ਵਿਦੇਸ਼ ਮੰਤਰੀ ਨੇ ਕਿਹਾ— ''ਟਰੰਪ ਦਾ ਬ੍ਰਿਟੇਨ ''ਚ ਸੁਆਗਤ ਹੋਣਾ ਚਾਹੀਦੈ''
Sunday, Jan 21, 2018 - 11:44 AM (IST)

ਲੰਡਨ (ਭਾਸ਼ਾ)— ਬ੍ਰਿਟੇਨ ਦੇ ਵਿਦੇਸ਼ ਮੰਤਰੀ ਬੋਰਿਸ ਜੌਨਸਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਦੇਸ਼ ਵਿਚ ਸੁਆਗਤ ਕਰਨ ਦੀ ਅਪੀਲ ਕੀਤੀ ਹੈ। ਜੌਨਸਨ ਨੇ ਕਿਹਾ ਕਿ ਟਰੰਪ ਦੀ ਯਾਤਰਾ ਦਾ ਵਿਰੋਧ ਕਰਨ ਨਾਲ ਬ੍ਰਿਟੇਨ ਦੇ ਰਾਸ਼ਟਰੀ ਹਿੱਤ ਨੂੰ ਨੁਕਸਾਨ ਪਹੁੰਚ ਸਕਦਾ ਹੈ। ਅਮਰੀਕੀ ਵਿਦੇਸ਼ ਮੰਤਰੀ ਰੈਕਸ ਟਿਲਰਸਨ ਦੇ ਦੌਰੇ ਤੋਂ ਇਕ ਦਿਨ ਪਹਿਲਾਂ ਜੌਨਸਨ ਨੇ ਕਿਹਾ ਕਿ ਟਰੰਪ ਦੀ ਕਿਸੇ ਵੀ ਯਾਤਰਾ ਨੂੰ ਮੁਲਵਤੀ ਕਰਨਾ ਬ੍ਰਿਟੇਨ ਦੇ ਆਰਥਿਕ ਸੰਬੰਧਾਂ ਨੂੰ ਸੱਟ ਪਹੁੰਚਾਉਣ ਵਰਗਾ ਹੋਵੇਗਾ।
ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਡੋਨਾਲਡ ਟਰੰਪ ਦੁਨੀਆ ਦੇ ਸਭ ਤੋਂ ਮਹਾਨ ਅਤੇ ਸਭ ਤੋਂ ਸ਼ਕਤੀਸ਼ਾਲੀ ਲੋਕਤੰਤਰ ਦੇ ਅਤੇ ਇਕ ਅਜਿਹੇ ਦੇਸ਼ ਦੇ ਚੁਣੇ ਹੋਏ ਰਾਸ਼ਟਰਪਤੀ ਹਨ, ਜੋ ਸਾਡਾ ਸਭ ਤੋਂ ਨੇੜਲਾ ਸਹਿਯੋਗੀ ਹੈ। ਵਿਦੇਸ਼ ਮੰਤਰੀ ਜੌਨਸਨ ਨੇ ਕਿਹਾ ਕਿ ਟਰੰਪ ਦੀ ਯਾਤਰਾ ਦੀ ਆਲੋਚਨਾ ਕਰਨ ਵਾਲੇ ਲੋਕ ਬ੍ਰਿਟੇਨ ਦੇ ਆਰਥਿਕ ਹਿੱਤਾਂ ਤੋਂ ਅਣਜਾਣ ਹਨ। ਉਨ੍ਹਾਂ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਸਨਮਾਨ ਅਤੇ ਮਾਨਤਾ ਦਾ ਹੱਕਦਾਰ ਹੈ।