ਤਾਲਿਬਾਨ ਦਾ ਜਨਮਦਾਤਾ ਹੈ ਪਾਕਿਸਤਾਨ, ਅਫਗਾਨਿਸਤਾਨ ਨਾਲ ਦੁਸ਼ਮਣੀ 74 ਸਾਲ ਪੁਰਾਣੀ
Thursday, Sep 09, 2021 - 11:20 AM (IST)
ਨਵੀਂ ਦਿੱਲੀ/ਇਸਲਾਮਾਬਾਦ (ਬਿਊਰੋ)– ਤਾਲਿਬਾਨ ਦੀ ਨੀਂਹ ਬ੍ਰਿਟਿਸ਼ ਸਾਮਰਾਜ ਦੌਰਾਨ ਅਫਗਾਨ-ਪਾਕਿਸਤਾਨ ਦੀ ਦੁਸ਼ਮਣੀ ’ਤੇ ਰੱਖੀ ਗਈ ਸੀ। ਜੇ ਤੱਥਾਂ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਇਕ ਤਸਵੀਰ ਸਾਹਮਣੇ ਆਉਂਦੀ ਹੈ ਕਿ ਤਾਲਿਬਾਨ ਨੂੰ ਜਨਮ ਦੇਣ ਵਾਲਾ ਪਾਕਿਸਤਾਨ ਹੀ ਹੈ। ਅਫਗਾਨਿਸਤਾਨ ਤੇ ਪਾਕਿਸਤਾਨ ਦੀ ਦੁਸ਼ਮਣੀ ਲਗਭਗ 74 ਸਾਲ ਪੁਰਾਣੀ ਹੈ। ਅਫਗਾਨਿਸਤਾਨ ਨੇ ਡੁਰੰਡ ਲਾਈਨ ਨੂੰ ਕੌਮਾਂਤਰੀ ਸਰਹੱਦ ਵਜੋੋਂ ਮਾਨਤਾ ਨਹੀਂ ਦਿੱਤੀ। ਅਫਗਾਨਿਸਤਾਨ ਪਾਕਿਸਤਾਨ ਨਾਲ ਲੱਗੀ ਸਰਹੱਦ ਅਤੇ ਸਿੰਧੂ ਨਦੀ ਤਕ ਦੇ ਕੁਝ ਇਲਾਕਿਆਂ ’ਤੇ ਆਪਣਾ ਦਾਅਵਾ ਕਰਦਾ ਰਿਹਾ ਹੈ। ਦੋਵਾਂ ਦੇਸ਼ਾਂ ਦਰਮਿਆਨ ਸਰਹੱਦ ਵਿਵਾਦ 19ਵੀਂ ਸਦੀ ਤੋਂ ਹੀ ਚੱਲ ਰਿਹਾ ਹੈ। ਬ੍ਰਿਟਿਸ਼ ਸਰਕਾਰ ਨੇ ਭਾਰਤ ਦੇ ਉੱਤਰੀ ਹਿੱਸਿਆਂ ’ਤੇ ਕੰਟਰੋਲ ਵਧਾਉਣ ਲਈ 1893 ਵਿਚ ਅਫਗਾਨਿਸਤਾਨ ਦੇ ਨਾਲ 2640 ਕਿ. ਮੀ. ਲੰਮੀ ਬਾਰਡਰ ਲਾਈਨ ਖਿੱਚੀ ਸੀ। ਇਹ ਸਮਝੌਤਾ ਬ੍ਰਿਟਿਸ਼ ਇੰਡੀਆ ਦੇ ਉਸ ਵੇਲੇ ਦੇ ਵਿਦੇਸ਼ ਸਕੱਤਰ ਸਰ ਮਾਰਟੀਮਰ ਡੁਰੰਡ ਤੇ ਅਮੀਰ ਅਬਦੁਰ ਰਹਿਮਾਨ ਖਾਨ ਦਰਮਿਆਨ ਕਾਬੁਲ ਵਿਚ ਹੋਇਆ ਸੀ। ਇਸੇ ਲਾਈਨ ਨੂੰ ਡੁਰੰਡ ਲਾਈਨ ਕਿਹਾ ਜਾਂਦਾ ਹੈ, ਜੋ ਪਸ਼ਤੂਨ ਇਲਾਕੇ ’ਚੋਂ ਲੰਘਦੀ ਹੈ। ਇਸੇ ਦੁਸ਼ਮਣੀ ਕਾਰਨ ਤਾਲਿਬਾਨ ਨੂੰ ਸੱਤਾ ਦਿਵਾਉਣ ਲਈ ਪਾਕਿਸਤਾਨ ਨੇ ਤਾਲਿਬਾਨੀਆਂ ਨਾਲ ਸਾਜ਼ਿਸ਼ਾਂ ਰਚ ਕੇ ਅਫਗਾਨਾਂ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਵਿਖਾਇਆ।
1970 ਤੋਂ ਤਾਲਿਬਾਨੀਆਂ ਦਾ ਸਾਥ ਦੇ ਰਿਹਾ ਹੈ ਪਾਕਿ
ਮੰਨਿਆ ਜਾਂਦਾ ਹੈ ਕਿ ਅਫਗਾਨਿਸਤਾਨ ਦੇ ਖੂਨ ਨਾਲ ਲੱਥਪੱਥ ਇਤਿਹਾਸ ਵਿਚ ਪਾਕਿਸਤਾਨ ਦੀ ਸਰਗਰਮ ਭੂਮਿਕਾ 1970 ਦੇ ਦਹਾਕੇ ਦੀ ਹੈ ਜਦੋਂ ਉਸ ਨੇ ਕਾਬੁਲ ਵਿਚ ਮੁਹੰਮਦ ਦਾਊਦ ਖਾਨ ਦੀ ਸਰਕਾਰ ਖਿਲਾਫ ਇਸਲਾਮਵਾਦੀਆਂ ਦਾ ਸਮਰਥਨ ਕਰਨਾ ਸ਼ੁਰੂ ਕੀਤਾ ਸੀ। 1990 ਦੇ ਦਹਾਕੇ ਦੇ ਅੱਧ ਵਿਚ ਤਾਲਿਬਾਨ ਦੇ ਪਾਕਿਸਤਾਨ ਨਾਲ ਗੂੜ੍ਹੇ ਸਬੰਧ ਸਨ। ਕੰਧਾਰ ’ਚ ਸੰਗਠਨ ਦੀ ਸਥਾਪਨਾ ਵੇਲੇ ਆਈ. ਐੱਸ. ਆਈ. ਨੇ ਮੁੱਲਾ ਉਮਰ ਦਾ ਸਮਰਥਨ ਕੀਤਾ ਸੀ। ਪਾਕਿਸਤਾਨ ਨੇ 1980 ਦੇ ਦਹਾਕੇ ਵਿਚ ਆਪਣੇ ਇਕ ਟਰੇਨਿੰਗ ਕੈਂਪ ਵਿਚ ਸੋਵੀਅਤ ਕਬਜ਼ੇ ਖਿਲਾਫ ਲੜਾਈ ਲੜਨ ਵਾਲੇ ਮੁਜਾਹਿਦੀਨ ਉਮਰ ਨੂੰ ਪਹਿਲਾਂ ਵੀ ਸਿਖਲਾਈ ਦਿੱਤੀ ਸੀ। ਤਾਲਿਬਾਨ ਨੇ ਵਾਅਦਾ ਕੀਤਾ ਸੀ ਕਿ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਪਸ਼ਤੂਨ ਖੇਤਰਾਂ ਵਿਚ ਸ਼ਾਂਤੀ ਤੇ ਸੁਰੱਖਿਆ ਬਹਾਲ ਕਰਾਂਗੇ ਅਤੇ ਇਕ ਵਾਰ ਸੱਤਾ ’ਚ ਆਉਣ ਤੋਂ ਬਾਅਦ ਸ਼ਰੀਆ ਜਾਂ ਇਸਲਾਮੀ ਕਾਨੂੰਨ ਦੇ ਸਖਤ ਰੂਪ ਨੂੰ ਲਾਗੂ ਕਰਾਂਗੇ।
ਪਾਕਿ ਦੀ ਸਾਜ਼ਿਸ਼ ਨੇ ਡੇਗੀ ਅਫਗਾਨਿਸਤਾਨ ਦੀ ਸੱਤਾ
ਜਾਣਕਾਰਾਂ ਦਾ ਮੰਨਣਾ ਹੈ ਕਿ ਅਫਗਾਨਿਸਤਾਨ ਵਿਚ ਸੱਤਾ ਹਥਿਆਉਣ ਲਈ ਤਾਲਿਬਾਨ ਦੀ ਮਦਦ ਕਰਨ ’ਚ ਪਾਕਿਸਤਾਨ ਦੀ ਭੂਮਿਕਾ ਰਹੀ ਹੈ। ਅਫਗਾਨਿਸਤਾਨ ਵਿਚ ਭੇਜੇ ਗਏ ਪਾਕਿਸਤਾਨੀ ਫੌਜ ਵਲੋਂ ਸਿਖਲਾਈ ਪ੍ਰਾਪਤ ਅੱਤਵਾਦੀਆਂ ਦੀ ਪਛਾਣ ਦੇ ਖੁਲਾਸੇ ਪਿੱਛੋਂ ਇਹ ਸਪੱਸ਼ਟ ਹੋ ਚੁੱਕਾ ਹੈ। ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਪਾਕਿਸਤਾਨ ਨੇ ਜ਼ਖਮੀ ਲਸ਼ਕਰ-ਏ-ਤੋਇਬਾ ਅਤੇ ਹੋਰ ਅੱਤਵਾਦੀਆਂ ਲਈ ਆਰਜ਼ੀ ਹਸਪਤਾਲ ਵੀ ਸਥਾਪਤ ਕੀਤੇ। ਪਾਕਿਸਤਾਨ ਦੇ ਵੱਖ-ਵੱਖ ਜ਼ਿਲਿਆਂ ਤੋਂ ਫੌਜ ਵਲੋਂ ਨੌਜਵਾਨਾਂ ਨੂੰ ਤਾਲਿਬਾਨ ਦੇ ਜੰਗੀ ਮਿਸ਼ਨ ਵਿਚ ਸ਼ਾਮਲ ਹੋਣ ਲਈ ਮਜਬੂਰ ਕਰਨ ਦੀਆਂ ਖਬਰਾਂ ਵੀ ਆਉਂਦੀਆਂ ਰਹੀਆਂ ਹਨ। ਅਫਗਾਨਿਸਤਾਨ ’ਤੇ ਜਦੋਂ ਤਾਲਿਬਾਨ ਦਾ ਕਬਜ਼ਾ ਸੀ ਤਾਂ ਪਾਕਿਸਤਾਨ ਦੁਨੀਆ ਦੇ ਉਨ੍ਹਾਂ 3 ਦੇਸ਼ਾਂ ਵਿਚ ਸ਼ਾਮਲ ਸੀ ਜਿਸ ਨੇ ਤਾਲਿਬਾਨ ਸਰਕਾਰ ਨੂੰ ਮਾਨਤਾ ਦਿੱਤੀ ਸੀ। ਪਾਕਿਸਤਾਨ ਤੋਂ ਇਲਾਵਾ ਸਾਊਦੀ ਅਰਬ ਤੇ ਸੰਯੁਕਤ ਅਰਬ ਅਮੀਰਾਤ ਨੇ ਵੀ ਤਾਲਿਬਾਨ ਸਰਕਾਰ ਨੂੰ ਸਵੀਕਾਰ ਕੀਤਾ ਸੀ।
ਤਾਲਿਬਾਨੀਆਂ ਦੀ ਸਿੱਖਿਆ ਪਾਕਿਸਤਾਨੀ ਮਦਰੱਸਿਆਂ ’ਚ
ਪਾਕਿਸਤਾਨ ਨੇ ਵਾਰ-ਵਾਰ ਇਸ ਗੱਲੋਂ ਇਨਕਾਰ ਕੀਤਾ ਹੈ ਕਿ ਉਹ ਤਾਲਿਬਾਨ ਦੀ ਸੱਤਾ ਦਾ ਸੂਤਰਧਾਰ ਸੀ, ਜਦੋਂਕਿ ਕਈ ਅਫਗਾਨ ਜੋ ਸ਼ੁਰੂ ਵਿਚ ਅੰਦੋਲਨ ’ਚ ਸ਼ਾਮਲ ਹੋਏ ਸਨ, ਉਨ੍ਹਾਂ ਦੀ ਸਿੱਖਿਆ ਪਾਕਿਸਤਾਨ ਦੇ ਮਦਰੱਸਿਆਂ ਵਿਚ ਪੂਰੀ ਹੋਈ ਸੀ। ਪਾਕਿਸਤਾਨ ਤਾਲਿਬਾਨੀ ਲੀਡਰਸ਼ਿਪ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਸੁਰੱਖਿਅਤ ਪਨਾਹ ਦੇਣ ’ਚ ਬਹੁਤ ਅੱਗੇ ਨਿਕਲ ਗਿਆ ਸੀ। ਇਸ ਵਿਚ ਸਿਖਲਾਈ, ਹਥਿਆਰ, ਮਾਹਿਰ ਅਤੇ ਪੈਸਾ ਉਗਰਾਹੁਣ ’ਚ ਮਦਦ ਸ਼ਾਮਲ ਸੀ। ਅਜਿਹੇ ਪਾਕਿਸਤਾਨੀ ਸਲਾਹਕਾਰ ਤਾਲਿਬਾਨ ਨਾਲ ਅਫਗਾਨਿਸਤਾਨ ਅੰਦਰ ਮਿਸ਼ਨ ’ਤੇ ਜਾਂਦੇ ਸਨ। ਆਈ. ਐੱਸ. ਆਈ. ਖਾਸ ਤੌਰ ’ਤੇ ਤਾਲਿਬਾਨ ਵਿਚ ਹੱਕਾਨੀ ਨੈੱਟਵਰਕ ਦੇ ਨੇੜੇ ਹੈ।
ਭਾਰਤ ਸਾਹਮਣੇ ਇੰਝ ਪੈਦਾ ਹੋ ਸਕਦੀ ਹੈ ਮੁਸ਼ਕਲ ਸਥਿਤੀ
ਪਿਛਲੇ ਕੁਝ ਸਾਲਾਂ ਵਿਚ ਪਾਕਿਸਤਾਨ ਤੇ ਭਾਰਤ ਦੇ ਰਿਸ਼ਤਿਆਂ ਵਿਚ ਆਈ ਕੜਵਾਹਟ ਦਾ ਅਸਰ ਸਾਰਕ ’ਤੇ ਵੀ ਸਿੱਧੇ ਤੌਰ ’ਤੇ ਪਿਆ ਹੈ। ਕੋਵਿਡ ਮਹਾਮਾਰੀ ਦੌਰਾਨ ਵੀ ਭਾਰਤ ਨੇ ਸਾਰਕ ਦੇਸ਼ਾਂ ਨੂੰ ਇਕ ਮੰਚ ’ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਸੀ। ਅਫਗਾਨਿਸਤਾਨ ਸਬੰਧੀ ਜੋ ਸ਼ੱਕ ਸਾਰਕ ਸਾਹਮਣੇ ਪੈਦਾ ਹੋਵੇਗਾ, ਉਹੀ ਸੰਯੁਕਤ ਰਾਸ਼ਟਰ ਦੇ ਸਾਹਮਣੇ ਵੀ ਹੋਵੇਗਾ। ਤਾਲਿਬਾਨ ਦਾ ਬੀਤਿਆ ਸਮਾਂ ਕਾਫੀ ਹਿੰਸਕ ਰਿਹਾ ਹੈ। ਮਨੱਖੀ ਅਧਿਕਾਰਾਂ ਦੀ ਸੰਗੀਨ ਉਲੰਘਣਾ, ਆਤਮਘਾਤੀ ਹਮਲਾਵਰ ਅਤੇ ਕਈ ਤਰ੍ਹਾਂ ਦੇ ਹਮਲਿਆਂ ਵਿਚ ਸ਼ਾਮਲ ਹੋਣ ਕਾਰਨ ਸਥਿਤੀ ਗੁੰਝਲਦਾਰ ਹੋ ਗਈ ਹੈ। ਸੰਯੁਕਤ ਰਾਸ਼ਟਰ ਨੇ ਵੀ ਆਪਣੇ ਸਾਰੇ ਕਰਮਚਾਰੀਆਂ ਨੂੰ ਵਾਪਸ ਸੱਦ ਲਿਆ ਹੈ ਅਤੇ ਸਾਰੀਆਂ ਸਰਗਰਮੀਆਂ ਬੰਦ ਕਰ ਦਿੱਤੀਆਂ ਹਨ। ਭਾਰਤ ਲਈ ਚੁਣੌਤੀ ਉਸ ਵੇਲੇ ਹੋਵੇਗੀ ਜਦੋਂ ਪਾਕਿਸਤਾਨ ਤਾਲਿਬਾਨ ਨੂੰ ਪ੍ਰਤੀਨਿਧੀ ਵਜੋਂ ਸੱਦਣ ’ਤੇ ਅੜ ਜਾਵੇਗਾ। ਮਾਹਿਰ ਮੰਨਦੇ ਹਨ ਕਿ ਇਸ ਲਾਈਨ ’ਤੇ ਸਾਰਕ ’ਚ ਬੜੀ ਗੁੰਝਲਦਾਰ ਸਥਿਤੀ ਪੈਦਾ ਹੋ ਸਕਦੀ ਹੈ।
ਪਾਕਿਸਤਾਨ ਤੇ ਤਾਲਿਬਾਨ ਮਨਾ ਰਿਹਾ ਹੈ ਜਿੱਤ ਦਾ ਜਸ਼ਨ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਾਬੁਲ ਵਿਚ ਤਾਲਿਬਾਨ ਦੇ ਕਬਜ਼ੇ ਨੂੰ ਤਾਲਿਬਾਨ ਲੜਾਕਿਆਂ ਵਲੋਂ ਪੱਛਮ ਦੀ ‘ਗੁਲਾਮੀ ਦੇ ਬੰਧਨਾਂ ਨੂੰ ਤੋੜਨਾ’ ਕਰਾਰ ਦਿੱਤਾ ਹੈ। ਜੇ. ਯੂ. ਆਈ.-ਐੱਫ. ਪਾਰਟੀ ਦੇ ਨੇਤਾ ਮੌਲਾਨਾ ਫਜਲੁਰ ਰਹਿਮਾਨ ਨੇ ਅਫਗਾਨ ਤਾਲਿਬਾਨ ਦੇ ਮੁਖੀ ਮੁੱਲਾ ਹੈਬਤੁੱਲਾ ਅਖੁੰਦਜ਼ਾਦਾ ਨੂੰ ਚਿੱਠੀ ਲਿਖੀ ਹੈ, ਜਿਸ ਵਿਚ ਉਨ੍ਹਾਂ ਨੂੰ ਜਿੱਤ ਦੀ ਵਧਾਈ ਦਿੱਤੀ ਗਈ ਹੈ। ਦੂਜੀ ਸਭ ਤੋਂ ਵੱਡੀ ਇਸਲਾਮੀ ਪਾਰਟੀ ਜਮਾਤ-ਏ-ਇਸਲਾਮੀ ਦੇ ਨੇਤਾ ਅਤੇ ਇਕ ਸਾਬਕਾ ਸੀਨੇਟਰ ਸਿਰਾਜ-ਯੂ-ਹਕ ਨੇ ਵੀ ਤਾਲਿਬਾਨ ਦੀ ਵਾਪਸੀ ’ਤੇ ਖੁਸ਼ੀ ਪ੍ਰਗਟ ਕੀਤੀ ਹੈ।