ਬ੍ਰਿਸਬੇਨ : ਕਾਰ ਚੋਰ ਕਾਰਨ ਵਾਪਰਿਆ ਹਾਦਸਾ, ਦੋ ਦੀ ਮੌਤ ਤੇ ਦੋ ਜ਼ਖਮੀ

10/17/2019 10:35:03 AM

ਬ੍ਰਿਸਬੇਨ— ਬੀਤੀ ਰਾਤ ਆਸਟ੍ਰੇਲੀਆ ਦੇ ਉੱਤਰੀ ਬ੍ਰਿਸਬੇਨ ਵਿਖੇ ਇਕ ਕਾਰ ਹਾਦਸਾ ਵਾਪਰ ਗਿਆ ਜਿਸ 'ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਦੋ ਜ਼ਖਮੀ ਹੋ ਗਏ। ਜ਼ਖਮੀਆਂ 'ਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਰਿਪੋਰਟ ਮੁਤਾਬਕ ਜਾਰਡਨ ਕਬੀ ਨਾਂ ਦੇ ਇਕ ਵਿਅਕਤੀ ਨੇ ਕਾਰ ਚੋਰੀ ਕੀਤੀ ਸੀ ਤੇ ਉਸ ਦੀ ਕਾਰ 'ਚ ਦੋ ਹੋਰ ਸਵਾਰ ਸਨ। ਉਸ ਦੀ ਕਾਰ ਇੰਨੀ ਤੇਜ਼ ਜਾ ਰਹੀ ਸੀ ਕਿ ਇਸ ਦੀ ਕਿਸੇ ਹੋਰ ਵਾਹਨ ਨਾਲ ਟੱਕਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਦੂਜੀ ਕਾਰ ਨੂੰ ਚਲਾ ਰਹੇ ਵਿਅਕਤੀ ਦੀ ਹਾਦਸੇ ਵਾਲੀ ਥਾਂ 'ਤੇ ਹੀ ਉਸ ਦੀ ਮੌਤ ਹੋ ਗਈ। ਉਹ ਆਪਣੇ ਪਰਿਵਾਰ ਕੋਲ ਜਾ ਰਿਹਾ ਸੀ ਪਰ ਰਸਤੇ 'ਚ ਹੀ ਜਾਰਡਨ ਦੀ ਗਲਤੀ ਕਾਰਨ ਉਸ ਦੀ ਜਾਨ ਚਲੇ ਗਈ। ਦੋਸ਼ੀ ਕਾਰ ਡਰਾਈਵਰ ਦੇ ਨਾਲ ਪੈਸੈਂਜਰ ਸੀਟ 'ਤੇ ਇਕ 32 ਸਾਲਾ ਵਿਅਕਤੀ ਬੈਠਾ ਸੀ, ਜਿਸ ਦੀ ਮੌਤ ਹੋ ਗਈ ਅਤੇ ਇਕ ਹੋਰ ਔਰਤ ਵੀ ਬੈਠੀ ਸੀ, ਜੋ ਕਿ ਜ਼ਖਮੀ ਹੋ ਗਈ।

ਔਰਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੋਸ਼ੀ ਡਰਾਈਵਰ ਵੀ ਜ਼ਖਮੀ ਹੈ। ਦੋਵੇਂ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਸਥਾਨਕ ਪੁਲਸ ਮੁਤਾਬਕ ਸੋਮਵਾਰ ਨੂੰ ਟੂਵੂਮਬਾ ਤੋਂ ਇਕ ਕਾਰ ਚੋਰੀ ਹੋਈ ਸੀ। ਕਾਰ ਦੇ ਮਾਲਕ ਨੂੰ ਜਦ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਕਿਹਾ ਕਿ ਉਹ ਕਾਰ ਚੋਰੀ ਹੋਣ 'ਤੇ ਪ੍ਰੇਸ਼ਾਨ ਸਨ ਪਰ ਵਧੇਰੇ ਪ੍ਰੇਸ਼ਾਨੀ ਉਨ੍ਹਾਂ ਨੂੰ ਇਸ ਗੱਲ ਦੀ ਹੈ ਕਿ ਉਨ੍ਹਾਂ ਦੀ ਕਾਰ ਕਾਰਨ ਕਿਸੇ ਦੀ ਜ਼ਿੰਦਗੀ ਚਲੇ ਗਈ।


Related News