ਬਰਮਿੰਘਮ : ਪੁਲਸ ਵੱਲੋਂ ਸਿੱਖ ਵਿਅਕਤੀ ਦੀ ਪੱਗ ਜ਼ਬਰਦਸਤੀ ਉਤਾਰਨ ਦੇ ਮਾਮਲੇ ਦੀ ਜਾਂਚ ਸ਼ੁਰੂ
Monday, Nov 01, 2021 - 04:47 PM (IST)
ਗਲਾਸਗੋ/ਬਰਮਿੰਘਮ (ਮਨਦੀਪ ਖੁਰਮੀ ਹਿੰਮਤਪੁਰਾ)-ਯੂ. ਕੇ. ਦੇ ਸ਼ਹਿਰ ਬਰਮਿੰਘਮ ’ਚ ਪੁਲਸ ਵੱਲੋਂ ਇਕ ਸਿੱਖ ਵਿਅਕਤੀ ਦੀ ਪੱਗ ਜ਼ਬਰਦਸਤੀ ਉਤਾਰਨ ਦੇ ਮਾਮਲੇ ’ਚ ਜਾਂਚ ਸ਼ੁਰੂ ਕੀਤੀ ਗਈ ਹੈ। ਇਸ ਮਾਮਲੇ ’ਚ ਵੈਸਟ ਮਿਡਲੈਂਡਜ਼ ਪੁਲਸ ਵਿਰੁੱਧ ਸ਼ਿਕਾਇਤ ਕੀਤੇ ਜਾਣ ਤੋਂ ਬਾਅਦ ਪੁਲਸ ਆਚਰਣ ਲਈ ਸੁਤੰਤਰ ਦਫਤਰ (IOPC) ਨੇ ਜਾਂਚ ਦਾ ਐਲਾਨ ਕੀਤਾ ਹੈ। ਇਹ ਜਾਂਚ ਸੋਮਵਾਰ ਦੁਪਹਿਰ ਨੂੰ ਬਰਮਿੰਘਮ ਸਿਟੀ ਸੈਂਟਰ ਦੇ ਬਾਹਰ ਪੈਰੀ ਬਾਰ ਕਸਟਡੀ ਸੂਟ ’ਚ ਹੋਈ ਇਕ ਘਟਨਾ ਤੋਂ ਬਾਅਦ ਸ਼ੁਰੂ ਕੀਤੀ ਗਈ ਹੈ। ਇਕ ਸਿੱਖ ਵਿਅਕਤੀ ਨਾਲ ਵਾਪਰੀ ਜ਼ਬਰਦਸਤੀ ਪੱਗ ਉਤਾਰਨ ਦੀ ਘਟਨਾ ਦੇ ਸਬੰਧ ’ਚ ਪੁਲਸ ਅਧਿਕਾਰੀਆਂ ਅਨੁਸਾਰ ਅਧਿਕਾਰੀ ਦੀਆਂ ਕਾਰਵਾਈਆਂ 'ਤੇ ਨਸਲੀ ਭੇਦਭਾਵ ਤੋਂ ਪ੍ਰੇਰਿਤ ਹੋਣ ਦਾ ਦੋਸ਼ ਲਗਾਇਆ ਗਿਆ ਸੀ। ਵੈਸਟ ਮਿਡਲੈਂਡਜ਼ ਪੁਲਸ ਅਤੇ ਆਈ. ਓ. ਪੀ. ਸੀ. ਅਨੁਸਾਰ ਇਸ ਸਬੰਧੀ ਸੋਸ਼ਲ ਮੀਡੀਆ ’ਤੇ ਪਾਈ ਇਕ ਗ਼ਲਤ ਵੀਡੀਓ ’ਚ ਕਿਹਾ ਗਿਆ ਹੈ ਕਿ ਇਕ ਵਿਅਕਤੀ ਦੀ ਪੱਗ ਸਟੇਸ਼ਨ ’ਤੇ ਜ਼ਬਰਦਸਤੀ ਉਤਾਰ ਦਿੱਤੀ ਗਈ, ਜਦਕਿ ਪੁਲਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਵੀਡੀਓ ਦਾ ਇਸ ਘਟਨਾ ਨਾਲ ਕੋਈ ਸਬੰਧ ਨਹੀਂ ਹੈ।
ਇਹ ਵੀ ਪੜ੍ਹੋ : ਜੀ-20 ਸਿਖ਼ਰ ਸੰਮੇਲਨ ’ਚ ਵਿਸ਼ਵ ਪੱਧਰੀ ਮਹੱਤਵਪੂਰਨ ਮੁੱਦਿਆਂ ’ਤੇ ਹੋਈ ਸਾਰਥਿਕ ਚਰਚਾ : PM ਮੋਦੀ
ਅਧਿਕਾਰੀਆਂ ਅਨੁਸਾਰ ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਹਿਰਾਸਤ ’ਚ ਇਕ ਵਿਅਕਤੀ ਨੂੰ ਤਲਾਸ਼ੀ ਲਈ ਉਸ ਦਾ ਪਟਕਾ ਹਟਾਉਣ ਲਈ ਕਿਹਾ ਗਿਆ ਸੀ। ਇਸ ਦੌਰਾਨ ਇਕ ਨਿੱਜੀ ਕਮਰੇ ’ਚ ਇਕ ਅਧਿਕਾਰੀ ਵੱਲੋਂ ਤਲਾਸ਼ੀ ਲੈਣ ਦੇ ਮੰਤਵ ਨਾਲ ਪੱਗ ਨੂੰ ਹਟਾ ਦਿੱਤਾ ਗਿਆ ਸੀ। ਅਧਿਕਾਰੀਆਂ ਅਨੁਸਾਰ ਇਸ ਦੌਰਾਨ ਪੱਗ ਫਰਸ਼ ’ਤੇ ਡਿੱਗ ਗਈ ਸੀ ਪਰ ਪੱਗ ਨੂੰ ਤੁਰੰਤ ਚੱਕ ਲਿਆ ਗਿਆ ਸੀ। ਇਸ ਵਿਅਕਤੀ ਨਾਲ ਅਧਿਕਾਰੀ ਦੀ ਗੱਲਬਾਤ ਦੀਆਂ ਸਾਰੀਆਂ ਸੀ. ਸੀ. ਟੀ. ਵੀ. ਫੁਟੇਜ ਨੂੰ ਜੋੜ ਕੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ । ਆਈ. ਓ. ਪੀ. ਸੀ. ਦੇ ਖੇਤਰੀ ਨਿਰਦੇਸ਼ਕ ਡੇਰਿਕ ਕੈਂਪਬੈਲ ਅਨੁਸਾਰ ਇਸ ਘਟਨਾ ਨੇ ਸਥਾਨਕ ਭਾਈਚਾਰੇ ਦੇ ਅੰਦਰ ਬੇਚੈਨੀ ਪੈਦਾ ਕੀਤੀ ਹੈ ਅਤੇ ਇਸ ਮਾਮਲੇ ਦੀ ਪੂਰੀ ਤਰ੍ਹਾਂ ਤੇ ਸੁਤੰਤਰ ਤੌਰ ’ਤੇ ਜਾਂਚ ਕੀਤੀ ਜਾਵੇਗੀ।