ਮਲੇਸ਼ੀਆ ; ਸਮੁੰਦਰ ਵਿਚਾਲੇ ਪਲਟ ਗਈ ਪ੍ਰਵਾਸੀਆਂ ਨਾਲ ਭਰੀ ਕਿਸ਼ਤੀ ! ਕਈਆਂ ਦੀ ਮੌਤ, ਸੈਂਕੜੇ ਲਾਪਤਾ
Monday, Nov 10, 2025 - 03:55 PM (IST)
ਇੰਟਰਨੈਸ਼ਨਲ ਡੈਸਕ- ਮਲੇਸ਼ੀਆ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਮਿਆਂਮਾਰ ਤੋਂ ਰੋਹਿੰਗਿਆ ਭਾਈਚਾਰੇ ਦੇ ਮੈਂਬਰਾਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਥਾਈਲੈਂਡ-ਮਲੇਸ਼ੀਆ ਸਰਹੱਦ ਨੇੜੇ ਡੁੱਬ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਕਿਸ਼ਤੀ 'ਚ 300 ਦੇ ਕਰੀਬ ਲੋਕ ਸਵਾਰ ਸਨ, ਜਿਨ੍ਹਾਂ 'ਚੋਂ ਸੈਂਕੜੇ ਲੋਕ ਹਾਲੇ ਵੀ ਲਾਪਤਾ ਹਨ।
ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ 'ਚ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 13 ਲੋਕਾਂ ਨੂੰ ਰੈਸਕਿਊ ਕਰ ਲਿਆ ਗਿਆ ਹੈ। ਕੁਝ ਰਿਪੋਰਟਾਂ ਮੁਤਾਬਕ ਇਸ ਹਾਦਸੇ 'ਚ ਹੋਰ ਜ਼ਿਆਦਾ ਜਾਨੀ ਨੁਕਸਾਨ ਹੋਇਆ ਹੈ ਤੇ ਸਿਰਫ਼ 10 ਲੋਕਾਂ ਦੀ ਜਾਨ ਹੀ ਬਚ ਸਕੀ ਹੈ। ਫਿਲਹਾਲ ਇਸ ਬਾਰੇ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
ਇਲਾਕੇ ਦੇ ਸਮੁੰਦਰੀ ਏਜੰਸੀ ਦੇ ਮੁਖੀ ਰੋਮਲੀ ਮੁਸਤਫਾ ਨੇ ਦੱਸਿਆ ਕਿ ਜਿਸ ਕਿਸ਼ਤੀ ਵਿੱਚ 300 ਲੋਕ ਸਵਾਰ ਸਨ, ਉਹ ਤਿੰਨ ਦਿਨ ਪਹਿਲਾਂ ਮਿਆਂਮਾਰ ਦੇ ਰਖਾਈਨ ਰਾਜ ਤੋਂ ਰਵਾਨਾ ਹੋਈ ਸੀ। ਕੇਦਾਹ ਸੂਬੇ ਦੇ ਪੁਲਸ ਮੁਖੀ ਅਦਜ਼ਲੀ ਅਬੂ ਸ਼ਾਹ ਨੇ ਮਲੇਸ਼ੀਆਈ ਸੂਬਾ ਮੀਡੀਆ ਬਰਨਾਮਾ ਦੇ ਹਵਾਲੇ ਨਾਲ ਦੱਸਿਆ ਕਿ ਲੋਕ ਸ਼ੁਰੂ ਵਿੱਚ ਮਿਆਂਮਾਰ ਤੋਂ ਇੱਕ ਵੱਡੇ ਜਹਾਜ਼ ਵਿੱਚ ਸਵਾਰ ਹੋਏ ਸਨ, ਪਰ ਫਿਰ ਮਲੇਸ਼ੀਆ ਦੇ ਨੇੜੇ ਫੜੇ ਜਾਣ ਤੋਂ ਬਚਣ ਲਈ ਉਨ੍ਹਾਂ ਨੂੰ ਤਿੰਨ ਛੋਟੀਆਂ ਕਿਸ਼ਤੀਆਂ ਵਿੱਚ ਸਵਾਰ ਹੋਣ ਲਈ ਕਿਹਾ ਗਿਆ ਸੀ।
