ਬ੍ਰਿਸਬੇਨ ’ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
Monday, Jan 10, 2022 - 04:27 PM (IST)
ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)-ਸਾਹਿਬ-ਏ-ਕਮਾਲ, ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ, ਗੁਰੂ ਨਾਨਕ ਸਿੱਖ ਟੈਂਪਲ ਇਨਾਲਾ, ਗੁਰਦੁਆਰਾ ਬ੍ਰਿਸਬੇਨ ਸਿੱਖ ਟੈਂਪਲ ਲੋਗਨ ਰੋਡ, ਗੁਰਦੁਆਰਾ ਸਿੰਘ ਸਭਾ ਟਾਇਗਮ ਵਿਖੇ ਪ੍ਰਬੰਧਕ ਕਮੇਟੀਆਂ, ਕਿਸਾਨ ਮਜ਼ਦੂਰ ਏਕਤਾ ਵੱਲੋਂ ਕਿਸਾਨਾਂ ਦੇ ਅੰਦੋਲਨ ਦੀ ਜਿੱਤ ਦੀ ਖੁਸ਼ੀ ’ਚ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਦਿਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਜਾਣ ਉਪਰੰਤ ਵਿਸ਼ਾਲ ਧਾਰਮਿਕ ਦੀਵਾਨ ਸਜਾਏ ਗਏ।
ਇਸ ਦੌਰਾਨ ਭਾਈ ਪਰਮਜੀਤ ਸਿੰਘ, ਭਾਈ ਸਤਵੀਰ ਸਿੰਘ, ਭਾਈ ਨੈਬ ਸਿੰਘ, ਹਰਮਿੰਦਰ ਸਿੰਘ, ਭਾਈ ਸੁਰਿੰਦਰ ਸਿੰਘ, ਭਾਈ ਗੁਰਤੇਜ ਸਿੰਘ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਤੇ ਪ੍ਰਚਾਰਕ ਐੱਸ. ਜੀ. ਪੀ. ਸੀ. ਆਦਿ ਦੇ ਪੰਥ ਪ੍ਰਸਿੱਧ ਰਾਗੀ, ਕਥਾਵਾਚਕ, ਢਾਡੀ ਜਥਿਆਂ ਅਤੇ ਬੱਚਿਆਂ ਵਲੋਂ ਗੁਰਬਾਣੀ ਦੇ ਰਸਭਿੰਨੇ ਕੀਰਤਨ, ਵੀਰ ਰਸੀ ਵਾਰਾਂ, ਕਥਾ ਵਿਚਾਰਾ ਰਾਹੀਂ ਗੁਰੂ ਸਾਹਿਬ ਜੀ ਦੇ ਜੀਵਨ ਫਲਸਫ਼ੇ ਬਾਰੇ ਚਾਨਣਾ ਪਾਉਦਿਆਂ ਸੰਗਤਾਂ ਨੂੰ ਦੱਸਿਆ ਕਿ ਖਾਲਸਾ ਪੰਥ ਦੇ ਸਿਰਜਣਹਾਰ, ਦਸਮੇਸ਼ ਪਿਤਾ ਜੀ ਵਿਸ਼ਵ ਦੇ ਇਤਿਹਾਸ ’ਚ ਅਜਿਹੇ ਰਹਿਬਰ ਸਨ, ਜਿਨ੍ਹਾਂ ਨੇ ਆਪਣਾ ਸਰਬੰਸ ਧਰਮ ਦੀ ਚੜ੍ਹਦੀ ਕਲਾ, ਹੱਕ-ਸੱਚ, ਜ਼ੁਲਮ ਦੇ ਖਾਤਮੇ ਅਤੇ ਮਨੁੱਖਤਾ ਦੀ ਭਲਾਈ ਲਈ ਕੁਰਬਾਨ ਕਰ ਦਿੱਤਾ, ਜਿਸ ਦੀ ਮਿਸਾਲ ਹੋਰ ਕਿੱਧਰੇ ਨਹੀਂ ਮਿਲਦੀ। ਉਨ੍ਹਾਂ ਸੰਗਤਾ ਨੂੰ ਕਿਹਾ ਕਿ ਸਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੋਂ ਸੇਧ ਲੈ ਕੇ ਬਾਣੇ ਤੇ ਬਾਣੀ ਦੇ ਧਾਰਨੀ ਬਣ ਕੇ ਗੁਰੂ ਸਾਹਿਬ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ ਹਨ। ਇਸ ਮੌਕੇ ਆਤਿਸ਼ਬਾਜ਼ੀ ਦਾ ਮਨਮੋਹਣਾ ਦ੍ਰਿਸ਼ ਵੀ ਖਿੱਚ ਦਾ ਕੇਂਦਰ ਬਣਿਆ ਰਿਹਾ। ਗੁਰੂ ਦੀਆਂ ਸੰਗਤਾਂ ਨੇ ਹੁੰਮ-ਹੁਮਾ ਕੇ ਹਾਜ਼ਰੀ ਭਰੀ ਤੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ।