨ ਰਾਸ਼ੀ ਅਤੇ ਸਥਾਈ ਆਵਾਸ 'ਚ ਅੰਗਰੇਜ਼ੀ ਭਾਸ਼ਾ ਦਾ 'ਹਊਆ' ਆਦਿ ਕੌਮੀ ਮੁੱਦੇ ਬਣਦੇ ਜਾ ਰਹੇ ਹਨ। ਇਨ੍ਹਾਂ ਉਕਤ ਵਿਚਾਰਾਂ ਦਾ ਪ੍ਰਗਟਾਵਾ ਗਰੀਨ ਪਾਰਟੀ ਦੇ ਸੈਨੇਟ ਉਮੀਦਵਾਰ ਨਵਦੀਪ ਸਿੰਘ ਨੇ ਕੀਤਾ। ਇਸ ਰੈਲੀ ਵਿਚ ਵੱਖ-ਵੱਖ ਭਾਈਚਾਰਿਆਂ ਐਬੋਰੀਜ਼ਨਲ ਟੌਰੇਸ ਸਟਰੇਟ ਆਈਲੈਂਡਰ, ਮੱਧ ਏਸ਼ੀਅਨ ਅਰਬੀ, ਅਫ਼ਰੀਕਨ ਭਾਈਚਾਰੇ ਅਤੇ ਪੰਜਾਬੀ ਭਾਈਚਾਰੇ ਨੇ ਭਰਵੀਂ ਸ਼ਿਰਕਤ ਕੀਤੀ ਅਤੇ ਸ਼ਾਂਤਮਈ ਰੋਸ ਮੁਜ਼ਾਹਰਾ ਕੀਤਾ।  

ਐਬੋਰੀਜ਼ਨਲ ਆਗੂਆਂ ਨੇ ਆਸਟ੍ਰੇਲੀਆ ਨੂੰ ਖੋਹੀ ਗਈ ਧਰਤੀ ਦੱਸਿਆ, ਜਿੱਥੇ ਅੱਜ ਤਕ ਉਨ੍ਹਾਂ ਨਾਲ ਬ੍ਰਿਟਿਸ਼ ਸਾਮਰਾਜ ਦੀ ਕੋਈ ਵੀ ਸੰਧੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸਰਕਾਰਾਂ ਸਮੁੰਦਰੀ ਟਾਪੂਆਂ ਅਤੇ ਵਾਤਾਵਰਣ ਨਾਲ ਖਿਲਵਾੜ ਕਰ ਰਹੀਆਂ ਹਨ। ਇਹ ਟਾਪੂ ਸਮੁੰਦਰੀ ਤਲ ਦੇ ਬਹੁਤ ਨੇੜੇ ਹਨ ਅਤੇ ਵਾਤਾਵਰਣ ਦੀ ਤਬਦੀਲੀ ਕਾਰਨ ਇਨ੍ਹਾਂ ਦੇ ਬਹੁਤ ਛੇਤੀ ਪਾਣੀ ਹੇਠ ਆ ਜਾਣ ਦਾ ਖਤਰਾ ਹੈ। ਓਧਰ ਮੂਲ ਵਾਸੀ ਆਗੂਆਂ ਨੇ ਸਰਕਾਰੀ ਤੰਤਰ 'ਤੇ ਉਂਗਲ ਚੁੱਕਦਿਆਂ ਕਿਹਾ ਕਿ ਉਨ੍ਹਾਂ ਨੂੰ ਸਰਕਾਰੇ ਦਰਬਾਰੇ ਬਣਦੀ ਨੁਮਾਇੰਦਗੀ ਨਹੀਂ ਮਿਲੀ। ਉਨ੍ਹਾਂ ਦੱਸਿਆ ਕਿ ਉਹ ਖੋਹੇ ਹੋਏ ਸੱਭਿਆਚਾਰ ਕਾਰਨ ਬਿਨਾਂ ਤਾਲ ਵਿਰਸੇ ਵਿਹੂਣੇ ਜ਼ਿੰਦਗੀ ਜੀਅ ਰਹੇ ਹਨ। ਅਫ਼ਰੀਕੀ ਗਰੁੱਪ ਨੇ ਆਸਟ੍ਰੇਲੀਅਨ ਸਰਕਾਰ ਦੀ ਅਫ਼ਰੀਕਨ ਭਾਈਚਾਰੇ ਪ੍ਰਤੀ ਬੇਰੁਖ਼ੀ ਅਤੇ ਬਦਲੇ ਦੀ ਭਾਵਨਾ ਨਾਲ ਕੰਮ ਕਰਨ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਉਹ ਜੰਗਾਂ ਦੇ ਮਾਹੌਲ ਕਾਰਨ ਆਪਣਾ ਘਰ-ਬਾਰ ਛੱਡਣ ਨੂੰ ਮਜਬੂਰ ਹੋਏ ਅਤੇ ਇੱਥੇ ਪਹੁੰਚਣ 'ਤੇ ਆਸਟ੍ਰੇਲੀਅਨ ਸਰਕਾਰ ਨੇ ਉਨ੍ਹਾਂ ਪ੍ਰਤੀ ਬੇਰੁਖ਼ੀ ਦਾ ਰਵੱਈਆ ਅਖਤਿਆਰ ਕੀਤਾ ਹੋਇਆ ਹੈ, ਸਗੋਂ ਚਾਹੀਦਾ ਤਾਂ ਇਹ ਸੀ ਕਿ ਸਤਾਇਆਂ ਹੋਇਆਂ ਨੂੰ ਹੋਰ ਸਤਾਉਣ ਦੀ ਬਜਾਏ ਚੰਗੀ ਜ਼ਿੰਦਗੀ ਮੁਹੱਈਆ ਕਰਵਾਈ ਜਾਂਦੀ।

ਗਰੀਨ ਪਾਰਟੀ ਦੇ ਸੈਨੇਟ ਉਮੀਦਵਾਰ ਨਵਦੀਪ ਸਿੰਘ ਨੇ ਕਿਹਾ ਬਸਤੀਵਾਦੀ ਤਾਕਤਾਂ ਨੇ ਮੂਲ ਵਾਸੀਆਂ ਤੋਂ ਬੱਚੇ ਖੋਹ ਕੇ ਉਨ੍ਹਾਂ ਦਾ ਇਕ ਸੱਭਿਆਚਾਰ ਖਤਮ ਕੀਤਾ। ਇਸੇ ਤਰ੍ਹਾਂ ਯੋਜਨਾਬੱਧ ਤਰੀਕੇ ਨਾਲ ਸ਼ਰਨਾਰਥੀਆਂ ਅਤੇ ਪ੍ਰਵਾਸੀਆਂ ਦੇ ਪਰਿਵਾਰਾਂ ਨੂੰ ਵਿਛੋੜ ਕੇ ਸਰਕਾਰ ਉਨ੍ਹਾਂ ਦੇ ਸੱਭਿਆਚਾਰ ਉਨ੍ਹਾਂ ਤੋਂ ਖੋਹ ਰਹੀ ਹੈ।  ਉਨ੍ਹਾਂ ਕਿਹਾ ਕਿ ਇਹ ਸੱਭਿਆਚਾਰਕ ਕੜੀ ਨਹੀਂ ਟੁੱਟਣ ਦਿੱਤੀ ਜਾਵੇਗੀ ਅਤੇ ਹਰ ਹਾਲਤ ਵਿਚ ਪ੍ਰਵਾਸੀ ਸੱਭਿਆਚਾਰਾਂ ਨੂੰ ਜਿਊਂਦਾ ਰੱਖਿਆ ਜਾਵੇਗਾ। ਇਸ ਮੌਕੇ ਸੈਨੇਟਰ ਐਂਡ੍ਰਿਊ ਬਾਰਟਲੈੱਟ, ਸੈਨੇਟਰ ਲਾਰੀਸਾ ਵਾਟਰ ਅਤੇ ਐੱਮ. ਪੀ. ਮਾਈਕਲ ਬਰਕਮੈਨ ਆਦਿ ਵੀ ਹਾਜ਼ਰ ਸਨ।


Related News