ਬੋਰਿਸ ਜਾਨਸਨ ਦੇ ਭਾਰਤ ਦੌਰੇ 'ਤੇ ਭਾਰੂ ਪੈ ਸਕਦੀ ਹੈ ਕੋਰੋਨਾ ਆਫ਼ਤ!

Monday, Apr 19, 2021 - 01:40 PM (IST)

ਬੋਰਿਸ ਜਾਨਸਨ ਦੇ ਭਾਰਤ ਦੌਰੇ 'ਤੇ ਭਾਰੂ ਪੈ ਸਕਦੀ ਹੈ ਕੋਰੋਨਾ ਆਫ਼ਤ!

ਇੰਟਰਨੈਸ਼ਨਲ ਡੈਸਕ (ਬਿਊਰੋ): ਭਾਰਤ ਵਿਚ ਵੱਧ ਰਹੇ ਕੋਰੋਨਾ ਮਾਮਲੇ ਸਰਕਾਰ ਸਮੇਤ ਸਾਰੀ ਦੁਨੀਆ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਇਨਫੈਕਸ਼ਨ ਦੇ ਵੱਧ ਰਹੇ ਮਾਮਲਿਆਂ ਦੀ ਗਿਣਤੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਭਾਰਤ ਦੌਰੇ 'ਤੇ ਭਾਰੂ ਪੈ ਸਕਦੀ ਹੈ। ਇਸ ਤੋਂ ਪਹਿਲਾਂ ਵੀ 15 ਅਗਸਤ ਮੌਕੇ ਬੋਰਿਸ ਜਾਨਸਨ ਨੂੰ ਮੁੱਖ ਮਹਿਮਾਨ ਵਜੋਂ ਸੱਦਾ ਭੇਜਿਆ ਗਿਆ ਸੀ ਅਤੇ ਉਦੋਂ ਬ੍ਰਿਟੇਨ ਵਿਚ ਕੋਰੋਨਾ ਮਾਮਲੇ ਵਧਣ ਕਾਰਨ ਉਹਨਾਂ ਨੇ ਭਾਰਤ ਦੌਰਾ ਰੱਦ ਕਰ ਦਿੱਤਾ ਸੀ।

ਘਟਾਈ ਯਾਤਰਾ ਮਿਆਦ
ਬੀਤੇ ਦਿਨੀਂ ਜਾਣਕਾਰੀ ਸਾਹਮਣੇ ਆਈ ਸੀ ਕਿ ਜਾਨਸਨ ਨੇ ਭਾਰਤ ਵਿਚ ਕੋਵਿਡ-19 ਦੀ ਮੌਜੂਦਾ ਸਥਿਤੀ ਕਾਰਨ ਇਸ ਮਹੀਨੇ ਦੇ ਅੰਤ ਵਿਚ ਪ੍ਰਸਤਾਵਿਤ ਨਵੀਂ ਦਿੱਲੀ ਦੀ ਆਪਣੀ ਯਾਤਰਾ ਦੀ ਮਿਆਦ ਘੱਟ ਕਰ ਦਿੱਤੀ ਹੈ। ਡਾਊਨਿੰਗ ਸਟਰੀਟ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।ਯੋਜਨਾਬੱਧ ਪ੍ਰੋਗਰਾਮ ਮੁਤਾਬਕ ਜਾਨਸਨ ਦੀ ਭਾਰਤ ਯਾਤਰਾ 26 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀ ਹੈ। ਇਸ ਵਿਚ ਬ੍ਰਿਟੇਨ-ਭਾਰਤ ਵਿਚਾਲੇ ਬਿਹਤਰ ਵਪਾਰ ਸਾਂਝੇਦਾਰੀ ਨੂੰ ਅੰਤਿਮ ਰੂਪ ਦੇਣਾ ਸ਼ਾਮਲ ਹੈ। ਹਾਲਾਂਕਿ, ਭਾਰਤ ਵਿਚ ਮਹਾਮਾਰੀ ਦੀ ਸਥਿਤੀ ਬਦਤਰ ਹੋਣ ਨਾਲ ਹੀ ਯਾਤਰਾ ਪ੍ਰੋਗਰਾਮ ਫਿਰ ਤੋਂ ਸੋਧ ਕੀਤੀ ਗਈ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੋ-ਪੱਖੀ ਵਾਰਤਾ ਸਮੇਤ ਉਚ-ਪੱਧਰੀ ਦੋ-ਪੱਖੀ ਗੱਲਬਾਤ ਦਾ ਮੁੱਖ ਹਿੱਸਾ ਹੁਣ 26 ਅਪ੍ਰੈਲ ਨੂੰ ਦਿੱਲੀ ਤੱਕ ਹੀ ਸੀਮਤ ਰਹੇਗਾ। ਯਾਨੀ ਕਿ ਹੁਣ 26 ਅਪ੍ਰੈਲ ਨੂੰ ਹੀ ਸਾਰੇ ਪ੍ਰੋਗਰਾਮ ਰੱਖੇ ਜਾਣਗੇ।

ਭਾਰਤ ਵਿਚ ਮਾਮਲਿਆਂ ਦੀ ਗਿਣਤੀ
ਭਾਰਤ 'ਚ ਕੋਰੋਨਾ ਦਾ ਪ੍ਰਕੋਪ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਇਕ ਹਫ਼ਤੇ 'ਚ ਦੇਸ਼ 'ਚ ਕੋਰੋਨਾ ਦੇ 15.34 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਜਿੱਥੇ ਪਿਛਲੇ ਸੋਮਵਾਰ ਨੂੰ ਕੋਰੋਨਾ ਪੀੜਤਾਂ ਦੀ ਗਿਣਤੀ 1.35 ਕਰੋੜ ਤੋਂ ਵੱਧ ਸੀ, ਉੱਥੇ ਹੀ ਅੱਜ ਯਾਨੀ ਸੋਮਵਾਰ ਸਵੇਰ ਤੱਕ ਪੀੜਤਾਂ ਦੀ ਗਿਣਤੀ 1.50 ਕਰੋੜ ਦੇ ਪਾਰ ਪਹੁੰਚ ਗਈ ਹੈ। ਕੇਂਦਰੀ ਸਿਹਤ ਮੰਤਰਾਲਾ ਵਲੋਂ ਸੋਮਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ 'ਚ 2,73,810 ਨਵੇਂ ਮਾਮਲੇ ਦਰਜ ਕੀਤੇ ਗਏ। ਇਸ ਦੇ ਨਾਲ ਹੀ ਪੀੜਤਾਂ ਦੀ ਗਿਣਤੀ ਇਕ ਕਰੋੜ 50 ਲੱਖ 16 ਹਜ਼ਾਰ 919 ਹੋ ਗਈ ਹੈ। ਜਦੋਂ ਕਿ ਹੁਣ ਤੱਕ 12,38,52,566 ਲੋਕਾਂ ਨੂੰ ਕੋਰੋਨਾ ਟੀਕਾ ਲੱਗ ਚੁਕਿਆ ਹੈ। ਦੁਨੀਆ ਭਰ ਵਿਚ ਹੁਣ ਤੱਕ 14 ਕਰੋੜ ਤੋਂ ਵੱਧ ਲੋਕ ਇਨਫੈਕਸ਼ਨ ਦੀ ਚਪੇਟ ਵਿਚ ਹਨ। ਉੱਥੇ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 30 ਲੱਖ ਤੋਂ ਵਧੇਰੇ ਹੈ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦਾ ਕਹਿਰ, ਹਾਂਗਕਾਂਗ ਨੇ 3 ਮਈ ਤੱਕ ਭਾਰਤ ਆਉਣ-ਜਾਣ ਵਾਲੀਆਂ ਉਡਾਣਾਂ 'ਤੇ ਲਾਈ ਰੋਕ

ਮਹੱਤਵਪੂਰਨ ਸਮਝੌਤੇ ਹੋਣ ਦੀ ਆਸ
ਉੱਧਰ ਬ੍ਰਿਟੇਨ ਵਿਚ ਵੀ ਟੀਕਾਕਰਨ ਮੁਹਿੰਮ ਜਾਰੀ ਹੈ, ਜਿਸ ਨਾਲ ਨਵੇਂ ਮਾਮਲੇ ਘੱਟ ਸਾਹਮਣੇ ਆਏ ਹਨ। ਬੋਰਿਸ ਜਾਨਸਨ ਦੇ ਦੌਰੇ ਦੌਰਾਨ ਕਈ ਮਹੱਤਵਪੂਰਨ ਸਮਝੌਤੇ ਹੋਣ ਦੀ ਆਸ ਹੈ, ਜਿਸ ਵਿਚ ਕਈ ਵਪਾਰਕ ਸਮਝੌਤੇ ਵੀ ਸ਼ਾਮਲ ਹੋਣਗੇ। ਬ੍ਰਿਟੇਨ ਯੂਰਪੀ ਯੂਨੀਅਨ ਤੋਂ ਵੱਖ ਹੋਣ ਮਗਰੋਂ ਭਾਰਤ ਨੂੰ ਆਪਣੇ ਵਪਾਰਕ ਹਿੱਸੇਦਾਰ ਦੇ ਤੌਰ 'ਤੇ ਦੇਖ ਰਿਹਾ ਹੈ।

ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ-ਨਿਊਜ਼ੀਲੈਂਡ ਵਿਚਾਲੇ ਹਵਾਈ ਸੇਵਾ ਸ਼ੁਰੂ, ਲੋਕਾਂ ਨੇ ਹੰਝੂਆਂ ਨਾਲ ਕੀਤਾ ਸਵਾਗਤ (ਤਸਵੀਰਾਂ)

ਗੌਰਤਲਬ ਹੈ ਕਿ ਭਾਰਤ ਵਿਚ ਕੋਰੋਨਾ ਮਾਮਲੇ ਵੱਧਣ ਕਾਰਨ ਕਈ ਦੇਸ਼ਾਂ ਨੇ ਭਾਰਤ ਨਾਲ ਹਵਾਈ ਆਵਾਜਾਈ ਰੋਕ ਦਿੱਤੀ ਹੈ। ਕਈ ਦੇਸ਼ਾਂ ਨੇ ਨਾਗਰਿਕਾਂ ਨੂੰ ਭਾਰਤ ਯਾਤਰਾ ਨਾ ਕਰਨ ਸੰਬੰਧੀ ਐਡਵਾਇਜ਼ਰੀ ਵੀ ਜਾਰੀ ਕੀਤੀ ਹੈ। ਨਿਊਜ਼ੀਲੈਂਡ ਅਤੇ ਹਾਂਗਕਾਂਗ ਨੇ ਅਣਮਿੱਥੇ ਸਮੇਂ ਲਈ ਉਡਾਣਾਂ ਰੱਦ ਕਰ ਦਿੱਤੀਆਂ ਹਨ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News