ਕਿਸ਼ਤੀ ਡੁੱਬਣ ਨਾਲ ਯਮਨ ਦੇ 42 ਪ੍ਰਵਾਸੀਆਂ ਦੀ ਮੌਤ
Wednesday, Apr 14, 2021 - 11:28 AM (IST)
ਸਨਾ (ਵਾਰਤਾ) : ਪੂਰਬੀ ਅਫਰੀਕੀ ਦੇਸ਼ ਜਿਬੌਤੀ ਦੇ ਤਟੀ ਖੇਤਰ ਵਿਚ ਇਕ ਕਿਸ਼ਤੀ ਡੁੱਬ ਜਾਣ ਨਾਲ ਉਸ ਵਿਚ ਸਵਾਰ ਘੱਟ ਤੋਂ ਘੱਟ 42 ਪ੍ਰਵਾਸੀਆਂ ਦੀ ਮੌਤ ਹੋ ਗਈ। ਅੰਤਰਰਾਸ਼ਟਰੀ ਪ੍ਰਵਾਸੀ ਸੰਗਠਨ (ਆਈ.ਓ.ਐਮ.) ਨੇ ਇਕ ਬਿਆਨ ਜਾਰੀ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ। ਆਈ.ਓ.ਐਮ. ਦੇ ਬਿਆਨ ਮੁਤਾਬਕ ਤਸਕਰਾਂ ਦੀ ਇਕ ਕਿਸ਼ਤੀ ਸੋਮਵਾਰ ਸਵੇਰੇ ਜਿਬੌਤੀ ਦੇ ਤਟੀ ਖੇਤਰ ਵਿਚ ਡੁੱਬ ਗਈ।
ਕਿਸ਼ਤੀ ਵਿਚ ਕਰੀਬ 60 ਪ੍ਰਵਾਸੀ ਸਵਾਰ ਸਨ ਅਤੇ ਉਹ ਹਿੰਸਾਗ੍ਰਸਤ ਯਮਨ ਛੱਡ ਕੇ ਜਿਬੋਤੀ ਵੱਲ ਜਾ ਰਹੇ ਸਨ। ਕਿਸ਼ਤੀ ਡੁੱਬਣ ਨਾਲ ਉਸ ਵਿਚ ਸਵਾਰ ਘੱਟ ਤੋਂ ਘੱਟ 42 ਲੋਕਾਂ ਦੀ ਮੌਤ ਹੋ ਗਈ। ਕਿਸ਼ਤੀ ਡੁੱਬਣ ਦੇ ਕਾਰਨ ਦਾ ਹੁਣ ਤੱਕ ਪਤਾ ਨਹੀਂ ਲੱਗ ਸਕਿਆ ਹੈ। ਮਾਰਚ ਮਹੀਨੇ ਵਿਚ ਹੀ ਹੁਣ ਤੱਕ 2,343 ਤੋਂ ਜ਼ਿਆਦਾ ਪ੍ਰਵਾਸੀ ਯਮਨ ਤੋਂ ਜਿਬੌਤੀ ਆ ਚੁੱਕੇ ਹਨ। ਜਦੋਂਕਿ ਫਰਵਰੀ ਮਹੀਨੇ ਵਿਚ ਇਹ ਸੰਖਿਆ ਕਰੀਬ 1900 ਸੀ। ਜ਼ਿਕਰਯੋਗ ਹੈ ਕਿ ਯਮਨ ਅਤੇ ਜਿਬੌਤੀ ਵਿਚਾਲੇ ਆਮ ਤੌਰ ’ਤੇ ਪ੍ਰਵਾਸੀ ਲੋਕ ਇਕ ਸਥਾਨ ਤੋਂ ਦੂਜੇ ਸਥਾਨ ਵੱਲ ਜਾਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ।