ਬਲੂਚਿਸਤਾਨ ਵਿਚ ਬੰਬ ਧਮਾਕੇ ’ਚ ਪਾਕਿਸਤਾਨੀ ਪੱਤਰਕਾਰ ਦੀ ਮੌਤ
Monday, Oct 11, 2021 - 04:06 PM (IST)
ਕਰਾਚੀ (ਭਾਸ਼ਾ)-ਦੇਸ਼ ਦੇ ਅਸ਼ਾਂਤ ਬਲੂਚਿਸਤਾਨ ਸੂਬੇ ’ਚ ਪਾਬੰਦੀਸ਼ੁਦਾ ਬਲੂਚਿਸਤਾਨ ਲਿਬਰੇਸ਼ਨ ਆਰਮੀ ਦੇ ਹਮਲੇ ’ਚ ਇਕ 35 ਸਾਲਾ ਪਾਕਿਸਤਾਨੀ ਪੱਤਰਕਾਰ ਦੀ ਮੌਤ ਹੋ ਗਈ। ਇਹ ਜਾਣਕਾਰੀ ਮੀਡੀਆ ਰਿਪੋਰਟਾਂ ’ਚ ਦਿੱਤੀ ਗਈ ਹੈ। ਈਦਗਾਹ ਥਾਣੇ ਦੇ ਇੰਚਾਰਜ ਨਦੀਮ ਹੈਦਰ ਨੇ 'ਡਾਨ ਨਿਊਜ਼' ਦੀ ਖ਼ਬਰ ਦੇ ਹਵਾਲੇ ਨਾਲ ਕਿਹਾ ਕਿ 'ਮੈਟਰੋ 1 ਨਿਊਜ਼' ਦਾ ਪੱਤਰਕਾਰ ਸ਼ਾਹਿਦ ਜ਼ੇਹਰੀ ਸੂਬੇ ਦੇ ਹਬ ਸ਼ਹਿਰ ’ਚ ਇਕ ਕਾਰ ’ਚ ਜਾ ਰਿਹਾ ਸੀ, ਜਦੋਂ ਉਸ ’ਤੇ ਐਤਵਾਰ ਨੂੰ ਦੇਸੀ ਗ੍ਰਨੇਡ ਨਾਲ ਹਮਲਾ ਕੀਤਾ ਗਿਆ। ਟੀ. ਵੀ. ਪੱਤਰਕਾਰ ਜੇਹਰੀ ਹਮਲੇ ’ਚ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਅਤੇ ਇਕ ਹੋਰ ਜ਼ਖਮੀ ਵਿਅਕਤੀ ਨੂੰ 'ਹਬ ਸਿਵਲ ਹਸਪਤਾਲ ਕਰਾਚੀ' ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਜੇਹਰੀ ਨੂੰ ਮ੍ਰਿਤਕ ਐਲਾਨ ਦਿੱਤਾ।
ਖ਼ਬਰ ’ਚ ਕਿਹਾ ਗਿਆ ਕਿ ‘ਡਾਨ ਡਾਟ ਕਾਮ’ ਵੱਲੋਂ ਵੇਖੀ ਗਈ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ’ਚ ਇਕ ਰੁਝੇਵਿਆਂ ਭਰੀ ਸੜਕ ਉੱਤੇ ‘ਯੂ-ਟਰਨ’ ਲੈਂਦਿਆਂ ਹੀ ਜ਼ੇਹਰੀ ਦੀ ਕਾਰ ਕੋਲ ਸੜਕ ਕਿਨਾਰੇ ਇਕ ਧਮਾਕਾ ਹੁੰਦਾ ਦਿਖਿਆ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਬੰਬ ਕਿਹੜਾ ਸੀ। ਬਲੂਚਿਸਤਾਨ ਲਿਬਰੇਸ਼ਨ ਆਰਮੀ ਨੇ ਬਾਅਦ ’ਚ ਇਕ ਬਿਆਨ ਵਿਚ ਹਮਲੇ ਦੀ ਜ਼ਿੰਮੇਵਾਰੀ ਲਈ। ‘ਡਾਨ ਨਿਊਜ਼’ ਦੇ ਅਨੁਸਾਰ ਫਰਵਰੀ ਵਿਚ ‘ਕੌਂਸਲ ਆਫ ਪਾਕਿਸਤਾਨ ਨਿਊਜ਼ਪੇਪਰ ਐਡੀਟਰਜ਼’ (ਸੀ. ਪੀ. ਐੱਨ. ਈ.) ਦੀ ‘ਮੀਡੀਆ ਫਰੀਡਮ ਰਿਪੋਰਟ' 2020 ਨੇ ਖੁਲਾਸਾ ਕੀਤਾ ਸੀ ਕਿ ਘੱਟੋ-ਘੱਟ 10 ਪੱਤਰਕਾਰਾਂ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ 2020 ’ਚ ਹੀ ਪਾਕਿਸਤਾਨ ’ਚ ਕਈਆਂ ਨੂੰ ਧਮਕੀਆਂ, ਅਗਵਾ, ਤਸੀਹੇ ਦਿੱਤੇ ਗਏ ਸਨ ਅਤੇ ਆਪਣੀਆਂ ਪੇਸ਼ੇਵਰ ਜ਼ਿੰਮੇਵਾਰੀਆਂ ਨਿਭਾਉਣ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ। ਪੱਤਰਕਾਰਾਂ ’ਤੇ ਤਸ਼ੱਦਦ ਕਰਨ ਅਤੇ ਮਾਰਨ ਦੇ ਜ਼ਿੰਮੇਵਾਰ ਲੋਕਾਂ ਵਿਰੁੱਧ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।