ਅਮਰੀਕਾ 'ਚ ਹੀਟਵੇਵ ਦਾ ਕਹਿਰ ! 4 ਕਰੋੜ ਲੋਕਾਂ ਲਈ ਚੇਤਾਵਨੀ ਜਾਰੀ
Monday, Jul 27, 2026 - 09:48 AM (IST)
ਨਿਊਯਾਰਕ (ਏਪੀ) ਅਮਰੀਕਾ ਦੇ ਮੱਧ ਅਤੇ ਦੱਖਣੀ ਹਿੱਸਿਆਂ ਵਿੱਚ ਐਤਵਾਰ ਨੂੰ ਲਗਾਤਾਰ ਦੂਜੇ ਦਿਨ ਵੀ ਤੇਜ਼ ਗਰਮੀ ਅਤੇ ਹੁਮਸ ਦਾ ਕਹਿਰ ਜਾਰੀ ਰਿਹਾ। ਇਸ ਦੌਰਾਨ ਅਮਰੀਕਾ ਵਿੱਚ 4 ਕਰੋੜ ਤੋਂ ਵੱਧ ਲੋਕ ਉਨ੍ਹਾਂ ਇਲਾਕਿਆਂ ਵਿੱਚ ਰਹਿ ਰਹੇ ਹਨ, ਜਿੱਥੇ ਅਧਿਕਾਰੀਆਂ ਨੇ ਅਤਿਅੰਤ ਗਰਮੀ ਦੀਆਂ ਚੇਤਾਵਨੀਆਂ ਜਾਰੀ ਕੀਤੀਆਂ ਹਨ। ਰਾਸ਼ਟਰੀ ਮੌਸਮ ਸੇਵਾ (ਐਨਡਬਲਯੂਐਸ) ਦੇ ਅਨੁਸਾਰ ਹੀਟ ਇੰਡੈਕਸ ਮਤਲਬ ਗਰਮੀ ਸੂਚਕਾਂਕ (ਮਨੁੱਖੀ ਸਰੀਰ ਦੁਆਰਾ ਮਹਿਸੂਸ ਕੀਤਾ ਗਿਆ ਅਸਲ ਤਾਪਮਾਨ) 38 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਗਿਆ। ਇਹ ਪ੍ਰਭਾਵ ਮਿਨੀਸੋਟਾ ਤੋਂ ਮਿਸੀਸਿਪੀ ਤੱਕ ਅਤੇ ਪੱਛਮ ਵਿੱਚ ਦੱਖਣੀ ਕੈਲੀਫੋਰਨੀਆ ਅਤੇ ਨੇਵਾਡਾ ਤੱਕ ਮਹਿਸੂਸ ਕੀਤਾ ਗਿਆ ਸੀ। ਦੱਖਣ-ਪੱਛਮੀ ਅਮਰੀਕਾ ਦੇ ਕੁਝ ਹਿੱਸਿਆਂ ਵਿੱਚ ਤਾਪਮਾਨ 49 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਉਮੀਦ ਹੈ।
ਮੌਸਮ ਵਿਗਿਆਨੀਆਂ ਨੇ ਕਿਹਾ ਕਿ ਇਹ ਤੇਜ਼ ਗਰਮੀ "ਹੀਟ ਡੋਮ" ਕਾਰਨ ਪੈ ਰਹੀ ਹੈ। ਇਸ ਸਥਿਤੀ ਵਿੱਚ, ਉੱਚ ਹਵਾ ਦਾ ਦਬਾਅ ਇੱਕ ਵੱਡੇ ਖੇਤਰ ਉੱਤੇ ਇੱਕ ਗੁੰਬਦ ਵਰਗਾ ਢਾਂਚਾ ਬਣਾਉਂਦਾ ਹੈ, ਜੋ ਗਰਮ ਹਵਾ ਨੂੰ ਬਾਹਰ ਨਿਕਲਣ ਤੋਂ ਰੋਕਦਾ ਹੈ। ਇਸ ਕਾਰਨ ਤਾਪਮਾਨ ਵਧਦਾ ਹੈ ਅਤੇ ਤੀਬਰ ਗਰਮੀ ਕਈ ਦਿਨਾਂ ਤੱਕ ਬਣੀ ਰਹਿੰਦੀ ਹੈ। ਨੇਬਰਾਸਕਾ ਦੇ ਓਮਾਹਾ ਵਿੱਚ ਬੇਘਰਾਂ ਲੋਕਾਂ ਲਈ ਕੰਮ ਕਰਨ ਵਾਲੀ ਸੰਸਥਾ ਥ੍ਰੈਸ਼ਹੋਲਡ ਸੀਓਸੀ ਦੇ ਆਊਟਰੀਚ ਮੈਨੇਜਰ ਪੀਟ ਮਿਲਰ ਨੇ ਐਤਵਾਰ ਨੂੰ ਪਾਣੀ ਦੀਆਂ ਬੋਤਲਾਂ ਵੰਡਦੇ ਹੋਏ ਕਿਹਾ,"ਗਰਮੀ ਬਹੁਤ ਜ਼ਿਆਦਾ ਤੇਜ਼ ਹੈ। ਅਸੀਂ ਬਹੁਤ ਸਾਰੇ ਲੋਕਾਂ ਨੂੰ ਦੇਖ ਰਹੇ ਹਾਂ ਜੋ ਪੂਰੀ ਤਰ੍ਹਾਂ ਥੱਕ ਚੁੱਕੇ ਹਨ ਅਤੇ ਇਹ ਸਥਿਤੀ ਬਹੁਤ ਖ਼ਤਰਨਾਕ ਹੈ।"
ਐਨਡਬਲਯੂਐਸ ਮੌਸਮ ਵਿਗਿਆਨੀ ਬੌਬ ਓਰਾਵੇਕ ਨੇ ਕਿਹਾ, "ਇਸ ਵੇਲੇ ਗਰਮੀ ਮੱਧ ਸੰਯੁਕਤ ਰਾਜ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰ ਰਹੀ ਹੈ। ਅਗਲੇ ਹਫ਼ਤੇ ਦੇ ਸ਼ੁਰੂ ਤੱਕ, ਗਰਮੀ ਦਾ ਮੁੱਖ ਕੇਂਦਰ ਦੱਖਣ ਵੱਲ ਤਬਦੀਲ ਹੋ ਜਾਵੇਗਾ।" ਉਨ੍ਹਾਂ ਕਿਹਾ ਕਿ ਮੱਧ ਅਮਰੀਕਾ ਦੇ ਕੁਝ ਹਿੱਸਿਆਂ ਨੂੰ ਹਫ਼ਤੇ ਦੇ ਅੱਧ ਤੱਕ ਗਰਮੀ ਤੋਂ ਕੁਝ ਅਸਥਾਈ ਰਾਹਤ ਮਿਲ ਸਕਦੀ ਹੈ, ਪਰ ਹਫਤੇ ਦੇ ਅੰਤ ਤੱਕ ਤਾਪਮਾਨ ਦੁਬਾਰਾ ਵਧਣ ਦੀ ਉਮੀਦ ਹੈ। ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਬੱਚਿਆਂ, ਬਜ਼ੁਰਗਾਂ ਅਤੇ ਕੁਝ ਡਾਕਟਰੀ ਸਥਿਤੀਆਂ ਵਾਲੇ ਲੋਕਾਂ ਨੂੰ ਗਰਮੀ ਦੀ ਲਹਿਰ ਤੋਂ ਬਚਣ ਦੀ ਲੋੜ ਹੈ। ਮਾਹਿਰਾਂ ਨੇ ਲੋਕਾਂ ਨੂੰ ਏਅਰ-ਕੰਡੀਸ਼ਨਡ ਥਾਵਾਂ ਜਾਂ ਕੂਲਿੰਗ ਸੈਂਟਰਾਂ ਵਿੱਚ ਰਹਿਣ, ਬਹੁਤ ਸਾਰਾ ਪਾਣੀ ਪੀਣ ਅਤੇ ਤੇਜ਼ ਧੁੱਪ ਦੇ ਲੰਬੇ ਸਮੇਂ ਤੱਕ ਸੰਪਰਕ ਤੋਂ ਬਚਣ ਦੀ ਸਲਾਹ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
