ਜੇ ਸੰਸਦ ਮੈਂਬਰਾਂ ਨੇ ਬ੍ਰੈਗਜ਼ਿਟ ਸਮਝੌਤਾ ਰੱਦ ਕੀਤਾ ਤਾਂ ਬ੍ਰਿਟੇਨ ਲਈ ਹੋਵੇਗਾ ਬੁਰਾ
Sunday, Dec 09, 2018 - 07:07 PM (IST)
![ਜੇ ਸੰਸਦ ਮੈਂਬਰਾਂ ਨੇ ਬ੍ਰੈਗਜ਼ਿਟ ਸਮਝੌਤਾ ਰੱਦ ਕੀਤਾ ਤਾਂ ਬ੍ਰਿਟੇਨ ਲਈ ਹੋਵੇਗਾ ਬੁਰਾ](https://static.jagbani.com/multimedia/2018_12image_19_06_487150000brexit.jpg)
ਲੰਡਨ (ਏ.ਪੀ.)- ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਸੰਸਦ ਮੈਂਬਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹ ਇਸ ਹਫਤੇ ਅਹਿਮ ਸੰਸਦੀ ਵੋਟਿੰਗ ਵਿਚ ਉਨ੍ਹਾਂ ਦੇ ਬ੍ਰੈਗਜ਼ਿਟ ਸਮਝੌਤੇ ਨੂੰ ਰੱਦ ਕਰ ਦਿੰਦੇ ਹਨ ਤਾਂ ਬ੍ਰਿਟੇਨ ਸੰਕਟ ਵਿਚ ਚਲਾ ਜਾਵੇਗਾ ਅਤੇ ਆਮ ਚੋਣਾਂ ਕਰਵਾਉਣੀਆਂ ਪੈਣਗੀਆਂ। ਮੇਅ ਆਪਣੀ ਅਪ੍ਰਸਿੱਧ ਬ੍ਰੈਗਜ਼ਿਟ ਯੋਜਨਾ ਅਤੇ ਆਪਣੇ ਅਹੁਦੇ ਨੂੰ ਬਚਾਏ ਰੱਖਣ ਲਈ ਜੱਦੋਜਹਿਦ ਕਰ ਰਹੀ ਹੈ, ਉਥੇ ਹੀ ਸੰਸਦ ਵਿਚ ਮੰਗਲਵਾਰ ਨੂੰ ਹੋਣ ਵਾਲੀਆਂ ਵੋਟਾਂ ਵਿਚ ਅਜਿਹੀ ਸੰਭਾਵਨਾ ਜ਼ਿਆਦਾ ਹੈ ਕਿ ਸੰਸਦ ਮੈਂਬਰ ਉਨ੍ਹਾਂ ਦੇ ਬ੍ਰੈਗਜ਼ਿਟ ਸਮਝੌਤੇ ਨੂੰ ਰੱਦ ਕਰ ਦੇਣ।
ਇਸ ਵਿਚਾਲੇ ਕਿਆਸ ਅਰਾਈਆਂ ਜਤਾਈਆਂ ਜਾ ਰਹੀਆਂ ਹਨ ਕਿ ਸਰਕਾਰ ਬ੍ਰੈਗਜ਼ਿਟ 'ਤੇ ਵੋਟਾਂ ਦੀ ਵੰਡ ਵਿਚ ਦੇਰੀ ਕਰ ਸਕਦੀ ਹੈ ਪਰ ਪ੍ਰਧਾਨ ਮੰਤਰੀ ਦੇ ਡਾਉਨਿੰਗ ਸਟ੍ਰੀਟ ਦਫਤਰ ਨੇ ਦੱਸਿਆ ਕਿ ਵੋਟਾਂ ਹੋਣਗੀਆਂ। ਮੇਅ ਨੇ ਮੇਲ ਆਨ ਸੰਡੇ ਨੂੰ ਦਿੱਤੇ ਇਕ ਇੰਟਰਵਿਊ ਵਿਚ ਕਿਹਾ ਕਿ ਉਨ੍ਹਾਂ ਦੇ ਸਮਝੌਤੇ ਨੂੰ ਰੱਦ ਕਰਨ ਦਾ ਮਤਲਬ ਹੋਵੇਗਾ, ਦੇਸ਼ ਲਈ ਗੰਭੀਰ ਬੇਨਿਯਮੀਆਂ ਦਾ ਪੈਦਾ ਹੋਣਾ ਅਤੇ ਨਾਲ ਹੀ ਨੋ ਬ੍ਰੈਗਜ਼ਿਟ ਜਾਂ ਸਮਝੌਤੇ ਤੋਂ ਬਿਨਾਂ ਯੂਰਪੀ ਸੰਘ ਨੂੰ ਛੱਡਣ ਦਾ ਖਤਰਾ ਹੋਵੇਗਾ।