ਅਮਰੀਕਾ ਦੇ ਗੈਰ-ਕਾਨੂੰਨੀ ਪ੍ਰਵਾਸੀਆਂ ਬਾਰੇ ਖੁੱਲ੍ਹ ਕੇ ਬੋਲੇ ਬਲੂਮਬਰਗ
Wednesday, Jan 08, 2020 - 12:43 AM (IST)

ਸੈਨ ਡਿਆਗੋ—ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਦੀ ਚੋਣ ਲੜਨ ਲਈ ਯਤਨਸ਼ੀਲ ਨਿਊਯਾਰਕ ਦੇ ਸਾਬਕਾ ਮੇਅਰ ਮਾਈਕਲ ਬਲੂਮਬਰਗ ਨੇ ਅਮਰੀਕਾ 'ਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਸਵਾ ਕਰੋੜ ਪ੍ਰਵਾਸੀਆਂ ਨੂੰ ਸਿਟੀਜ਼ਨਸ਼ਿਪ ਦਿੱਤੇ ਜਾਣ ਦੀ ਜ਼ੋਰਦਾਰ ਵਕਾਲਤ ਕੀਤੀ ਹੈ। ਸੈਨ ਡਿਐਗੋ ਯੂਨੀਅਨ ਟਿਬਿਊਨ ਨਾਲ ਗੱਲਬਾਤ ਕਰਦਿਆਂ ਬਲੂਮਬਰਗ ਨੇ ਪ੍ਰਵਾਸੀਆਂ ਨੂੰ ਡਿਪੋਰਟ ਕੀਤੇ ਜਾਣ ਦਾ ਵੀ ਤਿੱਖਾ ਵਿਰੋਧ ਕੀਤਾ। ਆਪਣੇ ਸ਼ਹਿਰ ਨਿਊਯਾਰਕ ਦੀ ਮਿਸਾਲ ਪੇਸ਼ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਉੱਥੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕਿਸੇ ਕਿਸਮ ਦਾ ਡਰ ਨਹੀਂ ਸਤਾਉਂਦਾ ਅਤੇ ਹਰ ਸੇਵਾ ਮੁਹੱਈਆ ਕਰਵਾਈ ਜਾਂਦੀ ਹੈ। ਇੰਮੀਗ੍ਰੇਸ਼ਨ ਦੇ ਹਮਾਇਤੀ ਬਲੂਮਬਰਗ ਨੇ ਇਸ ਦੇ ਨਾਲ ਹੀ ਕਿਹਾ ਕਿ ਬਿਨਾਂ ਸ਼ੱਕ ਅਮਰੀਕਾ ਨੂੰ ਪ੍ਰਵਾਸੀਆਂ ਦੀ ਸਖਤ ਜ਼ਰੂਰਤ ਹੈ ਪਰ ਕੌਮਾਂਤਰੀ ਸਰਹੱਦਾਂ ਰਾਹੀਂ ਨਾਜਾਇਜ਼ ਪ੍ਰਵਾਸ ਬੰਦ ਹੋਣਾ ਚਾਹੀਦਾ ਹੈ।
ਬਲੂਮਬਰਗ ਨੇ ਇਸ ਦੇ ਨਾਲ ਹੀ ਆਪਣਾ ਸਟੈਂਡ ਦੁਹਰਾਇਆ ਕਿ ਸਰਹੱਦ ਪਾਰ ਕਰਨ ਵਾਲੇ ਪਰਿਵਾਰਾਂ ਨੂੰ ਵੱਖ-ਵੱਖ ਕਰਨਾ, ਸਮੱਸਿਆ ਦਾ ਹੱਲ ਨਹੀਂ। ਉਨ੍ਹਾਂ ਦਲੀਲ ਦਿੱਤੀ ਕਿ ਦੁਨੀਆ 'ਚ ਅਜਿਹਾ ਕੋਈ ਮੁਲਕ ਨਹੀਂ ਜੋ ਆਪਣੀਆਂ ਸਰਹੱਦਾਂ ਨੂੰ ਕੰਟਰੋਲ ਨਾ ਸਕਦਾ ਹੋਵੇ ਪਰ ਬੱਚਿਆਂ ਨੂੰ ਮਾਪਿਆਂ ਤੋਂ ਵੱਖ ਕਰਨਾ ਘੋਰ ਮਨੁੱਖੀ ਅਪਰਾਧ ਹੈ। ਸਰਹੱਦ 'ਤੇ ਉਚੀ ਕੰਧ ਖੜ੍ਹੀ ਕਰਨ ਦੇ ਸਵਾਲ 'ਤੇ ਉਨ੍ਹਾਂ ਆਖਿਆ ਕਿ ਅਸਲ 'ਚ ਜ਼ਿਆਦਾਤਰ ਗੈਰ-ਕਾਨੂੰਨੀ ਪ੍ਰਵਾਸੀ ਜਾਇਜ਼ ਵੀਜ਼ਾ 'ਤੇ ਆਉਂਦੇ ਹਨ ਅਤੇ ਬਾਅਦ 'ਚ ਵਾਪਸ ਨਹੀਂ ਜਾਂਦੇ। ਅਜਿਹੇ 'ਚ ਸਾਨੂੰ ਹਵਾਈ ਅੱਡਿਆਂ ਦੁਆਲੇ ਉਚੀਆਂ ਕੰਧਾਂ ਖੜ੍ਹੀਆਂ ਕਰਨੀਆਂ ਹੋਣਗੀਆਂ। ਬਲੂਮਬਰਗ ਨੇ ਉਨ੍ਹਾਂ ਮੁਲਕਾਂ ਨੂੰ ਆਰਥਿਕ ਸਹਾਇਤਾ 'ਚ ਵਾਧਾ ਕੀਤੇ ਜਾਣ ਦੀ ਵਕਾਲਤ ਵੀ ਕੀਤੀ ਜਿਥੋ ਵੱਡੀ ਗਿਣਤੀ 'ਚ ਪ੍ਰਵਾਸੀ ਅਮਰੀਕਾ ਆ ਰਹੇ ਹਨ।