ਬ੍ਰਿਸਬੇਨ : ਵਿਰਾਸਤ ਐਪ ਦਾ ਸ਼ਲਾਘਾਯੋਗ ਉਪਰਾਲਾ, ''ਹੁਣ ਤੁਸੀਂ ਕਿਤਾਬਾਂ ਸੁਣ ਵੀ ਸਕੋਗੇ''

08/19/2021 12:53:34 PM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਪੰਜਾਬੀ ਸਾਹਿਤ ਵਿੱਚ ਛਪਦੀਆਂ ਕਿਤਾਬਾਂ ਅਤੇ ਨਾਵਲਾਂ ਦੇ ਪਾਠਕ ਅਕਸਰ ਬੜੇ ਥੋੜ੍ਹੇ ਹੁੰਦੇ ਹਨ। ਜਿਵੇਂ-ਜਿਵੇਂ ਜ਼ਮਾਨੇ ਦੀ ਰਫ਼ਤਾਰ ਤੇਜ਼ ਹੋ ਰਹੀ ਹੈ ਉਵੇਂ ਕਿਤਾਬਾਂ ਲਿਖਣ ਅਤੇ ਪੜ੍ਹਨ ਵਾਲਿਆਂ ਦੀ ਗਿਣਤੀ ਵੀ ਘੱਟ ਰਹੀ ਹੈ। ਕਿਤਾਬਾਂ ਪੜ੍ਹਨ ਨਾਲ਼ ਗਿਆਨ 'ਚ ਵਾਧਾ ਹੁੰਦਾ ਹੈ, ਇਕਾਗਰਤਾ ਵੱਧਦੀ ਹੈ ਅਤੇ ਅਸੀਂ ਲੰਬਾ ਸੋਚ ਸਕਦੇ ਹਾਂ। ਇਸ ਭੱਜ ਨੱਠ ਦੀ ਜਿੰਦਗੀ 'ਚੋ ਸਮਾਂ ਕੱਢ ਕੇ ਬ੍ਰਿਸਬੇਨ ਵੱਸਦੀ ਪੰਜਾਬ ਦੀ ਧੀ ਗਗਨਦੀਪ ਕੌਰ ਸਰਾਂ ਤੇ ਉਨ੍ਹਾਂ ਦੀ ਟੀਮ ਨੇ ਵਿਰਾਸਤ ਆਡੀਓ ਬੁੱਕਸ Virasat App- Punjabi Audiobooks ਦੀ ਇੱਕ ਐਪ ਬਣਾਈ ਹੈ ਜੋ ਕਿ ਸਮੇਂ ਦੇ ਨਾਲ ਚੱਲਣ ਵਾਲੇ ਲੇਖਕਾਂ ਲਈ ਬਹੁਤ ਵਧੀਆ ਉਪਰਾਲਾ ਹੈ। ਸ਼ੁਰੂਆਤ ਦੇ ਤੌਰ ਤੇ ਉਨ੍ਹਾਂ ਨੇ 300 ਦੇ ਕਰੀਬ ਕਿਤਾਬਾਂ ਬੋਲ ਕੇ ਰਿਕਾਰਡ ਕਰ ਕੇ ਪੰਜਾਬੀ ਭਾਈਚਾਰੇ ਦੀ ਸੇਵਾ ਵਿੱਚ ਪੇਸ਼ ਕੀਤੀਆਂ ਹਨ। 

ਪਾਠਕਾਂ ਦੀ ਗਿਣਤੀ ਕਿਸੇ ਵੀ ਲੇਖਕ ਲਈ ਹੱਲਾਸ਼ੇਰੀ ਦਾ ਸਬੱਬ ਬਣਦੀ ਹੈ। ਅੰਗਰੇਜ਼ੀ ਵਰਗੀਆਂ ਜ਼ੁਬਾਨਾਂ ਦੇ ਪਾਠਕ ਕਿਤਾਬਾਂ ਖ਼ਰੀਦ ਕੇ ਪੜ੍ਹਦੇ ਹਨ ਰਾਇਲਟੀ ਦਾ ਪੈਸਾ ਲੇਖਕਾਂ ਕੋਲ ਜਾਂਦਾ ਹੈ ਅਤੇ ਲੇਖਕ ਆਪਣਾ ਸਮਾਂ ਹੋਰ ਵਧੀਆ ਸਾਹਿਤ ਰਚਣ ਲਈ ਲਾਉਂਦੇ ਹਨ।ਇਸ ਦੇ ਉਲਟ ਪੰਜਾਬੀ ਦੇ ਬਹੁਤੇ ਲੇਖਕ ਰੋਟੀ ਟੁੱਕ ਦਾ ਜੁਗਾੜ ਅਕਸਰ ਹੋਰਾਂ ਕਿੱਤਿਆਂ ਵਿੱਚ ਕੰਮ ਕਰਕੇ ਕਰਦੇ ਹਨ ਅਤੇ ਆਪਣੇ ਸ਼ੌਂਕ ਨਾਲ ਕਿਤਾਬਾਂ ਲਿਖਦੇ ਹਨ। ਕਿੰਨਾ ਚੰਗਾ ਹੋਵੇ ਜੇ ਅਸੀਂ ਵੀ ਸਾਰੇ ਕਿਤਾਬਾਂ ਖ਼ਰੀਦ ਕੇ ਪੜ੍ਹੀਏ ਅਤੇ ਸਾਡੇ ਵੀ ਲੇਖਕ ਹੋਰ ਵੱਧ ਸਮੇਂ ਲਈ ਸਾਨੂੰ ਹੋਰ ਵਡਮੁੱਲਾ ਗਿਆਨ ਦੇ ਸਕਣ। ਜੋ ਲੋਕ ਕਿਸੇ ਵੇਲੇ ਕਿਤਾਬਾਂ ਪੜ੍ਹਦੇ ਸਨ ਜ਼ਮਾਨੇ ਦੀ ਤੇਜ਼ ਰਫ਼ਤਾਰ ਕਰਕੇ ਅਕਸਰ ਉਹ ਲੋੜੀਂਦੇ ਸਮੇਂ ਤੋਂ ਵਿਹੂਣੇ ਹਨ। 

PunjabKesari

ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬੀ ਬੋਲੀ ਚੜ੍ਹਦੇ ਅਤੇ ਲਹਿੰਦੇ ਪੰਜਾਬਾਂ 'ਚ ਵੱਖੋ ਵੱਖਰੇ ਤਰੀਕਿਆਂ ਨਾਲ ਲਿਖੀ ਜਾਂਦੀ ਹੈ ਜਿਸ ਕਾਰਨ ਅਸੀਂ ਦੋਹਾਂ ਪੰਜਾਬਾਂ ਦੇ ਪੰਜਾਬੀ ਇੱਕ ਦੂਜੇ ਦੇ ਸਾਹਿਤ ਤੋਂ ਲਗਭਗ ਵਾਂਝੇ ਹੀ ਰਹਿ ਜਾਂਦੇ ਹਾਂ। ਉਨ੍ਹਾਂ ਦਾ ਇਹ ਉਪਰਾਲਾ ਹੋਰ ਵਧੇ ਫੁੱਲੇ ਤਾਂ ਜੋ ਅੱਗੇ ਚੱਲ ਕੇ ਭਾਈਚਾਰੇ ਨੂੰ ਸ਼ਾਹਮੁਖੀ ਦੀਆਂ ਕਿਤਾਬਾਂ ਵੀ ਆਡੀਓ ਦੇ ਰੂਪ ਵਿੱਚ ਸੁਣਨ ਨੂੰ ਮਿਲਣ। ਇਸ ਐਪ ਨਾਲ ਜੋ ਬਹੁਤੇ ਪੰਜਾਬੀ ਵਿਦੇਸ਼ਾਂ ਵਿੱਚ ਆ ਕੇ ਹੱਥੀਂ ਕੰਮ ਕਰਨ ਅਤੇ ਟਰਾਂਸਪੋਰਟ ਵਰਗੇ ਕਿੱਤਿਆਂ ਵਿੱਚ ਮਸ਼ਰੂਫ਼ ਹਨ, ਬੈਠਣ ਦਾ ਅਤੇ ਕਿਤਾਬਾਂ ਪੜ੍ਹਨ ਦਾ ਸਮਾਂ ਬਹੁਤ ਘੱਟ ਹੈ ਅਤੇ ਜੋ ਲੋਕ ਪੰਜਾਬੀ ਪੜ੍ਹ ਨਹੀਂ ਸਕਦੇ, ਉਹ ਕਿਸੇ ਹੋਰ ਦੁਆਰਾ ਪੜ੍ਹੀ ਕਿਤਾਬ ਨੂੰ ਸੌਖਿਆਂ ਹੀ ਸੁਣ ਸਕਦੇ ਹਨ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਤਾਲਾਬੰਦੀ ਦੇ ਬਾਵਜੂਦ ਕੋਰੋਨਾ ਦੇ ਰਿਕਾਰਡ ਮਾਮਲੇ ਆਏ ਸਾਹਮਣੇ

ਕਿਤਾਬਾਂ ਸਾਡੇ ਗਿਆਨ ਵਿੱਚ,  ਸ਼ਬਦ ਭੰਡਾਰ ਵਿਚ ਤੇ ਸਾਡੀ ਸੋਚਣ ਦੀ ਸਮਰੱਥਾ ਵਿੱਚ ਵਾਧਾ ਕਰਦੀਆਂ ਹਨ ਜਿਸ ਨਾਲ਼ ਸਾਡੀ ਗੱਲਬਾਤ ਵਧੇਰੇ ਸਾਰਥਕ ਹੁੰਦੀ ਹੈ ਅਤੇ ਪੜ੍ਹਿਆ ਲਿਖਿਆ ਇਨਸਾਨ ਇਕ ਵਧੀਆ ਸੰਵਾਦ ਕਰ ਸਕਦਾ ਹੈ। ਲੇਖਕਾਂ ਤੋਂ ਲੈ ਕੇ ਬੋਲੀ ਦੀ ਸੇਵਾ ਕਰਨ ਵਾਲੇ ਸਾਰੇ ਲੋਕ ਅਕਸਰ ਘਰ ਫੂਕ ਤਮਾਸ਼ਾ ਦੇਖਦੇ ਹਨ। ਆਓ ਥੋੜ੍ਹਾ ਯੋਗਦਾਨ ਦੇਈਏ ਤਾਂ ਕਿ ਉਨ੍ਹਾਂ ਨੂੰ ਬਣਦਾ ਮਿਹਨਤਾਨਾ ਅਤੇ ਹੱਲਾਸ਼ੇਰੀ ਮਿਲ ਸਕੇ ।ਇਸ ਐਪਲੀਕੇਸ਼ਨ ਦੀ ਸਬਸਕ੍ਰਿਪਸ਼ਨ ਕਰੀਬ ਪੰਜ ਡਾਲਰ ਮਹੀਨੇ ਦੀ ਹੈ ਤੇ ਸਾਰਾ ਸਾਲ ਕਿਤਾਬਾਂ ਸੁਣਨ ਤੇ ਇੱਕ ਵਾਰ ਬੈਠ ਕੇ ਰੈਸਟੋਰੈਂਟ ਖਾਣ- ਪੀਣ ਨਾਲੋ ਘੱਟ ਖਰਚਾ ਆਉਂਦਾ ਹੈ। ਕਿਤਾਬਾਂ ਦਾ ਗਿਆਨ ਜ਼ਿੰਦਗੀ ਨੂੰ ਨਵੀਂ ਦਿਸ਼ਾ ਦਿੰਦਾ ਹੋਇਆ ਸਾਨੂੰ ਸੁਚੱਜਾ ਬਣਾਉਂਦਾ ਹੈ। ਆਉ ਐਪ ਡਾਊਨਲੋਡ ਕਰਕੇ ਕਿਤਾਬਾਂ ਨਾਲ ਜੁੜਕੇ ਅਸੀਂ ਵੀ ਮਾਂ-ਬੋਲੀ ਪੰਜਾਬੀ ਦੇ ਪਸਾਰ ਵਿੱਚ ਹਿੱਸਾ ਪਾਈਏ। 


Vandana

Content Editor

Related News