ਅਫਗਾਨਿਸਤਾਨ : ਫੌਜ ਦੇ ਟਿਕਾਣੇ ''ਤੇ ਕਾਰ ਬੰਬ ਧਮਾਕਾ, 12 ਦੀ ਮੌਤ

01/21/2019 2:52:45 PM

ਕਾਬੁਲ(ਵਾਰਤਾ)— ਅਫਗਾਨਿਸਤਾਨ ਦੇ ਪੂਰਬੀ ਸੂਬੇ ਵਰਦਕ ਦੀ ਰਾਜਧਾਨੀ ਮੈਦਾਨ ਸ਼ਰ 'ਚ ਸੋਮਵਾਰ ਨੂੰ ਅੱਤਵਾਦੀ ਸੰਗਠਨ ਤਾਲਿਬਾਨ ਨੇ ਅਫਗਾਨਿਸਤਾਨ ਵਿਸ਼ੇਸ਼ ਬਲ ਦੇ ਟਿਕਾਣੇ 'ਤੇ ਕਾਰ ਬੰਬ ਧਮਾਕੇ ਨੂੰ ਅੰਜਾਮ ਦਿੱਤਾ। ਸਥਾਨਕ ਅਧਿਕਾਰੀ ਮੁਤਾਬਕ ਕਾਰ ਬੰਬ ਧਮਾਕੇ ਮਗਰੋਂ ਗੋਲੀਬਾਰੀ ਸ਼ੁਰੂ ਹੋ ਗਈ। ਸੂਬੇ ਦੇ ਸਿਹਤ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀ ਹਮਲੇ 'ਚ 12 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 27 ਜ਼ਖਮੀ ਹੋ ਗਏ। ਫਿਲਹਾਲ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ।
ਸੂਤਰਾਂ ਮੁਤਾਬਕ, ''ਕਾਰ ਬੰਬ ਧਮਾਕਾ ਸ਼ਹਿਰ ਦੇ ਮੁੱਖ ਗੇਟ ਕੋਲ ਅੱਜ ਸਵੇਰੇ 8 ਵੱਜ ਕੇ 40 ਮਿੰਟ 'ਤੇ ਹੋਇਆ। ਪ੍ਰਭਾਵਿਤ ਹੋਏ ਲੋਕਾਂ ਬਾਰੇ ਅਜੇ ਜਾਣਕਾਰੀ ਨਹੀਂ ਮਿਲੀ ਪਰ ਇਨ੍ਹਾਂ ਦੀ ਗਿਣਤੀ ਕਾਫੀ ਹੋਣ ਦਾ ਖਦਸ਼ਾ ਹੈ।'' ਸੁਰੱਖਿਆ ਬਲਾਂ ਨੇ ਸਾਵਧਾਨੀ ਦੇ ਤੌਰ 'ਤੇ ਇਲਾਕੇ ਨੂੰ ਚਾਰੋ ਪਾਸਿਓਂ ਘੇਰ ਲਿਆ ਹੈ। ਧਮਾਕੇ ਮਗਰੋਂ ਇਲਾਕੇ 'ਚ ਕਾਲੇ ਧੂੰਏਂ ਦੇ ਗੁਬਾਰ ਦੇਖਣ ਨੂੰ ਮਿਲੇ। ਕਾਰ ਬੰਬ ਧਮਾਕੇ ਦੇ ਕੁਝ ਦੇਰ ਬਾਅਦ ਤਾਲਿਬਾਨ ਨੇ ਕਾਰ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ। ਤਾਲਿਬਾਨ ਦੇ ਬੁਲਾਰੇ ਜਬੀਉਲਾਹ ਮੁਜਾਹਿਦ ਨੇ ਸਥਾਨਕ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਤਾਲਿਬਾਨ ਨੇ ਇਕ ਕਾਰ ਬੰਬ ਨਾਲ ਸੁਰੱਖਿਆ ਫੌਜ ਦੇ ਅੱਡੇ 'ਤੇ ਧਾਵਾ ਬੋਲਿਆ ਅਤੇ ਹਥਿਆਰਬੰਦ ਅੱਤਵਾਦੀਆਂ ਦੇ ਦੂਜੇ ਸਮੂਹ ਨੇ ਇਸ ਦੇ ਬਾਅਦ ਤੁਰੰਤ ਹਮਲਾ ਬੋਲ ਦਿੱਤਾ।


Related News