ਮੀਡੀਆ ''ਤੇ ਛਾਈ ਬਹਾਦਰ ਕੁੱਤੇ ਦੀ ਕਹਾਣੀ, ਮੌਤ ਨਾਲ ਲੜ ਬਚਾਈ ਮਾਲਕ ਦੀ ਜਾਨ

Wednesday, Feb 13, 2019 - 03:25 PM (IST)

ਮੀਡੀਆ ''ਤੇ ਛਾਈ ਬਹਾਦਰ ਕੁੱਤੇ ਦੀ ਕਹਾਣੀ, ਮੌਤ ਨਾਲ ਲੜ ਬਚਾਈ ਮਾਲਕ ਦੀ ਜਾਨ

ਕੇਪ ਟਾਊਨ (ਏਜੰਸੀ)— ਸੋਸ਼ਲ ਮੀਡੀਆ 'ਤੇ ਇਕ ਜਰਮਨ ਸ਼ੈਫਰਡ ਡੌਗ ਦੀ ਬਹਾਦਰੀ ਦੀ ਕਹਾਣੀ ਵਾਇਰਲ ਹੋ ਰਹੀ ਹੈ। ਸਾਊਥ ਅਫਰੀਕਾ ਦੇ ਕੇਪ ਟਾਊਨ 'ਚ ਗਿਨੋ ਵੈਨਸੇਲ ਨਾਂ ਦਾ ਵਿਅਕਤੀ ਸੜਕ 'ਤੇ ਆਪਣੇ ਡੌਗ ਡਿਊਕ ਨਾਲ ਘੁੰਮ ਰਿਹਾ ਸੀ। ਇਸ ਦੌਰਾਨ ਬਦਮਾਸ਼ਾਂ ਨੇ ਲੁੱਟ-ਖੋਹ ਦੇ ਇਰਾਦੇ ਨਾਲ ਉਨ੍ਹਾਂ 'ਤੇ ਤੇਜ਼ ਧਾਰ ਚਾਕੂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਗਿਨੋ ਅਤੇ ਲੁਟੇਰਿਆਂ ਵਿਚਕਾਰ ਡਿਊਕ ਕੰਧ ਦੀ ਤਰ੍ਹਾਂ ਖੜ੍ਹਾ ਹੋ ਗਿਆ। ਇਸ ਦੌਰਾਨ ਬਦਮਾਸ਼ਾਂ ਨੇ ਉਸ ਦੇ ਸਿਰ 'ਚ ਚਾਕੂ ਮਾਰ ਦਿੱਤਾ। ਡਿਊਕ ਦੇ ਸਿਰ 'ਚ 3 ਇੰਚ ਤਕ ਚਾਕੂ ਅੰਦਰ ਚਲਾ ਗਿਆ। ਇਹ ਜ਼ਖਮੀ ਹੋ ਕੇ ਜ਼ਮੀਨ 'ਤੇ ਡਿੱਗ ਗਿਆ ਪਰ ਲਗਾਤਾਰ ਭੌਂਕਦਾ ਰਿਹਾ। ਇਸ ਦੌਰਾਨ ਲੁਟੇਰੇ ਦੌੜ ਗਏ। ਡਿਊਕ ਦੇ ਸਿਰ 'ਚੋਂ ਕਾਫੀ ਖੂਨ ਨਿਕਲ ਰਿਹਾ ਸੀ। ਮਾਲਕ ਗਿਨੋ ਨੂੰ ਡਿਊਕ ਦੀ ਹਾਲਤ ਦੇਖ ਕੇ ਲੱਗਾ ਕਿ ਸ਼ਾਇਦ ਉਹ ਮਰ ਗਿਆ ਹੈ।

PunjabKesari

ਉਹ ਉਸ ਨੂੰ ਲੈ ਕੇ ਤੁਰੰਤ ਹਸਪਤਾਲ ਲੈ ਕੇ ਗਿਆ। ਡਾਕਟਰਾਂ ਨੇ ਦੱਸਿਆ ਕਿ ਚਾਕੂ ਉਸ ਦੇ ਦਿਮਾਗ ਤੋਂ ਕੁਝ ਦੂਰੀ 'ਤੇ ਲੱਗਾ, ਜਿਸ ਕਾਰਨ ਉਸ ਦੀ ਜਾਨ ਬਚ ਗਈ। ਬਾਅਦ 'ਚ ਸਰਜਰੀ ਕਰ ਕੇ ਡਾਕਟਰਾਂ ਨੇ ਡਿਊਕ ਦੇ ਸਿਰ 'ਚੋਂ ਚਾਕੂ ਕੱਢ ਦਿੱਤਾ। ਖਾਸ ਗੱਲ ਇਹ ਹੋਈ ਕਿ ਉਹ ਰਾਤੋ-ਰਾਤ ਹੀ ਠੀਕ ਹੋ ਗਿਆ। ਗਿਨੋ ਦਾ ਕਹਿਣਾ ਹੈ ਕਿ ਇਸ 'ਚ ਕੋਈ ਸ਼ੱਕ ਨਹੀਂ ਕਿ ਬਦਮਾਸ਼ਾਂ ਨੇ ਡਿਊਕ ਨੂੰ ਜਾਨ ਤੋਂ ਮਾਰਨ ਲਈ ਹੀ ਹਮਲਾ ਕੀਤਾ ਸੀ ਪਰ ਪ੍ਰਮਾਤਮਾ ਨੇ ਉਸ ਦੀ ਜਾਨ ਬਚਾ ਲਈ। ਗਿਨੋ ਬੇਰੁਜ਼ਗਾਰ ਹੈ ਅਤੇ ਉਸ ਕੋਲ ਵਧੇਰੇ ਪੈਸੇ ਵੀ ਨਹੀਂ ਹਨ। ਜਦ ਡਾਕਟਰਾਂ ਨੂੰ ਡਿਊਕ ਦੀ ਬਹਾਦਰੀ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਇਲਾਜ ਦੇ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ।


Related News