ਕੋਰੋਨਾ ਕਾਰਨ ਆਨਲਾਈਨ ਪੜ੍ਹਨ ਵਾਲੇ ਵਿਦਿਆਰਥੀ ਪਾਬੰਦੀਆਂ ਹਟਣ ਮਗਰੋਂ ਆ ਸਕਦੇ ਕੈਨੇਡਾ : ਸੋਨੀਆ ਸਿੱਧੂ

07/25/2020 9:47:55 AM

ਪਟਿਆਲਾ, (ਪਰਮੀਤ)- ਕੈਨੇਡਾ ਦੇ ਬਰੈਂਪਟਨ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਦੱਸਿਆ ਕਿ ਕੋਰੋੋਨਾ ਪਾਬੰਦੀਆਂ ਕਾਰਨ ਕੈਨੇਡਾ ਤੋਂ ਬਾਹਰ ਕਿਸੇ ਵੀ ਮੁਲਕ ’ਚ ਆਨਲਾਈਨ ਪੜ੍ਹਾਈ ਕਰ ਰਹੇ ਵਿਦਿਆਰਥੀ ਜਿਨ੍ਹਾਂ ਦਾ ਦਾਖਲਾ ਕੈਨੇਡਾ ਦੀਆਂ ਵਿੱਦਿਅਕ ਸੰਸਥਾਵਾਂ ’ਚ ਪਹਿਲਾਂ ਹੀ ਹੋ ਚੁੱਕਾ ਹੈ, ਉਹ ਕੋਰੋਨਾ ਪਾਬੰਦੀਆਂ ਹਟਣ ਤੋਂ ਬਾਅਦ ਲੌੜੀਂਦੀਆਂ ਸ਼ਰਤਾਂ ਪੂਰੀਆਂ ਕਰਨ ’ਤੇ ਕੈਨੇਡਾ ਆ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਦਾ ਮਤਲਬ ਇਹ ਹੈ ਕਿ ਇਹ ਵਿਦਿਆਰਥੀ ਗ੍ਰੈਜੂਏਸ਼ਨ ਤੋਂ ਬਾਅਦ ਕੈਨੇਡਾ ’ਚ ਕੰਮ ਕਰਨ ਦੇ ਯੋਗ ਹੋਣਗੇ, ਭਾਵੇਂ ਉਨ੍ਹਾਂ ਨੂੰ ਇਸ ਸਤੰਬਰ ਮਹੀਨੇ ’ਚ ਵਿਦੇਸ਼ਾਂ ਤੋਂ ਆਪਣੀ ਪੜ੍ਹਾਈ ਆਨਲਾਈਨ ਸ਼ੁਰੂ ਕਰਨ ਦੀ ਲੋੜ ਪਵੇ।

ਸ਼੍ਰੀਮਤੀ ਸਿੱਧੂ ਨੇ ਦੱਸਿਆ ਕਿ ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡਾ ’ਚ ਸੱਭਿਆਚਾਰਕ ਅਤੇ ਆਰਥਿਕ ਯੋਗਦਾਨ ਪਾਉਂਦੇ ਹਨ। ਕੈਨੇਡਾ ਅਜਿਹਾ ਮੁਲਕ ਹੈ, ਜੋ ਨਾ ਸਿਰਫ ਸਵਾਗਤ ਕਰਦਾ ਹੈ, ਬਲਕਿ ਬਰਾਬਰਤਾ ਦਾ ਦਰਜਾ ਵੀ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਕਾਰਨ ਪੈਦਾ ਹੋਏ ਹਾਲਾਤਾਂ ਦੇ ਮੱਦੇਨਜ਼ਰ ਕੈਨੇਡਾ ਸਰਕਾਰ ਨੇ ਆਪਣੀਆਂ ਨੀਤੀਆਂ ’ਚ ਵੱਡੀ ਤਬਦੀਲੀ ਕੀਤੀ ਹੈ। ਇਮੀਗ੍ਰੇਸ਼ਨ ਮੰਤਰੀ ਮੈਡੀਸਿਨੋ ਵਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਆਨਲਾਈਨ ਸਿਖਲਾਈ ਦੀ ਸਹੂਲਤ ਲਈ ਬਦਲਾਅ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਮੀਗ੍ਰੇਸ਼ਨ ਨੀਤੀਆਂ ’ਚ ਇਹ ਬਦਲਾਅ ਅਸਥਾਈ ਤੌਰ ’ਤੇ ਕੀਤੇ ਜਾ ਰਹੇ ਹਨ।

ਕੈਨੇਡਾ ਸਰਕਾਰ ਨੇ ਕਾਰੋਬਾਰੀਆਂ ਅਤੇ ਨੌਕਰੀ ਦੀ ਸੁਰੱਖਿਆ ਲਈ ਐਮਰਜੈਂਸੀ ਵੇਜ਼ ਸਬਸਿਡੀ ਪ੍ਰੋਗਰਾਮ ਨੂੰ ਇਸ ਸਾਲ ਦਸੰਬਰ ਤੱਕ ਜਾਰੀ ਰੱਖਣ ਦਾ ਫੈਸਲਾ ਲਿਆ ਹੈ। ਇਸ ਨਾਲ ਕਾਰੋਬਾਰੀਆਂ ਨੂੰ ਆਪਣੇ ਮੁਲਾਜ਼ਮਾਂ ਨੂੰ ਨੌਕਰੀ ’ਤੇ ਬਣਾਈ ਰੱਖਣ ’ਚ ਸਹਾਇਤਾ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਕਾਰੋਬਾਰਾਂ ਨੂੰ ਉਨ੍ਹਾਂ ਦੇ ਮੁਲਾਜ਼ਮਾਂ ਦੀ ਤਨਖਾਹ ਦਾ ਖਰਚਾ ਉਠਾਉਣ ਲਈ 75 ਫੀਸਦੀ ਤਨਖਾਹ ਦੇ ਬਰਾਬਰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।


Lalita Mam

Content Editor

Related News