ਬੋਤਸਵਾਨਾ ਦੀ ਚਮਕੀ ਕਿਸਮਤ, ਲੱਭਿਆ ਦੁਨੀਆ ਦਾ ਦੂਜਾ ਸਭ ਤੋਂ ਵੱਡਾ 'ਹੀਰਾ'
Thursday, Jul 08, 2021 - 03:49 PM (IST)
ਗਬੋਰੋਨੇ (ਬਿਊਰੋ): ਅਫਰੀਕੀ ਦੇਸ਼ ਬੋਤਸਵਾਨਾ ਦੀ ਕਿਸਮਤ ਇਕ ਵਾਰ ਫਿਰ ਚਮਕੀ ਹੈ। ਬੋਤਸਵਾਨਾ ਵਿਚ ਸਫੇਦ ਰੰਗ ਦਾ ਇਕ ਵੱਡਾ ਹੀਰਾ ਮਿਲਿਆ ਹੈ। ਇਸ ਨੂੰ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਹੀਰਾ ਦੱਸਿਆ ਜਾ ਰਿਹਾ ਹੈ। ਇਹ ਹੀਰਾ ਕਾਫੀ ਵੱਡਾ ਅਤੇ ਆਕਰਸ਼ਕ ਹੈ। ਦੱਸਿਆ ਗਿਆ ਹੈ ਕਿ ਇਸ ਹੀਰੇ ਦਾ ਵਜ਼ਨ 1,174,76 ਕੈਰਟ ਹੈ। ਇਸ ਹੀਰੇ ਨੂੰ ਹੀਰਾ ਕੰਪਨੀ ਲੁਕਾਰਾ ਨੇ ਖੋਜਿਆ ਸੀ ਅਤੇ 7 ਜੁਲਾਈ ਨੂੰ ਇਸ ਨੂੰ ਰਾਸ਼ਟਪਤੀ ਨੂੰ ਸੌਂਪਿਆ ਗਿਆ।
ਇੰਨਾ ਵੱਡਾ ਹੀਰਾ ਮਿਲਣ 'ਤੇ ਬੋਤਸਵਾਨਾ ਦੇ ਰਾਸ਼ਟਰਪਤੀ ਮੋਕਗਵੇਤਸੀ ਬਹੁਤ ਖੁਸ਼ ਹੋਏ ਅਤੇ ਉਹਨਾਂ ਨੇ ਲਗਾਤਾਰ ਦੇਸ਼ ਵਿਚ ਹੀਰੇ ਮਿਲਣ ਦਾ ਸਵਾਗਤ ਕੀਤਾ। ਕੈਨੇਡਾ ਦੀ ਲੁਕਾਰਾ ਹੀਰਾ ਕੰਪਨੀ ਨੇ ਇਸ 1,174,76 ਕੈਰਟ ਦੇ ਹੀਰੇ ਨੂੰ ਕਰੋਵੇ ਹੀਰੇ ਦੀ ਖਾਨ ਵਿਚੋਂ ਬਰਾਮਦ ਕੀਤਾ ਹੈ। ਇਹ ਹੀਰਾ 77x55x33 ਐੱਮ.ਐੱਮ. ਦਾ ਹੈ। ਇਹ ਅਦਭੁੱਤ ਹੀਰਾ ਦੇਖਣ ਵਿਚ ਬਿਲਕੁੱਲ ਦੁਧੀਆ ਰੰਗ ਦਾ ਹੈ ਅਤੇ ਉੱਚ ਗੁਣਵੱਤਾ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਹੀਰਾ ਹੈ।
ਵੱਡੇ ਪੱਧਰ 'ਤੇ ਦੁਨੀਆ ਵਿਚ ਮੰਗ
ਇਸ ਦੁਧੀਆ ਹੀਰੇ ਨੇ ਕਰੋਵੇ ਵਿਚ ਰਿਕਾਰਡ ਕਾਇਮ ਕੀਤਾ ਹੈ। ਦੱਸਿਆ ਜਾਂਦਾ ਹੈ ਕਿ ਸਫੇਰ ਰੰਗ ਦੇ ਇਸ ਹੀਰੇ ਦੀ ਦੁਨੀਆ ਭਰ ਵਿਚ ਬਹੁਤ ਮੰਗ ਹੈ। ਕਰੋਵੇ ਵਿਚ ਹੁਣ ਤੱਕ 17 ਅਜਿਹੇ ਹੀਰੇ ਮਿਲ ਚੁੱਕੇ ਹਨ ਜੋ 100 ਕੈਰਟ ਦੇ ਹਨ। ਇਹਨਾਂ ਵਿਚੋਂ ਪੰਜ ਤਾਂ 300 ਕੈਰਟ ਦੇ ਹਨ। ਇਸ ਤੋਂ ਪਹਿਲਾਂ ਬੋਤਸਵਾਨਾ ਵਿਚ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਹੀਰਾ ਖੋਦਾਈ ਵਿਚ ਮਿਲਿਆ ਸੀ। ਇਸ ਹੀਰੇ ਦੀ ਖੋਜ ਕਰਨ ਵਾਲੀ ਕੰਪਨੀ ਦੇਬਸਵਾਨਾ ਨੇ ਕਿਹਾ ਕਿ ਇਹ ਅਦਭੁੱਤ ਹੀਰਾ 1,098 ਕੈਰਟ ਦਾ ਹੈ। ਇਸ ਤੋਂ ਪਹਿਲਾਂ ਸਾਲ 1905 ਵਿਚ ਦੱਖਣੀ ਅਫਰੀਕਾ ਵਿਚ ਦੁਨੀਆ ਦਾ ਸਭ ਤੋਂ ਵੱਡਾ ਹੀਰਾ ਮਿਲਿਆ ਸੀ। ਇਹ ਕਰੀਬ 3,106 ਕੈਰਟ ਦਾ ਸੀ।
ਪੜ੍ਹੋ ਇਹ ਅਹਿਮ ਖਬਰ- ਪੱਤਰਕਾਰ ਬੀਬੀਆਂ ਲਈ ਅਸੁਰੱਖਿਅਤ ਹੈ ਪਾਕਿਸਤਾਨ, ਦਿੱਤੀਆਂ ਜਾਂਦੀਆਂ ਹਨ ਧਮਕੀਆਂ
ਦੁਨੀਆ ਦਾ ਦੂਜਾ ਸਭ ਤੋਂ ਵੱਡਾ ਹੀਰਾ ਟੈਨਿਸ ਦੀ ਗੇਂਦ ਦੇ ਆਕਾਰ ਦਾ ਸੀ ਅਤੇ ਇਸ ਨੂੰ ਸਾਲ 2015 ਵਿਚ ਪੂਰਬੀ ਉੱਤਰੀ ਬੋਤਸਵਾਨਾ ਵਿਚ ਬਰਾਮਦ ਕੀਤਾ ਗਿਆ ਸੀ। ਇਹ ਹੀਰਾ 1109 ਕੈਰਟ ਦਾ ਸੀ ਅਤੇ ਇਸ ਨੂੰ ਲੇਸੇਡੀ ਲਾ ਰੋਨਾ ਨਾਮ ਦਿੱਤਾ ਗਿਆ ਸੀ। ਭਾਵੇਂਕਿ ਹੁਣ ਇਹ ਹੀਰਾ ਤੀਜੇ ਸਥਾਨ 'ਤੇ ਪਹੁੰਚ ਗਿਆ ਹੈ। ਕੋਰੋਨਾ ਵਾਇਰਸ ਸੰਕਟ ਦੌਰਾਨ ਇਸ ਹੀਰੇ ਦੇ ਮਿਲਣ ਨਾਲ ਬੋਤਸਵਾਨਾ ਦੀ ਸਰਕਾਰ ਨੂੰ ਵੱਡੀ ਰਾਹਤ ਮਿਲੀ ਹੈ। ਹੀਰਾ ਕੰਪਨੀਆਂ ਜਿੰਨਾ ਹੀਰਾ ਵੇਚਦੀਆਂ ਹਨ ਉਸ ਦਾ 80 ਫੀਸਦੀ ਮਾਲੀਆ ਸਰਕਾਰ ਕੋਲ ਜਾਂਦਾ ਹੈ। ਕੋਰੋਨਾ ਵਾਇਰਸ ਸੰਕਟ ਵਿਚ ਹੀਰੇ ਦੀ ਵਿਕਰੀ ਕਾਫੀ ਘੱਟ ਗਈ ਹੈ। ਇਸ ਨਾਲ ਦੇਸ਼ ਦੀ ਆਮਦਨ ਘੱਟ ਹੋਈ ਹੈ।
ਪੜ੍ਹੋ ਇਹ ਅਹਿਮ ਖਬਰ -UAE 'ਚ 19 ਸਾਲਾ ਭਾਰਤੀ ਵਿਦਿਆਰਥੀ ਦੀ ਸੜਕ ਹਾਦਸੇ 'ਚ ਮੌਤ