ਕਿਹੜਾ ਬਲੱਡ ਗਰੁੱਪ ਵਧਾਉਂਦਾ ਹੈ ਸਟ੍ਰੋਕ ਦਾ ਖ਼ਤਰਾ? ਨਵੀਂ ਸਟਡੀ ''ਚ ਵੱਡਾ ਖ਼ੁਲਾਸਾ!
Monday, Oct 27, 2025 - 01:13 PM (IST)
ਵੈੱਬ ਡੈਸਕ- ਅਕਸਰ ਸਟ੍ਰੋਕ ਨੂੰ ਉਮਰ, ਬਲੱਡ ਪ੍ਰੈਸ਼ਰ ਜਾਂ ਸ਼ੂਗਰ ਨਾਲ ਜੁੜੀ ਬੀਮਾਰੀ ਮੰਨਿਆ ਜਾਂਦਾ ਹੈ, ਪਰ ਹੁਣ ਇਕ ਤਾਜ਼ਾ ਖੋਜ ਨੇ ਹੈਰਾਨੀਜਨਕ ਤੱਥ ਸਾਹਮਣੇ ਲਿਆਂਦਾ ਹੈ — ਤੁਹਾਡਾ ਬਲੱਡ ਗਰੁੱਪ ਹੀ ਇਹ ਤੈਅ ਕਰ ਸਕਦਾ ਹੈ ਕਿ ਤੁਹਾਨੂੰ ਸਟ੍ਰੋਕ ਦਾ ਖਤਰਾ ਕਿੰਨਾ ਹੈ!
ਕੀ ਹੁੰਦਾ ਹੈ ਸਟ੍ਰੋਕ?
ਸਟ੍ਰੋਕ ਉਸ ਵੇਲੇ ਹੁੰਦਾ ਹੈ ਜਦੋਂ ਦਿਮਾਗ ਦੇ ਕਿਸੇ ਹਿੱਸੇ ਤੱਕ ਖੂਨ ਦਾ ਪ੍ਰਵਾਹ ਅਚਾਨਕ ਰੁਕ ਜਾਂਦਾ ਹੈ ਜਾਂ ਕੋਈ ਰਗ ਫਟ ਜਾਂਦੀ ਹੈ। ਇਸ ਨਾਲ ਦਿਮਾਗੀ ਕੋਸ਼ਿਕਾਂ ਨੂੰ ਆਕਸੀਜਨ ਨਹੀਂ ਮਿਲਦੀ ਅਤੇ ਵਿਅਕਤੀ ਨੂੰ ਚਿਹਰਾ ਲਟਕਣਾ, ਸਰੀਰ ਦੇ ਇਕ ਪਾਸੇ ਕਮਜ਼ੋਰੀ, ਬੋਲਣ ਜਾਂ ਸਮਝਣ 'ਚ ਦਿੱਕਤ ਵਰਗੇ ਲੱਛਣ ਮਹਿਸੂਸ ਹੁੰਦੇ ਹਨ। ਇਹ ਇਕ ਮੈਡੀਕਲ ਐਮਰਜੈਂਸੀ ਹੈ ਜਿਸ ਦਾ ਤੁਰੰਤ ਇਲਾਜ ਲੋੜੀਂਦਾ ਹੁੰਦਾ ਹੈ।
ਸਟਡੀ ਦਾ ਹੈਰਾਨੀਜਨਕ ਨਤੀਜਾ
ਇਕ ਅੰਤਰਰਾਸ਼ਟਰੀ ਅਧਿਐਨ ਅਨੁਸਾਰ, ਬਲੱਡ ਗਰੁੱਪ A ਵਾਲਿਆਂ 'ਚ 60 ਸਾਲ ਦੀ ਉਮਰ ਤੋਂ ਪਹਿਲਾਂ ਸਟ੍ਰੋਕ ਦਾ ਖਤਰਾ ਹੋਰ ਗਰੁੱਪਾਂ ਨਾਲੋਂ ਵੱਧ ਪਾਇਆ ਗਿਆ ਹੈ।
ਇਸ ਖੋਜ 'ਚ 48 ਜੈਨੇਟਿਕ ਸਟਡੀਜ਼ ਦੇ ਡਾਟਾ ਦਾ ਵਿਸ਼ਲੇਸ਼ਣ ਕੀਤਾ ਗਿਆ, ਜਿਸ 'ਚ 17,000 ਸਟ੍ਰੋਕ ਪੀੜਤਾਂ ਅਤੇ 6 ਲੱਖ ਤੋਂ ਵੱਧ ਆਮ ਲੋਕਾਂ ਦੇ ਅੰਕੜੇ ਸ਼ਾਮਲ ਸਨ। ਨਤੀਜਿਆਂ ਤੋਂ ਪਤਾ ਲੱਗਾ ਕਿ A1 ਬਲੱਡ ਸਬਗਰੁੱਪ ਦੇ ਜੀਨ ਅਤੇ ਸ਼ੁਰੂਆਤੀ ਸਟ੍ਰੋਕ (early stroke) ਵਿਚ ਸਿੱਧਾ ਸੰਬੰਧ ਹੈ।
ਇਸ ਗਰੁੱਪ ਵਾਲਿਆਂ 'ਚ ਖੂਨ ਦੇ ਥੱਕੇ ਬਣਾਉਣ ਵਾਲੇ ਪ੍ਰੋਟੀਨ- ਵਾਨ ਵਿੱਲੀਬ੍ਰਾਂਡ ਫੈਕਟਰ ਅਤੇ ਫੈਕਟਰ VIII ਪ੍ਰੋਟੀਨ ਦੀ ਮਾਤਰਾ ਵੱਧ ਹੁੰਦੀ ਹੈ, ਜਿਸ ਨਾਲ ਸਟ੍ਰੋਕ ਦਾ ਖਤਰਾ ਵਧ ਸਕਦਾ ਹੈ।
ਸਟਡੀ ਦੇ ਮੁੱਖ ਨਤੀਜੇ
- ਬਲੱਡ ਗਰੁੱਪ A ਵਾਲਿਆਂ 'ਚ ਸਟ੍ਰੋਕ ਦਾ ਖਤਰਾ 16% ਵੱਧ
- ਬਲੱਡ ਗਰੁੱਪ O ਵਾਲਿਆਂ 'ਚ ਖਤਰਾ 12% ਘੱਟ
- ਬਲੱਡ ਗਰੁੱਪ B ਅਤੇ AB ਵਾਲਿਆਂ 'ਚ ਖਤਰਾ ਕਾਫੀ ਘੱਟ ਪਾਇਆ ਗਿਆ
ਡਾਕਟਰਾਂ ਦੀ ਸਲਾਹ — ਘਬਰਾਉਣ ਦੀ ਨਹੀਂ, ਸਾਵਧਾਨੀ ਦੀ ਲੋੜ
ਨਿਊਰੋਲੋਜਿਸਟਾਂ ਦਾ ਕਹਿਣਾ ਹੈ ਕਿ, “ਇਹ ਖੋਜ ਇਕ ਮਹੱਤਵਪੂਰਨ ਸੰਕੇਤ ਦਿੰਦੀ ਹੈ, ਪਰ ਘਬਰਾਉਣ ਦੀ ਲੋੜ ਨਹੀਂ। ਸਿਰਫ਼ ਬਲੱਡ ਗਰੁੱਪ ਨਾਲ ਸਟ੍ਰੋਕ ਨਹੀਂ ਹੁੰਦਾ, ਇਸ ’ਤੇ ਜੀਵਨਸ਼ੈਲੀ ਅਤੇ ਆਦਤਾਂ ਸਭ ਤੋਂ ਵੱਧ ਪ੍ਰਭਾਵ ਪਾਉਂਦੀਆਂ ਹਨ।”
ਸਟ੍ਰੋਕ ਦੇ ਮੁੱਖ ਕਾਰਨ
- ਹਾਈ ਬਲੱਡ ਪ੍ਰੈਸ਼ਰ
- ਡਾਇਬੀਟੀਜ਼
- ਸਿਗਰਟਨੋਸ਼ੀ ਤੇ ਸ਼ਰਾਬ ਦਾ ਸੇਵਨ
- ਮੋਟਾਪਾ ਅਤੇ ਤਣਾਅ
- ਗਲਤ ਖੁਰਾਕ ਅਤੇ ਘੱਟ ਸਰਗਰਮੀ
- ਇਨ੍ਹਾਂ ਕਾਰਕਾਂ ਤੋਂ ਦੂਰ ਰਹਿ ਕੇ ਕੋਈ ਵੀ ਵਿਅਕਤੀ ਸਟ੍ਰੋਕ ਦੇ ਖਤਰੇ ਨੂੰ ਕਾਫੀ ਹੱਦ ਤੱਕ ਘਟਾ ਸਕਦਾ ਹੈ।
ਸਟ੍ਰੋਕ ਤੋਂ ਬਚਾਅ ਲਈ ਜ਼ਰੂਰੀ ਟਿਪਸ
- ਨਿਯਮਿਤ ਕਸਰਤ ਕਰੋ
- ਬਲੱਡ ਪ੍ਰੈਸ਼ਰ ਅਤੇ ਸ਼ੂਗਰ ਨੂੰ ਕੰਟਰੋਲ 'ਚ ਰੱਖੋ
- ਸੰਤੁਲਿਤ ਖੁਰਾਕ ਤੇ ਪੂਰੀ ਨੀਂਦ ਲਵੋ
- ਸਿਗਰਟਨੋਸ਼ੀ ਅਤੇ ਸ਼ਰਾਬ ਤੋਂ ਬਚੋ
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
