ਅਫਗਾਨਿਸਤਾਨ ''ਚ ਪ੍ਰੋਗਰਾਮ ਦੌਰਾਨ ਬੰਬ ਧਮਾਕਾ, 12 ਲੋਕਾਂ ਦੀ ਮੌਤ, 30 ਜ਼ਖਮੀ
Thursday, Jun 08, 2023 - 10:51 PM (IST)
ਇੰਟਰਨੈਸ਼ਨਲ ਡੈਸਕ : ਅਫਗਾਨਿਸਤਾਨ ਦੇ ਬਦਖਸ਼ਾਨ ਸੂਬੇ 'ਚ ਵੀਰਵਾਰ ਨੂੰ ਇਕ ਪ੍ਰੋਗਰਾਮ ਦੌਰਾਨ ਹੋਏ ਧਮਾਕੇ 'ਚ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ। ਇਹ ਸਮਾਗਮ ਸੂਬੇ ਦੇ ਡਿਪਟੀ ਗਵਰਨਰ ਨਿਸਾਰ ਅਹਿਮਦ ਅਹਿਮਦੀ ਦੀ ਯਾਦ 'ਚ ਕਰਵਾਇਆ ਗਿਆ ਸੀ, ਜਿਨ੍ਹਾਂ ਦੀ ਕੁਝ ਦਿਨ ਪਹਿਲਾਂ ਹੱਤਿਆ ਕਰ ਦਿੱਤੀ ਗਈ ਸੀ। ਗ੍ਰਹਿ ਮੰਤਰਾਲੇ ਦੇ ਤਾਲਿਬਾਨ ਦੁਆਰਾ ਨਿਯੁਕਤ ਬੁਲਾਰੇ ਅਬਦੁਲ ਨਫੀ ਟਾਕੋਰ ਨੇ ਕਿਹਾ ਕਿ ਨਵਾਬੀ ਮਸਜਿਦ ਨੇੜੇ ਹੋਏ ਧਮਾਕੇ ਵਿੱਚ ਮਾਰੇ ਗਏ ਲੋਕਾਂ 'ਚ ਇਕ ਸਾਬਕਾ ਤਾਲਿਬਾਨ ਪੁਲਸ ਅਧਿਕਾਰੀ ਵੀ ਸ਼ਾਮਲ ਹੈ ਅਤੇ 30 ਲੋਕ ਜ਼ਖ਼ਮੀ ਹੋਏ ਹਨ।
ਇਹ ਵੀ ਪੜ੍ਹੋ : PM ਮੋਦੀ ਤੋਂ ਪਹਿਲਾਂ ਰਾਹੁਲ ਗਾਂਧੀ ਵੱਲੋਂ ਵ੍ਹਾਈਟ ਹਾਊਸ ਦਾ 'ਸੀਕ੍ਰੇਟ' ਦੌਰਾ! ਉੱਠਣ ਲੱਗੇ ਸਵਾਲ
ਟਾਕੋਰ ਨੇ ਖਦਸ਼ਾ ਪ੍ਰਗਟਾਇਆ ਕਿ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ। ਇਸ ਹਮਲੇ 'ਚ ਸਪੱਸ਼ਟ ਤੌਰ 'ਤੇ ਅਹਿਮਦੀ ਦੀ ਯਾਦ 'ਚ ਆਯੋਜਿਤ ਇਕ ਪ੍ਰੋਗਰਾਮ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਅਹਿਮਦੀ ਦੀ ਮੰਗਲਵਾਰ ਨੂੰ ਕਾਰ ਬੰਬ ਧਮਾਕੇ ਰਾਹੀਂ ਹੱਤਿਆ ਕਰ ਦਿੱਤੀ ਗਈ ਸੀ। ਇਹ ਹਮਲਾ ਬਦਖਸ਼ਾਨ ਸੂਬੇ ਦੀ ਰਾਜਧਾਨੀ ਫੈਜ਼ਾਬਾਦ 'ਚ ਹੋਇਆ, ਜਿਸ ਵਿੱਚ ਉਸ ਦਾ ਡਰਾਈਵਰ ਵੀ ਮਾਰਿਆ ਗਿਆ ਅਤੇ 10 ਹੋਰ ਜ਼ਖ਼ਮੀ ਹੋ ਗਏ। ਤਾਲਿਬਾਨ ਦੇ ਸੂਚਨਾ ਅਤੇ ਸੱਭਿਆਚਾਰ ਦੇ ਇੰਚਾਰਜ ਮੋਜ਼ੂਦੀਨ ਅਹਿਮਦੀ ਨੇ ਵੀਰਵਾਰ ਨੂੰ ਹੋਏ ਧਮਾਕੇ ਅਤੇ ਬਗਲਾਨ ਦੇ ਸਾਬਕਾ ਪੁਲਸ ਮੁਖੀ ਸੈਫੁੱਲਾ ਸ਼ਮੀਮ ਦੀ ਮੌਤ ਦੀ ਪੁਸ਼ਟੀ ਕੀਤੀ।
ਇਹ ਵੀ ਪੜ੍ਹੋ : ਇਟਲੀ : ਅਦਾਲਤ ਨੇ 18 ਸਾਲ ਪਹਿਲਾਂ ਜਾਨ ਗੁਆ ਚੁੱਕੇ ਨੌਜਵਾਨ ਦੇ ਮਾਪਿਆਂ ਨੂੰ ਦਿੱਤਾ ਇਨਸਾਫ਼, ਇੰਝ ਹੋਈ ਸੀ ਮੌਤ
ਕਿਸੇ ਵੀ ਸੰਗਠਨ ਨੇ ਤੁਰੰਤ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਪਰ ਤਾਲਿਬਾਨ ਵਿਰੋਧੀ ਇਸਲਾਮਿਕ ਸਟੇਟ ਨੇ ਮੰਗਲਵਾਰ ਦੇ ਕਾਰ ਬੰਬ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ। ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਇਸ ਹਮਲੇ ਦੀ ਨਿੰਦਾ ਕਰਦਿਆਂ ਇਕ ਟਵੀਟ ਵਿੱਚ ਕਿਹਾ ਕਿ ਮਸਜਿਦਾਂ ਵਿੱਚ ਬੰਬ ਧਮਾਕਾ ਇਕ "ਅੱਤਵਾਦੀ" ਅਤੇ "ਮਨੁੱਖੀ ਤੇ ਇਸਲਾਮਿਕ ਮਾਨਕਾਂ ਦੇ ਵਿਰੁੱਧ" ਹੈ। ਤਾਲਿਬਾਨ ਦੇ ਕਈ ਸੀਨੀਅਰ ਅਧਿਕਾਰੀ ਬੁੱਧਵਾਰ ਨੂੰ ਨਿਸਾਰ ਅਹਿਮਦ ਅਹਿਮਦੀ ਦੀ ਤਦਫੀਨ (ਦਫ਼ਨਾਉਣ) ਵਿੱਚ ਸ਼ਾਮਲ ਹੋਏ। ਤਾਲਿਬਾਨ ਦੇ ਸੈਨਾ ਮੁਖੀ ਫਸੀਹੁਦੀਨ ਫਿਤਰਤ ਨੇ ਬਦਖ਼ਸ਼ਾਨ ਵਿੱਚ ਆਈਐੱਸ ਦੇ ਹਮਲਿਆਂ ਦੀ ਨਿੰਦਾ ਕੀਤੀ ਤੇ ਲੋਕਾਂ ਨੂੰ ਤਾਲਿਬਾਨ ਸੁਰੱਖਿਆ ਬਲਾਂ ਨਾਲ ਸਹਿਯੋਗ ਕਰਨ ਅਤੇ ਆਪਣੇ ਖੇਤਰਾਂ ਵਿੱਚ ਸ਼ੱਕੀ ਗਤੀਵਿਧੀਆਂ ਦੀ ਰਿਪੋਰਟ ਕਰਨ ਲਈ ਕਿਹਾ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।