ਕੈਨੇਡਾ ਦੀ ਜਹਾਜ਼ ਨਿਰਮਾਤਾ ਕੰਪਨੀ ਬੋਮਬਾਰਡਾਈਅਰ ਨੇ 1600 ਨੌਕਰੀਆਂ ''ਚ ਕੀਤੀ ਕਟੌਤੀ
Friday, Feb 12, 2021 - 09:47 AM (IST)
ਓਟਾਵਾ- ਕੈਨੇਡਾ ਦੀ ਜਹਾਜ਼ ਨਿਰਮਾਤਾ ਕੰਪਨੀ ਬੋਮਬਾਰਡਾਈਅਰ 1600 ਨੌਕਰੀਆਂ ਵਿਚ ਕਟੌਤੀ ਕਰ ਰਹੀ ਹੈ ਤੇ ਲੀਅਰਜੈੱਟ ਲਾਈਨ ਜਹਾਜ਼ ਦੇ ਉਤਪਾਦਨ ਨੂੰ ਵੀ ਸਮੇਟ ਰਹੀ ਹੈ।
ਕੰਪਨੀ ਨੇ ਵੀਰਵਾਰ ਨੂੰ ਸਾਲ 2020 ਦੇ ਵਿੱਤੀ ਨਤੀਜਿਆਂ ਦੀ ਘੋਸ਼ਣਾ ਕਰਦੇ ਹੋਏ ਕਿਹਾ,"ਬੋਮਬਾਰਡਾਈਅਰ ਨੇ ਲਾਭ ਅਤੇ ਨਕਦੀ ਵਧਾਉਣ ਵਿਚ ਸੁਧਾਰ ਲਈ ਕਈ ਕਾਰਵਾਈਆਂ ਸ਼ੁਰੂ ਕੀਤੀਆਂ ਹਨ। ਇਸ ਤਹਿਤ ਤਕਰੀਬਨ 1600 ਅਹੁਦਿਆਂ ਨੂੰ ਘੱਟ ਕੀਤਾ ਜਾ ਰਿਹਾ ਹੈ। ਕੰਪਨੀ ਦੇ ਮੁਖੀ ਅਤੇ ਸੀ. ਈ. ਓ. ਐਰਿਕ ਮਾਟਰੇਲ ਨੇ ਕਿਹਾ ਕਿ ਲਾਗਤ-ਕਟੌਤੀ ਦੀਆਂ ਯੋਜਨਾਵਾਂ ਤਹਿਤ ਕੰਪਨੀ ਆਪਣੀ ਆਈਕੋਨਿਕ ਲੀਅਰਜੈੱਟ ਲਾਈਨ ਦਾ ਉਤਪਾਦਨ ਵੀ ਖ਼ਤਮ ਕਰ ਰਹੀ ਹੈ ਤੇ ਇਸ ਸਾਲ ਦੀ ਚੌਥੀ-ਤਿਮਾਹੀ ਵਿਚ ਇਸ ਦਾ ਉਤਪਾਦਨ ਬੰਦ ਹੋ ਜਾਵੇਗਾ।
ਵਿੱਤੀ ਨਤੀਜਿਆਂ ਤੋਂ ਪਤਾ ਲੱਗਾ ਹੈ ਕਿ ਰੈਵੇਨਿਊ ਵਿਚ ਹਰ ਸਾਲ 3 ਫ਼ੀਸਦੀ ਦਾ ਵਾਧਾ ਹੋਇਆ, ਫਿਰ ਵੀ ਕੰਪਨੀ ਨੂੰ ਸਾਲ 2020 ਵਿਚ 56.8 ਕਰੋੜ ਡਾਲਰ ਦਾ ਘਾਟਾ ਹੋਇਆ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ ਜਿੱਥੇ ਵੱਡੀ ਗਿਣਤੀ ਵਿਚ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਗੁਆਉਣਾ ਪਿਆ, ਉੱਥੇ ਹੀ, ਵਿਸ਼ਵ ਭਾਰੀ ਵਿੱਤੀ ਘਾਟੇ ਦਾ ਸਾਹਮਣਾ ਕਰ ਰਿਹਾ ਹੈ।