ਦੱਖਣ-ਪੱਛਮੀ ਪਾਕਿਸਤਾਨ ਵਿੱਚ ਧਮਾਕਾ: 4 ਦੀ ਮੌਤ, 35 ਹੋਰ ਜ਼ਖ਼ਮੀ
Sunday, Jan 05, 2025 - 12:28 AM (IST)
ਕਵੇਟਾ - ਪਾਕਿਸਤਾਨ ਦੇ ਦੱਖਣ-ਪੱਛਮੀ ਸ਼ਹਿਰ ਤੁਰਬਤ 'ਚ ਸ਼ਨੀਵਾਰ ਨੂੰ ਇਕ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ.ਈ.ਡੀ.) ਧਮਾਕੇ 'ਚ 4 ਲੋਕਾਂ ਦੀ ਮੌਤ ਹੋ ਗਈ ਅਤੇ 35 ਹੋਰ ਜ਼ਖਮੀ ਹੋ ਗਏ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਘਟਨਾ ਵਾਲੀ ਥਾਂ ਤੋਂ ਮਿਲੀਆਂ ਤਸਵੀਰਾਂ ਤੋਂ ਪਤਾ ਚੱਲਦਾ ਹੈ ਕਿ ਧਮਾਕੇ ਤੋਂ ਬਾਅਦ ਸੜਕ 'ਤੇ ਚੱਲ ਰਹੇ ਇਕ ਵਾਹਨ ਨੂੰ ਅੱਗ ਲੱਗ ਗਈ।
ਪੁਲਸ ਅਧਿਕਾਰੀ ਰੌਸ਼ਨ ਬਲੋਚ ਨੇ ਦੱਸਿਆ ਕਿ ਜ਼ਖ਼ਮੀਆਂ ਵਿੱਚੋਂ ਅੱਠ ਦੀ ਹਾਲਤ ਨਾਜ਼ੁਕ ਹੈ ਅਤੇ ਬਾਕੀਆਂ ਦੀ ਹਾਲਤ ਸਥਿਰ ਹੈ। ਮਰਨ ਵਾਲਿਆਂ ਵਿਚ ਜ਼ਿਆਦਾਤਰ ਸੈਨਿਕ ਹਨ। ਬਲੋਚ ਨੇ ਦੱਸਿਆ ਕਿ ਇਹ ਆਈ.ਈ.ਡੀ. ਸੜਕ ਕਿਨਾਰੇ ਖੜ੍ਹੀ ਇੱਕ ਕਾਰ ਵਿੱਚ ਰੱਖੀ ਗਈ ਸੀ ਅਤੇ ਇਸ ਨੂੰ ਦੂਰੋਂ ਹੀ ਧਮਾਕਾ ਕੀਤਾ ਗਿਆ। ਬਲੋਚਿਸਤਾਨ ਸੂਬੇ ਦੇ ਮੁੱਖ ਮੰਤਰੀ ਸਰਫਰਾਜ਼ ਬੁਗਤੀ ਨੇ ਹਮਲੇ ਦੀ ਨਿੰਦਾ ਕੀਤੀ ਹੈ। ਵੱਖਵਾਦੀ ਸੰਗਠਨ 'ਬਲੋਚ ਲਿਬਰੇਸ਼ਨ ਆਰਮੀ' (ਬੀ. ਐੱਲ. ਏ.) ਨੇ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ, ਪਰ ਉਸ ਨੇ ਮਰਨ ਵਾਲਿਆਂ ਦੀ ਗਿਣਤੀ ਜ਼ਿਆਦਾ ਦੱਸੀ ਹੈ। ਬੀਐਲਐਲ ਨੇ ਦਾਅਵਾ ਕੀਤਾ ਕਿ ਆਈਈਡੀ ਦੁਆਰਾ ਇੱਕ ਫੌਜੀ ਕਾਫਲੇ ਨੂੰ ਨਿਸ਼ਾਨਾ ਬਣਾਇਆ ਗਿਆ ਸੀ।